ਸੁਖਜਿੰਦਰ ਮਾਨ
ਚੰਡੀਗੜ੍ਹ, 10 ਮਈ: ਬ੍ਰਾਜੀਲ ‘ਚ ਹੋ ਰਹੀਆਂ ਡੈਫ ਓਲੰਪਿਕ ਖੇਡਾਂ ‘ਚ ਬਠਿੰਡਾ ਦੀ ਖਿਡਾਰਨ ਸ੍ਰੇਆ ਨੇ ਬੈਡਮਿੰਟਨ ਦੀ ਟੀਮ ‘ਚ ਸਾਮਿਲ ਹੋ ਕੇ ਸੋਨ ਤਗਮਾ ਜਿੱਤਿਆ ਹੈ। ਸ੍ਰੇਆ ਸੂਬੇ ਦੀ ਇਕਲੌਤੀ ਵਿਕਲਾਂਗ ਖਿਡਾਰਨ ਹੈ, ਜਿਸ ਦੀ ਭਾਰਤੀ ਟੀਮ ਵਿੱਚ ਚੋਣ ਹੋਈ ਹੈ। ਸ੍ਰੇਆ 27 ਅਪ੍ਰੈਲ ਨੂੰ ਡੈਫ ਓਲੰਪਿਕ ‘ਚ ਹਿੱਸਾ ਲੈਣ ਲਈ ਬ੍ਰਾਜੀਲ ਰਵਾਨਾ ਹੋਈ ਸੀ, ਜਿੱਥੇ ਸ੍ਰੇਆ ਨੇ 2 ਤੋਂ 4 ਮਈ ਤੱਕ ਹੋਏ ਮੈਚਾਂ ‘ਚ ਹਿੱਸਾ ਲਿਆ। ਫਾਈਨਲ ਮੈਚ ਵਿੱਚ ਭਾਰਤ ਨੇ ਜਾਪਾਨ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਸ੍ਰੇਆ ਦੇ ਪਿਤਾ ਦਵਿੰਦਰ ਸਿਗਲਾ ਅਤੇ ਮਾਂ ਨੀਲਮ ਸਿਗਲਾ ਨੇ ਦੱਸਿਆ ਕਿ ਸ੍ਰੇਆ ਬਚਪਨ ਤੋਂ ਹੀ ਸੁਣਨ ਤੋਂ ਅਸਮਰੱਥ ਹੈ। ਉਸ ਨੂੰ ਸੁਰੂ ਤੋਂ ਹੀ ਬੈਡਮਿੰਟਨ ਨਾਲ ਬਹੁਤ ਲਗਾਅ ਸੀ। ਉਸਨੇ ਸੱਤ ਸਾਲ ਦੀ ਉਮਰ ਵਿੱਚ ਬੈਡਮਿੰਟਨ ਖੇਡਣਾ ਸੁਰੂ ਕਰ ਦਿੱਤਾ ਸੀ। ਬੈਡਮਿੰਟਨ ਵਿਚ ਉਸ ਦੇ ਜਨੂੰਨ ਨੂੰ ਦੇਖਦਿਆਂ ਉਸ ਨੇ ਆਪਣੀ ਬੇਟੀ ਨੂੰ ਕੋਚਿੰਗ ਦੇਣ ਦਾ ਮਨ ਬਣਾਇਆ ਅਤੇ ਦੀਪਕ ਸੂਰਿਆਵੰਸੀ ਤੋਂ ਕੋਚਿੰਗ ਲਈ। 2019 ਵਿੱਚ, ਸ੍ਰੇਆ ਨੇ ਤਾਈਵਾਨ ਵਿੱਚ ਆਯੋਜਿਤ ਦੂਜੀ ਵਿਸਵ ਡੈਫ ਯੂਥ ਬੈਡਮਿੰਟਨ ਚੈਂਪੀਅਨਸਿਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਲੜਕੀਆਂ ਦੇ ਡਬਲ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਬਾਅਦ ਉਸ ਨੇ ਬਹਾਦਰਗੜ੍ਹ ਦੀ ਸਾਈਨਿੰਗ ਸਟਾਰ ਅਕੈਡਮੀ ਤੋਂ ਸਿਖਲਾਈ ਲਈ। ਹੁਣ ਉਸਨੇ ਡੈਫ ਓਲੰਪਿਕ ਵਿੱਚ ਭਾਗ ਲੈ ਕੇ ਭਾਰਤ ਦਾ ਨਾਂ ਰੌਸਨ ਕੀਤਾ ਹੈ। ਭਾਰਤ ਦੀਆਂ ਚਾਰ ਮਹਿਲਾ ਖਿਡਾਰਨਾਂ ਡੈਫ ਓਲੰਪਿਕ ਲਈ ਚੁਣੀਆਂ ਗਈਆਂ ਹਨ। ਇਨ੍ਹਾਂ ਵਿੱਚ ਪੰਜਾਬ ਦੀ ਬਠਿੰਡਾ ਦੀ ਸ੍ਰੇਆ, ਮੱਧ ਪ੍ਰਦੇਸ ਦੀ ਇੱਕ, ਉੱਤਰ ਪ੍ਰਦੇਸ ਦੀ ਇੱਕ ਅਤੇ ਤਾਮਿਲਨਾਡੂ ਦੀ ਇੱਕ ਖਿਡਾਰਨ ਸਾਮਲ ਹੈ। ਸ੍ਰੇਆ ਦੇ ਪਿਤਾ ਦਵਿੰਦਰ ਕੁਮਾਰ ਐਸਬੀਆਈ ਬੈਂਕ ਵਿੱਚ ਕੰਮ ਕਰਦੇ ਹਨ ਅਤੇ ਉਸਦੀ ਮਾਂ ਨੀਲਮ ਸਿਗਲਾ ਇੱਕ ਸਕੂਲ ਟੀਚਰ ਹੈ।
Share the post "ਬਠਿੰਡਾ ਦੀ ਖਿਡਾਰਨ ਸ੍ਰੇਆ ਨੇ ਬ੍ਰਾਜੀਲ ’ਚ ਹੋਈ ਡੈਫ਼ ਉਲੰਪਿਕ ਖੇਡਾਂ ’ਚ ਜਿੱਤਿਆ ਸੋਨ ਤਮਗਾ"