ਪੁਲਿਸ ਵਲੋਂ ਕੇਸ ਦਰਜ਼, ਹੁੱਲੜਬਾਜ਼ ਹਿਰਾਸਤ ਤੋਂ ਬਾਹਰ
ਸੁਖਜਿੰਦਰ ਮਾਨ
ਬਠਿੰਡਾ, 22 ਫਰਵਰੀ: ਬਾਹਰੋਂ ਆਉਣ ਵਾਲੇ ਹੁੱਲੜਬਾਜ਼ ਸ਼ਹਿਰੀਆਂ ਲਈ ਸਿਰਦਰਦੀ ਬਣਦੇ ਜਾ ਰਹੇ ਹਨ। ਬੀਤੀ ਦੇਰ ਰਾਤ ਵੀ ਸਰਾਬ ਦੇ ਨਸੇ ‘ਚ ਟੁੰਨ ਕੁੱਝ ਹੁੱਲੜਬਾਜਾਂ ਨੇ ਸਥਾਨਕ ਸੌ ਫੁੱਟੀ ਚੌਕ ਨਜਦੀਕ ਪੈਂਦੀ ਸਿਵ ਕਾਲੋਨੀ ਇਲਾਕੇ ’ਚ ਖ਼ੜੀਆਂ ਕਾਰਾਂ ਭੰਨ ਦਿੱਤੀਆਂ ਤੇ ਇੱਕ ਵਿਅਕਤੀ ਵਲੋਂ ਰੋਕਣ ’ਤੇ ਉਸ ਉਪਰ ਕਾਪੇ ਨਾਲ ਹਮਲਾ ਕਰਕੇ ਜਖ਼ਮੀ ਕਰ ਦਿੱਤਾ। ਇਸਤੋਂ ਪਹਿਲਾਂ ਲੋਕ ਇਕੱਠੇ ਹੁੰਦੇ ਹੁੱਲੜਬਾਜ਼ ਗਾਲਾਂ ਕੱਢਦੇ ਹੋਏ ਮੌਕੇ ਤੋਂ ਭੱਜ ਗਏ। ਹੁੱਲੜਬਾਜ਼ਾਂ ਦੀ ਰੋਜ਼ ਦੀ ਹੁੱਲੜਬਾਜ਼ੀ ਤੋਂ ਤੰਗ ਆਏ ਉਕਤ ਕਾਲੌਲੀ ਵਾਸੀਆਂ ਨੇ ਦੇਰ ਰਾਤ ਸਥਾਨਕ 100 ੁਫੁੱਟੀ ਸੜਕ ’ਤੇ ਧਰਨਾ ਲਗਾ ਦਿੱਤਾ। ਹਾਲਾਂਕਿ ਮੌਕੇ ’ਤੇ ਇਲਾਕੇ ਦੇ ਕਾਂਗਰਸੀ ਕੋਂਸਲਰ ਦੇ ਪਤੀ ਕੰਵਲਜੀਤ ਸਿੰਘ ਭੰਗੂ ਅਤੇ ਆਪ ਦੀ ਟਿਕਟ ’ਤੇ ਚੋਣ ਲੜਣ ਵਾਲੇ ਜਗਰੂਪ ਸਿੰਘ ਗਿੱਲ ਲਾਈਨੋਪਾਰ ਇਲਾਕੇ ਵਿਚੋਂ ਮੌਕੇ ’ਤੇ ਪੁੱਜ ਗਏ ਪ੍ਰੰਤੂ ਥੋੜੀ ਦੂਰ ਸਥਿਤ ਥਾਣਾ ਸਿਵਲ ਲਾਈਨ ਦੀ ਪੁਲਿਸ ਦੇਰੀ ਨਾਲ ਪੁੱਜੀ। ਉਜ 100 ਫੁੱਟੀ ਦੇ ਸਾਹਮਣੇ ਬਣੀ ਪਾਰਕਿੰਗ ਵਿਚ ਵੀ ਪੁਲਿਸ ਦੀ ਪੱਕੀ ਚੈਕਪੋਸਟ ਹੈ ਪ੍ਰੰਤੂ ਇਸਦੇ ਬਾਵਜੂਦ ਸ਼ਹਿਰ ਵਿਚ ਗੈਰ ਕਾਨੂੰਨੀ ਤੌਰ ’ਤੇ ਪੀਜੀਆਂ ਵਿਚ ਰਹਿ ਰਹੇ ਬਦਮਾਸ਼ ਕਿਸਮ ਦੇ ਨੌਜਵਾਨ ਅਕਸਰ ਹੀ ਹੁੱਲੜਬਾਜੀ ਕਰਦੇ ਹਨ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋੲੈ ਕਲੌਨੀ ਦੇ ਵਾਸੀ ਵਿਸ਼ਾਲ ਸਰਮਾ ਨੇ ਦਸਿਆ ਕਿ ਪਾਰਕਿੰਗ ਵਿਚ ਅੱਧੀ ਦਰਜ਼ਨ ਤੋਂ ਵੱਧ ਆਂਡਿਆਂ ਤੇ ਮੀਟ ਵਾਲੀਆਂ ਰੇਹੜੀਆਂ ਲੱਗਦੀਆਂ ਹਨ, ਜਿੱਥੇ ਇਹ ਹੁੱਲੜਬਾਜ਼ ਅਕਸਰ ਹੀ ਗੱਡੀਆਂ ਵਿਚ ਆਕੇ ਸ਼ਰਾਬ ਪੀਂਦੇ ਹਨ। ਉਨ੍ਹਾਂ ਦਸਿਆ ਕਿ ਦਰਜ਼ਨਾਂ ਵਾਰ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ, ਜਿਸ ਕਾਰਨ ਵਿਗੜੇ ਹੋਏ ਨੌਜਵਾਨਾਂ ਦੇ ਹੋਸਲੇ ਹੋਰ ਵਧੇ ਹੋਏ ਹਨ। ਧਰਨੇ ਵਿਚ ਬੈਠੀਆਂ ਦਰਜ਼ਨਾਂ ਔਰਤਾਂ ਨੇ ਵੀ ਦਸਿਆ ਕਿ ਇੰਨ੍ਹਾਂ ਹੁੱਲੜਬਾਜ਼ਾਂ ਦੇ ਕਾਰਨ ਉਨ੍ਹਾਂ ਦਾ ਘਰਾਂ ਵਿਚੋਂ ਬਾਹਰ ਨਿਕਲਣਾ ਬੰਦ ਹੋ ਗਿਆ ਹੈ। ਇੰਨ੍ਹਾਂ ਹੁੱਲੜਬਾਜ਼ਦਾ ਸਿਕਾਰ ਹੋਏ ਕਲੌਨੀ ਵਾਸੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਘਟਨਾ ਸਮੇਂ ਗਲੀ ਵਿਚ ਆਪਣੀ ਕਾਰ ਕੋਲ ਹੀ ਖੜਾ ਹੋਇਆ ਸੀ, ਜਦ ਚਾਰ ਨੌਜਵਾਨ ਹੱਥ ਵਿਚ ਬੇਸਬਾਲ ਤੇ ਕਾਪੇ ਲੈ ਕੇ ਗੱਡੀਆਂ ਭੰਨ ਰਹੇ ਸਨ। ਿਿੲਸ ਦੌਰਾਨ ਜਦ ਉਸਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਨੌਜਵਾਨ ਨੇ ਉਸਦੀ ਬਾਂਹ ’ਤੇ ਕਾਪਾ ਮਾਰਿਆ। ਉਧਰ ਮੌਕੇ ’ਤੇ ਪੁੱਜੇ ‘ਆਪ‘ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ‘ਤੇ ਸ਼ਹਿਰ ਵਿਚੋਂ ਗੁੰਡਾਗਰਦੀ ਬੰਦ ਕੀਤੀ ਜਾਵੇਗੀ ਤੇ ਹੁੱਲੜਬਾਜ਼ਾਂ ਦਾ ਸਾਥ ਦੇਣ ਵਾਲੇ ਪੁਲਿਸ ਅਧਿਕਾਰੀਆਂ ਵਿਰੁਧ ਵੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਥਾਣਾ ਸਿਵਲ ਲਾਈਨ ਦੇ ਇੰਚਾਰਜ਼ ਨੇ ਦਸਿਆ ਕਿ ਪੁਲਿਸ ਟੀਮ ਮੌਕੇ ’ਤੇ ਪੁੱਜ ਗਈ ਸੀ ਤੇ ਪੀੜਤਾਂ ਦੇ ਬਿਆਨਾਂ ਤੋਂ ਬਾਅਦ ਪਰਚਾ ਦਰਜ਼ ਕਰ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਜਲਦੀ ਹੀ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।
Share the post "ਬਠਿੰਡਾ ’ਚ ਹੁੱਲੜਬਾਜ਼ਾਂ ਤੋਂ ਤੰਗ ਆ ਕੇ ਸ਼ਹਿਰੀਆਂ ਨੇ ਰਾਤ ਨੂੰ ਲਾਇਆ ਸੜਕ ’ਤੇ ਧਰਨਾ"