ਸੁਖਜਿੰਦਰ ਮਾਨ
ਬਠਿੰਡਾ, 15 ਮਾਰਚ: ਬਠਿੰਡਾ ਸ਼ਹਿਰੀ ਹਲਕੇ ’ਚ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਾਰਨ ਦੀ ਖੁਸੀ ’ਚ ਅੱਜ ਵੱਖ ਵੱਖ ਵਿਭਾਗਾਂ ਦੇ ਸੈਕੜੇ ਮੁਲਾਜਮਾਂ ਵਲੋਂ ਸ਼ਹਿਰ ਵਿਚ ਜੇਤੂ ਮਾਰਚ ਕੱਢਿਆ ਗਿਆ। ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੀ ਜਿਲ੍ਹਾ ਇਕਾਈ ਦੇ ਝੰਡੇ ਹੇਠ ਵੱਖ ਵੱਖ ਵਿਭਾਗਾ ਦੇ ਮੁਲਾਜਮਾਂ ਨੇ ਸ਼੍ਰੀ ਬਾਦਲ ਨੂੰ ਹਰਾਉਣ ਵਿਚ ਸਾਥ ਦੇਣ ਲਈ ਸਮੂਹ ਮੁਲਾਜਮ ਵਰਗ ਅਤੇ ਸਹਿਰ ਵਾਸੀਆਂ ਦਾ ਧੰਨਵਾਦ ਵੀ ਕੀਤਾ। ਇਸ ਜੇਤੂ ਮਾਰਚ ਦੀ ਅਗਵਾਈ ਕਰਦਿਆਂ ਯੂਨੀਅਨ ਦੇ ਸੂਬਾ ਚੇਅਰਮੈਨ ਮੇਘ ਸਿੰਘ ਸਿੱਧੂ, ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ, ਡੀ.ਸੀ ਦਫਤਰ ਯੂਨੀਅਨ ਦੇ ਸੂਬਾ ਪ੍ਰਧਨ ਗੁਰਨਾਮ ਸਿੰਘ ਵਿਰਕ, ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਮਾਨ ਬਠਿੰਡਾ, ਜਿਲ੍ਹਾ ਪ੍ਰਧਾਨ ਖੁਸਕਰਨਜੀਤ ਸਿੰਘ ਸ੍ਰੀ ਮੁਕਤਸਰ ਸਹਿਬ, ਅਮਰੀਕ ਸਿੰਘ ਸੰਧੂ ਜਿਲ੍ਹਾ ਪ੍ਰਧਾਨ ਫਰੀਦਕੋਟ, ਨਵਨਿੰਦਰ ਸਿੰਘ ਨਵੀ ਜਿਲ੍ਹਾ ਪ੍ਰਧਾਨ ਮੁਹਾਲੀ, ਗੁਰਜੀਵਨ ਸਿੰਘ ਬਰਾੜ ਸੂਬਾ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ, ਜਸਕਰਨ ਸਿੰਘ ਸੂਬਾ ਪ੍ਰਧਾਨ ਨਹਿਰੀ ਪਟਵਾਰ ਯੂਨੀਅਨ, ਜੁਗਿੰਦਰ ਕੁਮਾਰ ਜੀਰਾ ਸੂਬਾ ਜਨਰਲ ਸਕੱਤਰ ਡੀ.ਸੀ.ਦਫਤਰ ਯੂਨੀਅਨ ਪੰਜਾਬ, ਵਰਿੰਦਰ ਢੋਸੀਵਾਲ ਸੀਨੀਅਰ ਸੂਬਾ ਮੀਤ ਪ੍ਰਧਾਨ ਡੀ.ਸੀ. ਦਫਤਰ ਵੱਲੋ ਸਾਥੀਆਂ ਸਮੇਤ ਸਮੂਲੀਅਤ ਕੀਤੀ ਗਈ। ਇਸ ਜੇਤੂ ਮਾਰਚ ਵਿੱਚ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਪੇਸ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਵੱਲੋ ਕਿਹਾ ਜਾਂਦਾ ਸੀ ਕਿ ਪੰਜਾਬ ਵਿੱਚ ਮੁਲਾਜਮਾਂ ਦੀ ਗਿਣਤੀ 2 ਪ੍ਰਤੀਸਤ ਹੈ। ਜਿਸਦੇ ਚੱਲਦੇ ਵਿੱਤ ਮੰਤਰੀ ਦੇ ਇਸ ਚੈਲਜ ਨੂੰ ਕਬੂਲਦਿਆਂ ਮੁਲਾਜਮ ਜਥੇਬੰਦੀਆਂ ਵਲੌਂ ਕਾਂਗਰਸ ਸਰਕਾਰ ਨੂੰ ਚਲਦਾ ਕਰਨ ਲਈ ਆਪਣੀ ਵੋਟ ਬੈਕ ਨੂੰ ਇਸਤੇਮਾਲ ਕਰਦਿਆਂ ਹਰ ਵਰਗ ਨੂੰ ਸਰਕਾਰ ਵਿਰੁਧ ਲਾਮਬੰਦ ਕੀਤਾ ਗਿਆ। ਜਿਸ ਕਾਰਨ ਇਕੱਲੇ ਬਠਿੰਡਾ ਵਿੱਚ ਹੀ ਨਹੀ ਸਗੋ ਸਾਰੇ ਪੰਜਾਬ ਵਿੱਚ ਮੁਲਾਜਮ ਵਰਗ ਦੀ ਵੋਟ ਨਾ ਪੈਣ ਕਾਰਨ ਕਾਂਗਰਸ ਨੂੰ ਕਰਾਰਾ ਝਟਕਾ ਲੱਗਿਆ ਹੈ। ਮੁਲਾਜਮ ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕਿ ਇਹ ਇਕ ਨਮੂਨਾ ਹੈ ਕਿ ਅੱਗੇ ਤੋਂ ਵੀ ਜਿਹੜੀ ਸਰਕਾਰ ਮੁਲਾਜਮਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਨਹੀ ਮੰਨੇਗੀ ਤਾਂ ਉਸ ਦਾ ਹਸਰ ਵੀ ਪੰਜਾਬ ਦੀ ਕਾਂਗਰਸ ਸਰਕਾਰ ਦੀ ਹਾਰ ਵਰਗਾ ਹੋਵੇਗਾ।
Share the post "ਬਠਿੰਡਾ ’ਚ ਮਨਪ੍ਰੀਤ ਬਾਦਲ ਦੇ ਹਾਰਨ ਦੀ ਖ਼ੁਸੀ ’ਚ ਮੁਲਾਜਮਾਂ ਨੇ ਕੱਢਿਆ ਜੇਤੂ ਮਾਰਚ"