ਸੁਖਜਿੰਦਰ ਮਾਨ
ਬਠਿੰਡਾ, 17 ਮਈ: ਅੱਜ ਸਥਾਨਕ ਸ਼ਹਿਰ ਦੇ ਮੁਲਤਾਨੀਆ ਰੋਡ ’ਤੇ ਸਥਿਤ ਡੀ ਡੀ ਮਿੱਤਲ ਟਾਵਰ ਵਿਚ ਗੁਟਕਾ ਸਾਹਿਬ ਦੇ ਕੁਝ ਅੰਗ ਅਤੇ ਕੁਝ ਹੋਰ ਧਾਰਮਕ ਪੁਸਤਕਾਂ ਦੇ ਪੰਨੇ ਖਿੱਲਰੇ ਹੋਏ ਮਿਲਣ ’ਤੇ ਸਿੱਖ ਸੰਗਤਾਂ ਵਿਚ ਰੋਸ਼ ਫੈਲ ਗਿਆ। ਹਾਲਾਂਕਿ ਘਟਨਾ ਦਾ ਪਤਾ ਲੱਗਦੇ ਹੀ ਉਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਪੁੱਜੀ ਭਾਰੀ ਗਿਣਤੀ ਵਿਚ ਪੁਲਿਸ ਫ਼ੋਰਸ ਨੇ ਸ੍ਰੀ ਗੁਟਕਾ ਸਾਹਿਬ ਦੇ ਅੰਗਾਂ ਨੂੰ ਆਪਣੇ ਕਬਜੇ ਵਿੱਚ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਇਸ ਟਾਵਰ ਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਇਹ ਇਸ ਟਾਵਰ ਅੰਦਰ ਰਹਿਣ ਵਾਲੇ ਹੀ ਕਿਸੇ ਦੀ ਸ਼ਰਾਰਤ ਲੱਗਦੀ ਹੈ ਜੋ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਇਸ ਮੌਕੇ ਪੁੱਜੇ ਹੋਏ ਗੁਰਦੁਆਰਾ ਸ੍ਰੀ ਗੁਰੂ ਹਾਜੀ ਰਤਨ ਸਾਹਿਬ ਦੇ ਮੈਨੇਜਰ ਸੁਬੇਗ ਸਿੰਘ ਨੇ ਪੁਲਿਸ ਅਧਿਕਾਰੀਆਂ ਕੋਲੋ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਰੱਖੀ। ਉਧਰ ਇਸ ਟਾਵਰ ਚ ਰਹਿਣ ਵਾਲੀ ਇਂੱਕ ਔਰਤ ਨੇ ਦਸਿਆ ਕਿ ਉਹ ਸਵੇਰੇ ਆਪਣੇ ਬੱਚੇ ਨੂੰ ਸਕੂਲ ਛੱਡਣ ਜਾ ਰਹੀ ਸੀ ਤਾਂ ਦੇਖਿਆ ਕਿ ਗੁਟਕਾ ਸਾਹਿਬ ਦੇ ਕੁਝ ਅੰਗ ਖਿੱਲਰੇ ਹੋਏ ਸਨ ਪ੍ਰੰਤੂ ਜਦ ਵਾਪਸ ਆਈ ਤਾਂ ਉਥੇ ਹੋਰ ਵੀ ਬਹੁਤ ਸਾਰੇ ਅੰਗ ਖਿੱਲਰੇ ਹੋਏ ਸਨ। ਦੂਜੇ ਪਾਸੇ ਬਠਿੰਡਾ ਪੁਲੀਸ ਦੇ ਡੀਐੱਸਪੀ ਸਿਟੀ ਟੂ ਚਰਨਜੀਵ ਲਾਂਬਾ ਦਾ ਕਹਿਣਾ ਹੈ ਕਿ ਇਹ ਕਿਸੇ ਦੀ ਸਾਜਿਸ਼ ਲੱਗਦੀ ਹੈ ਤੇ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਜਿਸਦੇ ਚੱਲਦੇ ਉਨ੍ਹਾਂ ਵਿਰੁਧ ਸਖਤੀ ਨਾਲ ਕਾਰਵਾਈ ਕਰਾਂਗੇ।
Share the post "ਬਠਿੰਡਾ ’ਚ ਗੁਟਕਾ ਸਾਹਿਬ ਦੀ ਬੇਅਦਬੀ ਨੂੰ ਲੈ ਸਿੱਖ ਸੰਗਤਾਂ ’ਚ ਪੈਦਾ ਹੋਇਆ ਰੋਸ਼"