ਬਿਨਾਂ ਕਿਸੇ ਡਰ ਭੈਅ ਤੋਂ ਵੋਟਰ ਕਰਨ ਮਤਦਾਨ : ਜ਼ਿਲ੍ਹਾ ਚੋਣ ਅਫ਼ਸਰ
ਸੁਰੱਖਿਆ ਦੇ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ: ਐਸ.ਐਸ.ਪੀ
ਸੁਖਜਿੰਦਰ ਮਾਨ
ਬਠਿੰਡਾ, 19 ਫਰਵਰੀ: ਭਲਕੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ-2022 ਨੂੰ ਲੈ ਕੇ ਜ਼ਿਲ੍ਹੇ ਅੰਦਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਅੱਜ 1192 ਪੋਲਿੰਗ ਪਾਰਟੀਆਂ ਨੂੰ ਪੁਲਿਸ ਸੁਰੱਖਿਆ ਹੇਠ ਈ.ਵੀ.ਐਮ ਮਸ਼ੀਨਾਂ ਦੇ ਕੇ ਪੋਲਿੰਗ ਬੂਥਾਂ ਵੱਲ ਰਵਾਨਾ ਕੀਤਾ ਗਿਆ। ਇਸਦੇ ਨਾਲ ਹੀ ਵੋਟਰਾਂ ਨੂੰ ਬਿਨ੍ਹਾਂ ਕਿਸੇ ਡਰ ਭੈਅ ਤੋਂ ਅਪਣੇ ਵੋਟ ਦਾ ਇਸਤੇਮਾਲ ਕਰਨ ਲਈ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਹ ਜਾਣਕਾਰੀ ਅੱਜ ਇੱਥੇ ਕੀਤੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿਚ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਐਸਐਸਪੀ ਮੈਡਮ ਅਮਨੀਤ ਕੌਂਡਲ ਦਿੰਦਿਆਂ ਦਸਿਆ ਕਿ ਜ਼ਿਲ੍ਹੇ ਵਿਚ ਵੋਟਾਂ ਦਾ ਕੰਮ ਨੇਪਰੇ ਚਾੜਣ ਲਈ 11191 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਚੋਣਾਂ ਲਈ ਜ਼ਿਲ੍ਹੇ ਦੇ 1071164 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿੱਚ ਮਰਦ 561749 ਤੇ ਔਰਤਾਂ 504360, ਥਰਡ ਜੈਂਡਰ 25, ਸਰਵਿਸ ਵੋਟਰ 5030 ਅਤੇ 80 ਸਾਲ ਤੋਂ ਵਧੇਰੇ ਉਮਰ ਦੇ 19636, 18-19 ਵਰਗ ਦੇ 16852, ਵਿਕਲਾਂਗ (ਪੀਡਬਲਿਯੂਡੀ) 7561 ਅਤੇ 148 ਵੀਆਈਪੀ ਵੋਟਰ ਸ਼ਾਮਲ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਸਾਰੀਆਂ ਪੋਲਿੰਗ ਪਾਰਟੀਆਂ ਨੂੰ ਬਿਜਲੀ ਵੋਟਿੰਗ ਮਸ਼ੀਨਾਂ ਸਮੇਤ ਆਪੋਂ-ਆਪਣੇ ਬੂਥਾਂ ਵੱਲ ਰਵਾਨਾ ਕਰ ਦਿੱਤਾ ਗਿਆ ਹੈ। ਸਾਰੇ ਪੋਲਿੰਗ ਬੂਥਾਂ ਤੇ ਪੀਣ ਵਾਲੇ ਸਾਫ਼ ਪਾਣੀ ਦਾ ਖਾਸ ਪਬ੍ਰੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੋਵਿਡ-19 ਦੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ। ਇਸ ਦੌਰਾਨ ਐਸਐਸਪੀ ਮੈਡਮ ਅਮਨੀਤ ਕੌਂਡਲ ਨੇ ਹੋਰ ਜਾਣਕਾਰੀ ਦੱਸਿਆ ਕਿ ਵਿਧਾਨ ਸਭਾ ਚੋਣਾਂ ਨੂੰ ਸਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹੇ ਅੰਦਰ ਸੁਰੱਖਿਆ ਦੇ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 4490 ਪੁਲਿਸ ਅਧਿਕਾਰੀ ਤੇ ਕਰਮਚਾਰੀ ਤਾਇਤਾਨ ਕੀਤੇ ਹਨ, ਜਿਨ੍ਹਾਂ ਵਿਚੋਂ 2476 ਪੰਜਾਬ ਪੁਲਿਸ ਤੇ 2014 ਸੀਏਪੀਐਫ਼ ਕਰਮਚਾਰੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 52 ਪੋਲਿੰਗ ਬੂਥਾਂ ’ਤੇ 16 ਕਰੀਟੀਕਲ ਪੋਲਿੰਗ ਲੁਕੇਸ਼ਨਾਂ ਦੀ ਸ਼ਨਾਖਤ ਕੀਤੀ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਡਰ ਭੈਅ ਤੋਂ ਆਪੋਂ-ਆਪਣੀ ਵੋਟ ਦਾ ਇਸਤੇਮਾਲ ਕਰਨ ਤਾਂ ਜੋ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਬਣਾ ਸਕੀਏ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਹਾਜ਼ਰ ਰਹੇ।
ਬਾਕਸ
ਵੋਟਰ ਸਨਾਖ਼ਤੀ ਕਾਰਡ ਨਾ ਹੋਣ ਦੇ ਬਾਵਜੂਦ ਵੀ ਵੋਟਰ ਪਾ ਸਕਣਗੇ ਵੋਟ
ਬਠਿੰਡਾ: ਜ਼ਿਲ੍ਹਾ ਚੋਣ ਅਫਸਰ ਵਿਨੀਤ ਕੁਮਾਰ ਨੇ ਦੱਸਿਆ ਕਿ ਜੇਕਰ ਕਿਸੇ ਵੋਟਰ ਕੋਲ ਵੋਟ ਪਾਉਣ ਸਮੇਂ ਆਪਣੀ ਸਨਾਖਤ ਲਈ ਐਪਿਕ ਵੋਟਰ ਸਨਾਖਤੀ ਕਾਰਡ ਮੌਜੂਦ ਨਹੀਂ ਹੈ ਤਾਂ ਉਹ ਵੋਟਰ ਪਾਸਪੋਰਟ, ਪੈਨਸਨ ਕਾਰਡ, ਯੂ.ਡੀ.ਆਈ.ਡੀ, ਪਾਸਬੁੱਕ, ਮਨਰੇਗਾ ਕਾਰਡ, ਡਰਾਈਵਿੰਗ ਲਾਇਸੰਸ, ਸਰਵਿਸ ਆਈ ਕਾਰਡ, ਆਫੀਸੀਅਲ ਆਈ.ਡੀ ਕਾਰਡ, ਆਧਾਰ ਕਾਰਡ, ਪੈਨ ਕਾਰਡ ਹੈਲਥ ਇਨਸੋਰੈਂਸ ਕਾਰਡ ਤੇ ਸਮਾਰਟ ਕਾਰਡ ਸਬੰਧਤ ਅਧਿਕਾਰੀ ਨੂੰ ਦਿਖਾ ਕੇ ਆਪਣੀ ਵੋਟ ਪਾ ਸਕਦਾ ਹੈ।
ਬਾਕਸ
ਫਾਰਮ ਨੰਬਰ 12-ਡੀ ਭਰ ਕੇ ਦੇਣ ਵਾਲੇ ਨਹੀਂ ਪਾ ਸਕਣਗੇ ਵੋਟ
ਬਠਿੰਡਾ: ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਦਸਿਆ ਕਿ ਜਿਨ੍ਹਾਂ ਪੀ.ਡਬਲਿਊ.ਡੀ ਤੇ 80 ਤੋਂ ਵਧੇਰੀ ਉਮਰ ਵਾਲੇ ਵੋਟਰਾਂ ਵੱਲੋਂ ਘਰ ਵਿੱਚ ਰਹਿ ਕੇ ਵੋਟ ਪਾਉਣ ਸਬੰਧੀ ਫਾਰਮ ਨੰਬਰ 12-ਡੀ ਭਰ ਕੇ ਦਿੱਤਾ ਗਿਆ ਸੀ ਉਨ੍ਹਾਂ ਦੀ ਵੋਟ ਮਿਤੀ 20 ਫਰਵਰੀ 2022 ਨੂੰ ਪੋਲਿੰਗ ਸਟੇਸਨ ਉੱਤੇ ਨਹੀ ਪਵਾਈ ਜਾਵੇਗੀ।
ਬਾਕਸ
ਜ਼ਿਲ੍ਹਾ ਚੋਣ ਅਫ਼ਸਰ ਨੇ ਦੇਰ ਰਾਤੀ ਪੁਲਿਸ ਨਾਕਿਆਂ ਦੀ ਕੀਤੀ ਅਚਨਚੇਤ ਚੈਕਿੰਗ
ਬਠਿੰਡਾ, 19 ਫਰਵਰੀ: ਭਲਕੇ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਵਲੋਂ ਬੀਤੀ ਦੇਰ ਰਾਤੀ ਜ਼ਿਲ੍ਹੇ ਅੰਦਰ ਸਥਾਪਤ ਕੀਤੇ ਪੁਲਿਸ ਨਾਕਿਆਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਹ ਪੰਜਾਬ-ਹਰਿਆਣਾ ਦੀ ਹੱਦ ਨਾਲ ਪੈਂਦੇ ਖੇਤਰਾਂ ਵਿਚ ਸਥਾਪਤ ਕੀਤੇ ਗਏ ਸਪੈਸ਼ਲ ਪੁਲਿਸ ਨਾਕਿਆਂ ਉਪਰ ਗਏ ਤੇ ਉਨ੍ਹਾਂ ਡੂੰਮਵਾਲੀ, ਰੂਲਦੂਵਾਲਾ-ਪੰਨੀਵਾਲਾ ਤੋਂ ਇਲਾਵਾ ਪਥਰਾਲਾ, ਸੰਗਤ ਮੰਡੀ, ਮਹਾਰਾਜਾ ਰਣਜੀਤ ਸਿੰਘ ਇੰਜਨੀਅਰਿੰਗ ਕਾਲਜ ਅਤੇ ਸ਼ਹਿਰ ਅੰਦਰਲੇ ਪੁਲਿਸ ਨਾਕਿਆਂ ਦੀ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਕਿਸੇ ਵੀ ਸ਼ੱਕੀ ਵਾਹਨ ਨੂੰ ਬਿਨਾਂ ਚੈਕਿੰਗ ਤੋਂ ਨਾ ਜਾਣ ਦਿੱਤਾ ਜਾਵੇ।
Share the post "ਬਠਿੰਡਾ ’ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ,ਪੋਲਿੰਗ ਪਾਰਟੀਆਂ ਰਵਾਨਾ"