1 ਕਰੋੜ 7 ਲੱਖ ਲੱਗੀ ਬੋਲੀ
ਸੁਖਜਿੰਦਰ ਮਾਨ
ਬਠਿੰਡਾ, 2 ਜੂਨ : ਸ਼ਹਿਰ ’ਚ ਪਾਰਕਿੰਗ ਦੀ ਸਮੱਸਿਆ ਦੇ ਹੱਲ ਲਈ ਕਰੀਬ 27 ਕਰੋੜ ਦੀ ਲਾਗਤ ਨਾਲ ਸਥਾਨਕ ਮਾਲ ਰੋਡ ’ਤੇ ਤਿਆਰ ਕੀਤੀ ਬਹੁਮੰਜਿਲਾਂ ਪਾਰਕਿੰਗ ਨੂੰ ਠੇਕੇ ’ਤੇ ਦੇਣ ਦੀ ਹਰੀ ਝੰਡੀ ਮਿਲ ਗਈ ਹੈ। ਸਭ ਤੋਂ ਵੱਧ 1 ਕਰੋੜ 7 ਲੱਖ ਦੀ ਬੋਲੀ ਦੇਣ ਵਾਲੇ ਗੁਰਮੇਲ ਸਿੰਘ ਠੇਕੇਦਾਰ ਨੂੰ ਇਹ ਪਾਰਕਿੰਗ ਠੇਕੇ ’ਤੇ ਦੇਣ ਦੇ ਮਤੇ ਉਪਰ ਅੱਜ ਨਗਰ ਨਿਗਮ ਦੇ ਵਿਤ ਅਤੇ ਠੇਕਾ ਕਮੇਟੀ ਦੀ ਹੋਈ ਮੀਟਿੰਗ ਵਿਚ ਮੋਹਰ ਲਗਾ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਹੁਣ ਇਸ ਪਾਰਕਿੰਗ ਦੇ ਉਦਘਾਟਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਇਸਦੇ ਉਦਘਾਟਨ ਲਈ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਮਾਂ ਮੰਗਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਸ ਸਬੰਧ ਵਿਚ ਵਿਭਾਗ ਦੇ ਸਾਬਕਾ ਮੰਤਰੀ ਰਹੇ ਇੰਦਰਵੀਰ ਸਿੰਘ ਨਿੱਝਰ ਨਾਲ ਗੱਲਬਾਤ ਹੋ ਗਈ ਸੀ ਪ੍ਰੰਤੂ ਉਨ੍ਹਾਂ ਦੀ ਥਾਂ ’ਤੇ ਬਲਕਾਰ ਸਿੰਘ ਨੂੰ ਵਿਭਾਗ ਦਾ ਜਿੰਮਾ ਸੌਂਪਣ ਦੇ ਚੱਲਦੇ ਦੁਬਾਰਾ ਤਾਲਮੇਲ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਇਸ ਪਾਰਕਿੰਗ ਦੇ ਸ਼ੁਰੂ ਹੋਣ ਜਾਣ ਨਾਲ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿਚ ਪਾਰਕਿੰਗ ਦੀ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਜਾਵੇਗੀ। ਇਸ ਬਹੁਮੰਜਿਲਾਂ ਪਾਰਕਿੰਗ ਦੇ ਨਾਲ ਹੀ ਮਾਲ ਰੋਡ ਦੀਆਂ ਦੋਨਾਂ ਸਾਈਡਾਂ ਉਪਰ ਵੀ ਪਾਰਕਿੰਗ ਹੋਵੇਗੀ। ਨਿਗਮ ਦੀ ਵਿਤ ਤੇ ਠੇਕਾ ਕਮੇਟੀ ਦੀ ਹੋਈ ਮੀਟਿੰਗ ਵਿਚ ਰੱਖੇ ਮਤੇ ਮੁਤਾਰਕ ਇਸ ਪਾਰਕਿੰਗ ਨੂੰ ਲੈਣ ਦੇ ਲਈ ਕੁੱਲ ਚਾਰ ਠੇਕੇਦਾਰਾਂ ਦੇ ਟੈਂਡਰ ਸਹੀ ਪਾਏ ਗਏ ਸਨ, ਜਿੰਨ੍ਹਾਂ ਵਿਚ ਸਭ ਤੋਂ ਘੱਟ ਆਰਐਨਆਰ ਨੇ 76 ਲੱਖ 30 ਹਜ਼ਾਰ, ਲਖਵੀਰ ਸਿੰਘ ਨੇ 1 ਕਰੋੜ 3 ਲੱਖ 70 ਹਜ਼ਾਰ ਅਤੇ ਆਰਡੀਆਰ ਨੇ 1 ਕਰੋੜ 3 ਲੱਖ 80 ਹਜ਼ਾਰ ਦੀ ਬੋਲੀ ਦਿੱਤੀ ਸੀ ਪ੍ਰੰਤੂ ਗੁਰਮੇਲ ਸਿੰਘ ਦੀ ਸਭ ਤੋਂ ਵੱਧ 1 ਕਰੋੜ 7 ਲੱਖ ਦੀ ਬੋਲੀ ਹੋਣ ਕਾਰਨ ਉਸਨੂੰ ਇਹ ਠੇਕਾ ਦਿੱਤਾ ਗਿਆ ਹੈ। ਇੱਥੇ ਦਸਣਾ ਬਣਦਾ ਹੈ ਕਿ ਲੰਘੀ 20 ਮਾਰਚ ਨੂੰ ਨਗਰ ਨਿਗਮ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ਵਿਚ ਸ਼ਹਿਰ ’ਚ ਮਾਲ ਰੋਡ ਉਪਰ ਬਣੀ ਬਹੁਮੰਜਿਲਾਂ ਪਾਰਕਿੰਗ ਦਾ ਅਲੱਗ ਅਤੇ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਧੋਬੀ ਬਜਾਰ, ਕਿੱਕਰ ਬਜ਼ਾਰ, ਹਸਪਤਾਲ ਬਜ਼ਾਰ, ਪੋਸਟ ਆਫ਼ਸ ਬਜ਼ਾਰ, ਸਦਰ ਬਜ਼ਾਰ, ਬੈਂਕ ਬਜ਼ਾਰ ਆਦਿ ਖੇਤਰਾਂ ’ਚ ਕਾਰਾਂ ਤੇ ਦੋ ਪਹੀਆਂ ਵਾਹਨ ਖੜੇ ਕਰਨ ਲਈ ਅਲੱਗ ਤੋਂ ਟੈਂਡਰ ਲਗਾਇਆ ਗਿਆ ਸੀ। ਦੋਨਾਂ ਟੈਂਡਰਾਂ ਲਈ ਰਿਜ਼ਰਵ ਕੀਮਤ 60 ਅਤੇ 62 ਲੱਖ ਰੁਪਏ ਸਲਾਨਾ ਰੱਖੀ ਗਈ ਸੀ। ਇਸ ਦੌਰਾਨ ਟੈਂਡਰ ਲਗਾਉਣ ਤੋਂ ਬਾਅਦ ਜਦ ਨਿਗਮ ਦੀ ਟੀਮ ਨੇ ਮਾਲ ਰੋਡ ’ਤੇ ਪਾਰਕਿੰਗ ਲਈ ਦੁਕਾਨਾਂ ਦੇ ਅੱਗੇ ਬਣੇ ਥੜਿਆਂ ਨੂੰ ਤੋੜ ਕੇ ਜਗ੍ਹਾਂ ਬਣਾਉਣੀ ਸ਼ੁਰੂ ਕੀਤੀ ਤਾਂ ਵਿਰੋਧ ਸ਼ੁਰੂ ਹੋ ਗਿਆ ਸੀ। ਜਿਸਤੋਂ ਬਾਅਦ ਨਿਗਮ ਦੀ 28 ਅਪ੍ਰੈਲ ਨੂੰ ਹੋਈ ਵਿੱਤ ਤੇ ਲੇਖਾ ਕਮੇਟੀ ਦੀ ਮੀਟਿੰਗ ਵਿਚ ਇਸ ਫੈਸਲੇ ਨੂੰ ਰੱਦ ਕਰਦਿਆਂ ਸ਼ਹਿਰ ਵਿਚ ਸਿਰਫ਼ ਇਕ ਬਹੁਮੰਜਿਲਾਂ ਪਾਰਕਿੰਗ ਹੀ ਰਹਿਣ ਦਿੱਤੀ ਗਈ ਸੀ। ਇਸਦੇ ਨਾਲ ਹੀ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿਚ ਪੀਲੀ ਲਾਈਨ ਖਿੱਚੀ ਜਾਵੇਗੀ, ਇੰਨ੍ਹਾਂ ਲਾਈਨ ਦੇ ਅੰਦਰ ਖੜ੍ਹੇ ਕੀਤੇ ਜਾਣ ਵਾਲੇ ਦੋ ਪਹੀਆਂ ਵਾਹਨਾਂ ਤੋਂ ਕੋਈ ਪਾਰਕਿੰਗ ਫ਼ੀਸ ਨਹੀਂ ਲਈ ਜਾਵੇਗੀ ਪ੍ਰੰੰਤੂ ਇੰਨ੍ਹਾਂ ਬਜ਼ਾਰਾਂ ਵਿਚ ਕਾਰ ਖੜੀ ਕਰਨ ਦੀ ਮਨਾਹੀ ਹੋਵੇਗੀ। ਉਧਰ ਅਜ ਦੀ ਮੀਟਿੰਗ ਵਿਚ ਮੇਅਰ ਰਮਨ ਗੋਇਲ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਡਿਪਟੀ ਮੇਅਰ ਹਰਮਿੰਦਰ ਸਿੰਘ ਸਿੱਧੂ, ਮੈਂਬਰ ਪ੍ਰਵੀਨ ਗਰਗ, ਬਲਜਿੰਦਰ ਸਿੰਘ ਤੋਂ ਇਲਾਵਾ ਕਮਿਸ਼ਨਰ ਰਾਹੁਲ ਅਤੇ ਐਸ.ਈ ਸੰਦੀਪ ਗਰਗ ਆਦਿ ਵੀ ਹਾਜ਼ਰ ਰਹੇ।
ਬਾਕਸ
ਪੰਜ ਹਾਈਡਰੋਲਿਕ ਟਰਾਲੀਆਂ ਤੇ 400 ਹੱਥ ਰੈਹੜੀਆਂ ਦੀ ਹੋਵੇਗੀ ਖਰੀਦ
ਬਠਿੰਡਾ: ਇਸ ਮੀਟਿੰਗ ਵਿਚ ਕਮੇਟੀ ਵਲੋਂ 5 ਹਾਈਡਰੋਲਿਕ ਟਰਾਲੀਆਂ ਅਤੇ ਸਫ਼ਾਈ ਸੇਵਕਾਂ ਲਈ 400 ਹੱਥ ਰੇਹੜੀਆਂ ਖਰੀਦਣ ਦਾ ਪ੍ਰਸਤਾਵ ਵੀ ਪਾਸ ਕਰ ਦਿੱਤਾ ਹੈ। ਇਸਦੇ ਨਾਲ ਸ਼ਹਿਰ ਵਿਚੋਂ ਕੂੜਾ ਕਰਕਟ ਚੁੱਕਣ ਵਿਚ ਹੋਰ ਅਸਾਨੀ ਹੋਵੇਗੀ।
Share the post "ਬਠਿੰਡਾ ਦੀ ਬਹੁਮੰਜਿਲਾਂ ਪਾਰਕਿੰਗ ਠੇਕੇ ’ਤੇ ਚੜ੍ਹੀ, ਹੁਣ ਉਦਘਾਟਨ ਦਾ ਇੰਤਜਾਰ"