ਸੁਖਜਿੰਦਰ ਮਾਨ
ਬਠਿੰਡਾ, 13 ਜੁਲਾਈ: ਤਨਖਾਹਾਂ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ ਹੇਠ ਪੀਆਰਟੀਸੀ ਕਾਮਿਆਂ ਵਲੋਂ ਬਠਿੰਡਾ ਬੱਸ ਅੱਡੇ ਨੂੰ ਦੋ ਘੰਟੇ ਲਈ ਬੰਦ ਕਰਕੇ ਜਾਮ ਲਗਾਇਆ ਗਿਆ। ਇਸ ਮੌਕੇ ਪ੍ਰਾਈਵੇਟਾਂ ਬੱਸਾਂ ਸੜਕ ’ਤੇ ਹੀ ਖੜੀਆਂ ਕੀਤੀਆਂ ਗਈਆਂ, ਜਿਸ ਕਾਰਨ ਆਮ ਰਾਹਗੀਰਾਂ ਦੇ ਨਾਲ-ਨਾਲ ਸਵਾਰੀਆਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸਤੋਂ ਇਲਾਵਾ ਸ਼ਹਿਰ ਦੇ ਕਈ ਹਿੱਸਿਆਂ ਵਿਚ ਵੀ ਟਰੈਫ਼ਿਕ ਜਾਮ ਵਰਗੀ ਸਥਿਤੀ ਹੋ ਗਈ। ਇਸ ਦੌਰਾਨ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਰਦਸ਼ਨ ਕੀਤਾ ਤੇ ਦੋਸ਼ ਲਗਾਇਆ ਕਿ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਨਾਅਰਾ ਦੇ ਕੇ ਹੋਂਦ ਵਿਚ ਆਈ ਆਪ ਸਰਕਾਰ ਦੇ ਗਠਨ ਤੋਂ ਬਾਅਦ ਕੱਚੇ ਕਾਮਿਆਂ ਨੂੰ ਮਿਲਦੀਆਂ ਨਿਗੂੁਣੀਆਂ ਤਨਖ਼ਾਹਾਂ ਲੈਣ ਲਈ ਹਰ ਮਹੀਨੇ ਸੰਘਰਸ਼ ਕਰਨਾ ਪੈਂਦਾ ਹੈ। ਇਸ ਮੌਕੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਤੇ ਆਗੂ ਮਨਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ‘ਆਪ‘ ਸਰਕਾਰ ਮੁਲਾਜਮਾਂ ਨਾਲ ਕੀਤੇ ਵਾਅਦਿਆਂ ਨੂੰ ਪੂੁਰਾ ਕਰਨ ਵਿਚ ਅਸਫ਼ਲ ਰਹੀਂ ਹੈ। ਉਨ੍ਹਾਂ ਇਸ ਮੌਕੇ ਮੰਗ ਕੀਤੀ ਕਿ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਸੰਘਰਸ਼ ਦੌਰਾਨ ਕੱਢੇ ਮੁਲਾਜ਼ਮਾਂ ਨੂੰ ਮੁੜ ਬਹਾਲ ਕੀਤਾ ਜਾਵੇ, ਮੁਲਾਜ਼ਮਾਂ ਨੂੰ ਬਰਾਬਰ ਕੰਮ ਤੇ ਬਰਾਬਰ ਤਨਖਾਹਾਂ ਦਿੱਤੀਆਂ ਜਾਣ, ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨ ਤੋਂ ਇਲਾਵਾ ਠੇਕਾ ਭਰਤੀ ਬੰਦ ਕਰਕੇ ਰੈਗੂਲਰ ਮੁਲਾਜਮ ਭਰਤੀ ਕੀਤੇ ਜਾਣ।
Share the post "ਬਠਿੰਡਾ ’ਚ ਪੀਆਰਟੀਸੀ ਕਾਮਿਆਂ ਨੇ ਤਨਖ਼ਾਹਾਂ ਨਾ ਮਿਲਣ ਕਾਰਨ ਕੀਤਾ ਬੱਸ ਅੱਡਾ ਜਾਮ"