ਪੁਲਿਸ ਨੇ ਦੇਸਾਈ ਮੋਹਨ ਨੂੰ ਗ੍ਰਿਫਤਾਰ ਕਰਕੇ ਅਦਾਲਤ ਤੋਂ ਹਾਸਲ ਕੀਤਾ ਚਾਰ ਰੋਜ਼ਾ ਪੁਲਿਸ ਰਿਮਾਂਡ
ਪੁਲਿਸ ਵਲੋਂ ਸਖ਼ਤੀ ਨਾਲ ਕੀਤੀ ਪੁਛਗਿਛ ’ਚ ਹੋਇਆ ਅਹਿਮ ਖੁਲਾਸਾ
ਅਹਿਮ ਗੱਲ ਇਹ ਵੀ ਸਾਹਮਣੇ ਆਈ ਕਿ ਕਤਲ ਤੋਂ ਬਾਅਦ ‘ਕਾਤਲ’ ਕੇਸ ਵਿਚ ਬਣ ਗਿਆ ਸੀ ਮੁੱਖ ‘ਗਵਾਹ’
ਸੁਖਜਿੰਦਰ ਮਾਨ
ਬਠਿੰਡਾ, 17 ਅਪ੍ਰੈਲ : ਲੰਘੀ 12 ਅਪ੍ਰੈਲ ਦੀ ਤੜਕਸਾਰ ਭਾਰਤ ਦੀ ਸਭ ਤੋਂ ਵੱਡੀ ਬਠਿੰਡਾ ਫ਼ੌਜੀ ਛਾਉਣੀ ’ਚ ਚਾਰ ਫੌਜੀ ਨੌਜਵਾਨਾਂ ਦੇ ਹੋਏ ਅੰਨੇ ਕਤਲ ਦੀ ਕਹਾਣੀ ਦਾ ਪਰਦਾਫਾਸ ਹੋ ਗਿਆ ਹੈ। ਕਥਿਤ ਕਾਤਲ ਮ੍ਰਿਤਕ ਫ਼ੌਜੀਆਂ ਦਾ ਹੀ ਸਾਥੀ ਦੇਸਾਈ ਮੋਹਨ ਸੀ, ਜਿਸਨੇ ਮ੍ਰਿਤਕ ਫ਼ੌਜੀਆਂ ਵਲੋਂ ਕਥਿਤ ਤੌਰ ’ਤੇ ਉਸਨੂੰ ਸਰੀਰਿਕ ਤੌਰ ’ਤੇ ਤੰਗ ਪ੍ਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਕਾਂਡ ’ਚ ਤੋਪਖ਼ਾਨਾ ਦੀ 80 ਮੀਡੀਅਮ ਰੈਜੀਮੈਂਟ ਦੇ ਚਾਰ ਜਵਾਨ ਸਾਗਰ ਬੰਨੇ, ਕਮਲੇਸ ਆਰ.,ਯੋਗੇਸ਼ ਕੁਮਾਰ ਅਤੇ ਨਾਗਾ ਦੀ ਮੌਤ ਹੋ ਗਈ ਸੀ। ਇਸ ਮਾਮਲੇ ’ਚ ਸੋਮਵਾਰ ਨੂੰ ਸਾਂਝੇ ਤੌਰ ’ਤੇ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਐਸਐਸਪੀ ਗੁਲਨੀਤ ਸਿੰਘ ਖ਼ੁਰਾਣਾ ਅਤੇ ਕਰਨਲ ਅਨੀਮੇਸ਼ ਸ਼ਰਨ ਨੇ ਦਸਿਆ ਕਿ ਘਟਨਾ ਤੋਂ ਬਾਅਦ ਫ਼ੌਜ ਦੇ ਮੇਜਰ ਆਸੂਤੋਸ਼ ਸੁਕਲਾ ਦੇ ਬਿਆਨਾਂ ਉਪਰ ਥਾਣਾ ਕੈਂਟ ‘ਚ ਮੁਕੱਦਮਾ ਨੰਬਰ 42 ਅਧੀਨ ਧਾਰਾ 302 ਆਈ.ਪੀ.ਸੀ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ਼ ਕਰਨ ਤੋਂ ਬਾਅਦ ਐਸ.ਪੀ ਅਜੈ ਗਾਂਧੀ, ਡੀਐਸਪੀ ਸਿਟੀ ਗੁਰਪ੍ਰੀਤ ਸਿੰਘ, ਡੀਐਸਪੀ ਦਵਿੰਦਰ ਸਿੰਘ ਗਿੱਲ, ਥਾਣਾ ਕੈਂਟ ਅਤੇ ਸੀਆਈਏ ਸਟਾਫ਼ ਦੀ ਇੱਕ ਸਾਂਝੀ ਟੀਮ ਬਣਾਈ ਗਈ ਸੀ, ਜਿਸਨੇ ਜਾਂਚ ਤੋਂ ਬਾਅਦ ਅਰੋਪੀ ਦੇਸਾਈ ਮੋਹਨ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਡੂੰਘਾਈ ਨਾਲ ਪੁਛਗਿਛ ਕਰਨ ਲਈ ਉਸਨੂੰ ਅਦਾਲਤ ਵਿਚ ਪੇਸ਼ ਕਰਕੇ 20 ਅਪ੍ਰੈਲ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਅਰੋਪੀ ਨੇ ਕਤਲ ਤੋਂ ਬਾਅਦ ਪੁਲਿਸ ਤੇ ਫ਼ੌਜ ਦੇ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਲਈ ਕਾਤਲਾਂ ਬਾਰੇ ਮਨਘੜਤ ਕਹਾਣੀ ਘੜੀ ਸੀ। ਜਿਸ ਵਿਚ ਉਸਨੇ ਦਾਅਵਾ ਕੀਤਾ ਸੀ ਕਿ ਕਾਤਲ ਦੋ ਜਣੇ ਸਨ, ਜਿੰਨ੍ਹਾਂ ਨੇ ਚਿੱਟੇ ਕੁੜਤੇ-ਪਜਾਮੇ ਪਹਿਨੇ ਹੋਏ ਸਨ ਅਤੇ ਉਨ੍ਹਾਂ ਵਿਚੋਂ ਇੱਕ ਕੋਲ ਇਨਸਾਸ ਰਾਈਫ਼ਲ ਅਤੇ ਇੱਕ ਕੋਲ ਕੁਹਾੜੀ ਸੀ। ਵੱਡੀ ਗੱਲ ਇਹ ਵੀ ਹੈ ਕਿ ‘ਕਾਤਲ’ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਖੁਦ ਹੀ ਇਸ ਕੇਸ ’ਚ ‘ਗਵਾਹ’ ਬਣ ਗਿਆ ਸੀ। ਐਸਐਸਪੀ ਸ਼੍ਰੀ ਖੁਰਾਣਾ ਨੇ ਅੱਗੇ ਦਸਿਆ ਕਿ ਅਰੋਪੀ ਨੇ ਚਾਰ ਫ਼ੌਜੀਆਂ ਨੂੰ ਕਤਲ ਕਰਨ ਲਈ ਬਕਾਇਦਾ 9 ਅਪ੍ਰੈਲ ਨੂੰ ਯੋਜਨਾਵਧ ਤਰੀਕੇ ਨਾਲ ਇੱਕ ਅਤਿਆਧੁਨਿਕ ਰਾਈਫ਼ਲ ‘ਇਨਸਾਸ’ ਚੋਰੀ ਕੀਤੀ ਗਈ। ਇਸਤੋਂ ਇਲਾਵਾ ਇਨਸਾਸ ਅਤੇ ਐਲ.ਐਮ.ਜੀ ਦੇ 28 ਕਾਰਤੂਸ ਵੀ ਚੋਰੀ ਕੀਤੇ। ਘਟਨਾ ਮੌਕੇ 19 ਖੋਲ ਮਿਲੇ ਸਨ ਜਦੋਂਕਿ 7 ਕਾਰਤੂਸ਼ ਅਰੋਪੀ ਦੀ ਸਿਨਾਖ਼ਤ ’ਤੇ ਹੋਰ ਬਰਾਮਦ ਕੀਤੇ ਗਏ ਹਨ। ਇਸਤੋਂ ਇਲਾਵਾ 2 ਕਾਰਤੂਸ ਹਾਲੇ ਬਰਾਮਦ ਕਰਨੇ ਬਾਕੀ ਹਨ। ਪੁਲਿਸ ਤੇ ਫ਼ੌਜ ਦੇ ਅਧਿਕਾਰੀਆਂ ਨੇ ਦਸਿਆ ਕਿ ਘਟਨਾ ਤੋਂ ਬਾਅਦ ਅਰੋਪੀ ਨੇ ਚੋਰੀ ਕੀਤੀ ਰਾਈਫ਼ਲ ਇੱਕ ਸੀਵਰੇਜ਼ ਦੇ ਗਟਰ ਵਿਚ ਸੁੱਟ ਦਿੱਤੀ ਸੀ ਜੋ ਘਟਨਾ ਵਾਲੇ ਦਿਨ ਸ਼ਾਮ ਨੂੰ ਹੀ ਬਰਾਮਦ ਕਰ ਲਈ ਸੀ। ਐਸ.ਐਸ.ਪੀ ਨੇ ਦਸਿਆ ਕਿ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਬੀਤੇ ਕੱਲ 10 ਫ਼ੌਜੀ ਜਵਾਨਾਂ ਨੂੰ ਨੋਟਿਸ ਜਾਰੀ ਕਰਕੇ ਪੁਛਗਿਛ ਕੀਤੀ ਸੀ। ਇਸ ਪੁਛਗਿਛ ਦੌਰਾਨ ਦੇਸਾਈ ਮੋਹਨ ਨੇ ਅਪਣੇ ਜੁਰਮ ਨੂੰ ਕਬੂਲ ਕਰ ਲਿਆ ਸੀ, ਜਿਸਤੋਂ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇੱਥੇ ਦਸਣਾ ਬਣਦਾ ਹੈ ਕਿ ਇਹ ਘਟਨਾ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਬਣ ਗਈ ਸੀ ਤੇ ਪਹਿਲਾਂ ਇਸਨੂੰ ਅੱਤਵਾਦ ਦੀ ਘਟਨਾ ਨਾਲ ਵੀ ਜੋੜਿਆ ਜਾਣ ਲੱਗਾ ਸੀ ਹਾਲਾਂਕਿ ਪੁਲਿਸ ਤੇ ਫ਼ੌਜ ਅਧਿਕਾਰੀਆਂ ਨੇ ਮੁਢਲੀ ਪੜਤਾਲ ਤੋਂ ਬਾਅਦ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਕਿਸੇ ਅੰਦਰੂਨੀ ਵਿਅਕਤੀ ਵਲੋਂ ਵੀ ਕੀਤੀ ਗਈ ਹੈ। ਜਿਸਤੋਂ ਬਾਅਦ ਪੁਲਿਸ ਹਰ ਛੋਟੇ-ਛੋਟੇ ਪੁਆਇੰਟ ਉਪਰ ਫ਼ੌਜ ਦੇ ਅਧਿਕਾਰੀਆਂ ਨਾਲ ਮਿਲਕੇ ਕੰਮ ਕਰਦੀ ਰਹੀ ਤੇ ਅਖ਼ੀਰ ਅਰੋਪੀ ਨੂੰ ਦਬੋਚ ਲਿਆ ਗਿਆ। ਇੱਥੇ ਦਸਣਾ ਬਣਦਾ ਹੈ ਕਿ ਇਸ ਕਤਲ ਕਾਂਡ ਤੋਂ ਬਾਅਦ ਫ਼ੌਜ ਦੇ ਉਚ ਅਧਿਕਾਰੀਆਂ ਨੂੰ ਸਭ ਤੋਂ ਪਹਿਲਾਂ ਜਾਣਕਾਰੀ ਦੇਣ ਵਾਲਾ ਦੇਸਾਈ ਮੋਹਨ ਹੀ ਸੀ ਤੇ ਉਸਨੇ ਹੀ ਅਧਿਕਾਰੀਆਂ ਕੋਲ ਇਹ ਕਹਾਣੀ ਦੱਸੀ ਸੀ ਕਿ ਕਾਤਲ ਦੋ ਜਦੇ ਸਨ ਤੇ ਜਿੰਨ੍ਹਾਂ ਕੁੜਤਾ ਪਜਾਮਾ ਪਹਿਨਿਆ ਹੋਇਆ ਹੈ। ਜਿੰਨ੍ਹਾਂ ਵਿਚੋਂ ਇੱਕ ਦੇ ਕੋਲ ਇਨਸਾਸ ਰਾਈਫ਼ਲ ਅਤੇ ਇੱਕ ਕੋਲ ਕੁਲਾਹੜੀ ਸੀ। ਹਾਲਾਂਕਿ ਪੋਸਟਮਾਰਟਮ ਦੀ ਰੀਪੋਰਟ ਵਿਚ ਸਪੱਸਟ ਹੋ ਗਿਆ ਸੀ ਕਿ ਮ੍ਰਿਤਕ ਫ਼ੌਜੀ ਜਵਾਨਾਂ ਦੀ ਮੌਤ ਗੋਲੀਆਂ ਲੱਗਣ ਕਾਰਨ ਹੀ ਹੋਈ ਹੈ। ਜਿਕਰ ਕਰਨਾ ਬਣਦਾ ਹੈ ਕਿ ਇਹ ਘਟਨਾ ਫ਼ੌਜ ਦੀ ਆਫ਼ੀਸਰਜ਼ ਮੈਸ ਦੇ ਨਜਦੀਕ ਬਣੀ ਹੋਈ ਬੈਰਕ ਵਿਚ ਹੋਈ ਸੀ। ਜਿੱਥੇ ਡਿਊਟੀ ਤੋਂ ਬਾਅਦ ਗਾਰਦ ਜਵਾਨ ਅਰਾਮ ਕਰਦੇ ਹਨ। ਅਰੋਪੀ ਦੇਸਾਈ ਮੋਹਨ ਆਂਧਰਾ ਪ੍ਰਦੇਸ਼ ਅਤੇ ਮ੍ਰਿਤਕ ਫੌਜੀਆਂ ਵਿਚੋਂ ਦੋ ਜਵਾਨ ਕਰਨਾਟਕ ਅਤੇ ਦੋ ਤਾਮਿਲਨਾਡੂ ਨਾਲ ਸਬੰਧਤ ਸਨ ਤੇ ਸਾਰੇ ਹੀ ਅਣਵਿਆਹੇ ਸਨ।
ਬਾਕਸ
ਰਾਈਫ਼ਲ ਚੋਰੀ ਦੇ ਮਾਮਲੇ ਨੂੰ ‘ਹਲਕੇ’ ਚ ਲੈਣਾ ਹੀ ਮਹਿੰਗਾ ਪੈ ਗਿਆ !
ਬਠਿੰਡਾ: ਉਧਰ ਅੱਜ ਸਾਰੀ ਘਟਨਾ ਦਾ ਖ਼ੁਲਾਸਾ ਹੋਣ ਤੋਂ ਬਾਅਦ ਇਹ ਵੀ ਚਰਚਾ ਚੱਲਦੀ ਰਹੀ ਕਿ ਫ਼ੌਜ ਦੀ ਅਤਿ-ਆਧੁਨਿਕ ਰਾਈਫ਼ਲ ਚੋਰੀ ਹੋਣ ਦੀ ਘਟਨਾ ਨੂੰ ਉਚ ਅਧਿਕਾਰੀਆਂ ਵਲੋਂ ਹਲਕੇ ’ਚ ਲਿਆ ਗਿਆ, ਜਿਸ ਕਾਰਨ ਇਹ ਘਟਨਾ ਵਾਪਰ ਗਈ। ਦਸਣਾ ਬਣਦਾ ਹੈ ਕਿ 8 ਅਪ੍ਰੈਲ ਨੂੰ ਸਭ ਤੋਂ ਪਹਿਲਾਂ ਐਲ.ਐਮ.ਜੀ ਦੇ 8 ਕਾਰਤੂਸ ਚੋਰੀ ਹੋਏ ਸਨ, ਜਿਸਤੋਂ ਦੂਜੇ ਦਿਨ ਬਾਅਦ ਭਾਵ 9 ਅਪ੍ਰੈਲ ਨੂੰ ਇਨਸਾਸ ਰਾਈਫ਼ਲ ਦੇ 20 ਕਾਰਤੂਸ ਚੋਰੀ ਹੋ ਗਏ। ਪ੍ਰੰਤੂ ਫ਼ੌਜ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਇਸਦੀ ਸੂਚਨਾ 10 ਅਪ੍ਰੈਲ ਨੂੰ ਮਿਲੀ, ਜਿਸਦੇ ਬਾਰੇ 11 ਅਪ੍ਰੈਲ ਨੂੰ ਥਾਣਾ ਕੈਂਟ ਕੋਲ ਡੀਡੀਆਰ ਦਰਜ਼ ਕਰਵਾਈ ਗਈ। ਹਾਲਾਂਕਿ ਪ੍ਰੈਸ ਕਾਨਫਰੰਸ ਵਿਚ ਮੌਜੂਦ ਕਰਨਲ ਅਨੀਮੇਸ਼ ਸ਼ਰਨ ਨੇ ਦਾਅਵਾ ਕੀਤਾ ਕਿ ‘‘ ਰਾਈਫ਼ਲ ਚੋਰੀ ਹੋਣ ਦੀ ਘਟਨਾ ਤੋਂ ਤੁਰੰਤ ਬਾਅਦ ਫ਼ੌਜ ਵਲੋਂ ਅਪਣੇ ਪੱਧਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਪ੍ਰੰਤੂ ਇਸ ਦੌਰਾਨ ਇਹ ਦੁਖਦਾਈ ਘਟਨਾ ਵਾਪਰ ਗਈ।
ਬਾਕਸ
ਐਸਐਫ਼ਜੇ ਤੇ ਖਾਲਿਸਤਾਨ ਟਾਈਗਰ ਫੌਰਸ ਨੇ ਘਟਨਾ ਦੀ ਜਿੰਮੇਵਾਰੀ ਲੈਣ ਦਾ ਕੀਤਾ ਸੀ ਦਾਅਵਾ
ਬਠਿੰਡਾ: ਉਧਰ ਚਰਚਿਤ ਵਿਦੇਸ਼ੀ ਵੱਖਵਾਦੀ ਆਗੂ ਤੇ ਸਿੱਖਜ ਫ਼ਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਦੋ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਉਸਦੇ ਬੰਦਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸੇ ਤਰ੍ਹਾਂ ਖਾਲਿਸਤਾਨ ਟਾਈਗਰ ਫ਼ੌਰਸ ਨਾਂ ਦੀ ਇੱਕ ਜਥੈਬੰਦੀ ਨੇ ਵੀ ਵਾਹ-ਵਾਹ ਖੱਟਣ ਲਈ ਇਸ ਘਟਨਾ ਦੀ ਜਿੰਮੇਵਾਰੀ ਲਈ ਸੀ। ਪ੍ਰੰਤੂ ਪਹਿਲੇ ਹੀ ਦਿਨ ਫ਼ੌਜ ਤੇ ਪੁਲਿਸ ਅਧਿਕਾਰੀਆਂ ਨੂੰ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਇਹ ਅੱਤਵਾਦੀ ਜਾਂ ਬਾਹਰਲੇ ਵਿਅਕਤੀਆਂ ਵਲੋਂ ਕੀਤੀ ਗਈ ਘਟਨਾ ਨਹੀਂ ਹੈ, ਬਲਕਿ ਇਸ ਵਿਚ ਫ਼ੌਜ ਦਾ ਹੀ ਕੋਈ ਬੰਦਾ ਸ਼ਾਮਲ ਹੈ, ਜਿਸਨੇ ਕਿਸੇ ਨਿੱਜੀ ਰੰਜਿਸ਼ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸਦੇ ਚੱਲਦੇ ਪੁਲਿਸ ਤੇ ਫ਼ੌਜ ਦੇ ਅਧਿਕਾਰੀ ਇਸ ਐਂਗਲ ਤੋਂ ਹੀ ਕੇਸ ਦੀ ਜਾਂਚ ਕਰ ਰਹੇ ਸਨ ਤੇ ਅਖ਼ੀਰ ਵਿਚ ਇਹ ਕਹਾਣੀ ਹੀ ਸਾਹਮਣੇ ਆਈ।
Share the post "ਬਠਿੰਡਾ ਛਾਉਣੀ ਕਤਲ ਕਾਂਡ: ਸਾਥੀ ਫ਼ੌਜੀ ਨੇ ਹੀ ਨਿੱਜੀ ਕਾਰਨਾਂ ਤੋਂ ਦੁਖੀ ਹੋ ਕੀਤਾ ਸੀ ਕਤਲ"