ਅਦਾਲਤ ਨੇ ਲੜਕੀ ਨੂੰ ਨਾਰੀ ਨਿਕੇਤਨ ਕੇਂਦਰ ਵਿਚ ਭੇਜਿਆ
ਦੋ ਹਫ਼ਤੇ ਪਹਿਲਾਂ ਥਾਣਾ ਨਥਾਣਾ ’ਚ ਲੜਕੀ ਨੂੰ ਅਗਵਾ ਕਰਨ ਦੇ ਦੋਸ਼ਾਂ ਹੇਠ ਲੜਕੇ ਤੇ ਉਸਦੇ ਮਾਪਿਆਂ ਵਿਰੁਧ ਹੋਇਆ ਸੀ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 9 ਫਰਵਰੀ : ਵੀਰਵਾਰ ਦੁਪਿਹਰ ਸਥਾਨਕ ਜ਼ਿਲ੍ਹਾ ਅਦਾਲਤੀ ਕੰਪਲੈਕਸ ਅੰਦਰ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦ ਕਰੀਬ ਦੋ ਹਫ਼ਤੇ ਪਹਿਲਾਂ ਇੱਕ ਲੜਕੇ ਨਾਲ ਫ਼ਰਾਰ ਹੋਈ ਅਪਣੀ ਲੜਕੀ ਨੂੰ ਮਾਪਿਆਂ ਅਤੇ ਰਿਸ਼ਤੇਦਾਰਾਂ ਵਲੋਂ ਕਥਿਤ ਤੌਰ ’ਤੇ ਪੁਲਿਸ ਕੋਲੋ ਧੱਕੇ ਨਾਲ ਵਾਪਸ ਲੈਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੌਕੇ ’ਤੇ ਪੁੱਜੀ ਕਚਿਹਰੀ ਚੌਕੀ ਦੀ ਪੁਲਿਸ ਨੇ ਅਦਾਲਤੀ ਕੰਪਲੈਕਸ ਦੇ ਪੁਲਿਸ ਮੁਲਾਜਮਾਂ ਦੀ ਮੱਦਦ ਨਾਲ ਇੱਕ ਦਰਜ਼ਨ ਦੇ ਕਰੀਬ ਵਿਅਕਤੀਆਂ ਨੂੰ ਕਾਬੂ ਕਰਕੇ ਬਖ਼ਸੀਖ਼ਾਨੇ ਬੰਦ ਕਰ ਦਿੱਤਾ। ਬਾਅਦ ਵਿਚ ਆਦਲਤ ਦੇ ਨਾਇਬ ਕੋਰਟ ਹਰਦੀਪ ਸਿੰਘ ਦੇ ਬਿਆਨਾਂ ਉਪਰ ਲੜਕੀ ਦੇ ਪ੍ਰਵਾਰ ਵਾਲਿਆਂ ਅਤੇ ਉਨ੍ਹਾਂ ਦੀ ਮੱਦਦ ’ਤੇ ਆਏ ਸਰਪੰਚ ਸਹਿਤ ਦਸ ਵਿਅਕਤੀਆਂ ਵਿਰੁਧ ਕਰਦੇ ਵਿਰੁਧ ਪੁਲਿਸ ਨੇ ਅਧੀਨ ਧਾਰਾ 365,353,186,506,511,149 ਆਈ.ਪੀ.ਸੀ ਤਹਿਤ ਪਰਚਾ ਦਰਜ਼ ਕਰ ਦਿੱਤਾ। ਮਿਲੀ ਸੂਚਨਾ ਮੁਤਾਬਕ ਪਿੰਡ ਗਿੱਦੜ ਦੀ ਇੱਕ ਨਾਬਾਲਿਗ ਲੜਕੀ ਨੂੰ ਕਰੀਬ ਦੋ ਹਫ਼ਤੇ ਪਹਿਲਾਂ ਪਿੰਡ ਲਹਿਰਾਖ਼ਾਨਾ ਦਾ ਇੱਕ ਨੌਜਵਾਨ ਗੁਰਪੀ੍ਰਤ ਸਿੰਘ ਭਜਾ ਕੇ ਲੈ ਗਿਆ ਸੀ। ਇਸ ਸਬੰਧ ਵਿਚ ਥਾਣਾ ਨਥਾਣਾ ਦੀ ਪੁਲਿਸ ਨੇ ਲੜਕੀ ਦੇ ਪਿਤਾ ਬਾਬੂ ਖ਼ਾਨ ਦੇ ਬਿਆਨਾਂ ਉਪਰ 24 ਜਨਵਰੀ ਨੂੰ ਮੁਕੱਦਮਾ ਨੰਬਰ 6 ਅਧੀਨ ਧਾਰਾ 363,366ਏ ਅਤੇ 34 ਆਈ.ਪੀ.ਸੀ ਗੁਰਪ੍ਰੀਤ ਸਿੰਘ ਵਾਸੀ ਲਹਿਰਾਖ਼ਾਨਾ ਉਸਦੇ ਮਾਤਾ-ਪਿਤਾ ਵਿਰੁਧ ਦਰਜ਼ ਕੀਤਾ ਸੀ। ਇਸ ਦੌਰਾਨ ਅੱਜ ਲੜਕੀ ਅਤੇ ਲੜਕਾ ਅਦਾਲਤ ਦੀ ਮੱਦਦ ਲੈਣ ਵਾਸਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਪੁੱਜੇ ਹੋਏ ਸਨ। ਇਸਤੋਂ ਇਲਾਵਾ ਇਹ ਵੀ ਪਤਾ ਲੱਗਿਆ ਹੈ ਕਿ ਇਸ ਕੇਸ ਵਿਚ ਲੜਕੇ ਦੇ ਮਾਪਿਆਂ ਵਲੋਂ ਵੀ ਜਮਾਨਤ ਦੀ ਅਰਜੀ ਲਗਾਈ ਹੋਈ ਸੀ। ਇਸਦੀ ਭਿਣਕ ਲੜਕੀ ਵਾਲਿਆਂ ਨੂੰ ਵੀ ਲੱਗ ਗਈ ਤੇ ਉਹ ਵੀ ਇਕੱਠੇ ਹੋ ਕੇ ਅਦਾਲਤੀ ਕੰਪਲੈਕਸ ਵਿਚ ਪੁੱਜ ਗਏ। ਇਸ ਦੌਰਾਨ ਜਦ ਥਾਣਾ ਨਥਾਣਾ ਦਾ ਥਾਣੇਦਾਰ ਪਰਮਜੀਤ ਸਿੰਘ ਲੜਕੀ ਨੂੰ ਉਸਦੇ 164 ਤਹਿਤ ਬਿਆਨ ਕਰਵਾਉਣ ਲਈ 10 ਨੰਬਰ ਅਦਾਲਤ ਵਿਚ ਲਿਜਾਣ ਲੱਗਿਆਂ ਤਾਂ ਲੜਕੀ ਦੇ ਪ੍ਰਵਾਰ ਵਾਲਿਆਂ ਨੇ ਉਨ੍ਹਾਂ ਦੀ ਲੜਕੀ ਨਾਲ ਗੱਲ ਕਰਵਾਉਣ ਲਈ ਕਿਹਾ। ਇਸ ਦੌਰਾਨ ਹੰਗਾਮਾ ਹੋ ਗਿਆ ਤੇ ਪੁਲਿਸ ਨੇ ਲੜਕੀ ਤੇ ਲੜਕੇ ਦੇ ਪ੍ਰਵਾਰ ਨੂੰ ਉਕਤ ਅਦਾਲਤ ਦੇ ਅੰਦਰ ਭੇਜ ਕੇ ਗੇਟ ਬੰਦ ਕਰ ਦਿੱਤਾ। ਪੁਲਿਸ ਅਧਿਕਾਰੀਆਂ ਮੁਤਾਬਕ ਲੜਕੀ ਦੇ ਪ੍ਰਵਾਰ ਵਾਲਿਆਂ ਨੇ ਹੰਗਾਮਾ ਜਾਰੀ ਰੱਖਦਿਆਂ ਅਦਾਲਤ ਦਾ ਦਰਵਾਜ਼ਾ ਵੀ ਤੋੜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹੋਰ ਪੁਲਿਸ ਬੁਲਾਈ ਗਈ, ਜਿਸਤੋਂ ਬਾਅਦ ਲੜਕੀ ਦੇ ਪ੍ਰਵਾਰ ਵਾਲਿਆਂ ਨੂੰ ਫ਼ੜ ਕੇ ਅਦਾਲਤ ਦੇ ਬਖ਼ਸੀਖ਼ਾਨੇ ਵਿਚ ਬੰਦ ਕਰ ਦਿੱਤਾ ਗਿਆ। ਇਸ ਮੌਕੇ ਲੜਕੀ ਦੇ ਪ੍ਰਵਾਰ ਵਾਲਿਆਂ ਨੇ ਥਾਣਾ ਨਥਾਣਾ ਦੀ ਪੁਲਿਸ ਉਪਰ ਲੜਕੇ ਵਾਲਿਆਂ ਦੀ ਵੀ ਮੱਦਦ ਕਰਨ ਦਾ ਦੋਸ਼ ਲਗਾਇਆ। ਥਾਣਾ ਸਿਵਲ ਲਾਈਨ ਦੇ ਐਸ.ਐਚ.ਓ ਨੇ ਦਸਿਆ ਕਿ ਇਸ ਮਾਮਲੇ ਵਿਚ ਲੜਕੀ ਦੇ ਪਿਤਾ ਬਾਬੂ ਖ਼ਾਨ, ਸਰਪੰਚ ਨੂਰਦੀਨ ਖ਼ਾਨ, ਅਕਬਰ ਖ਼ਾਨ, ਗੋਲੇ ਬੈਗਮ, ਜੈਸਮੀਨ, ਮਨਪ੍ਰੀਤ ਸਿੰਘ, ਕੁਲਵੰਤ ਸਿੰਘ, ਗੁਰਜੀਤ ਸਿੰਘ ਸਾਰੇ ਗਿੱਦੜ ਪਿੰਡ, ਆਤਮਾ ਖ਼ਾਨ ਵਾਸੀ ਦਿਆਲੂ ਵਾਲਾ ਖੀਵਾ ਅਤੇ ਜਗਤਾਰ ਸਿੰਘ ਵਾਸੀ ਲਹਿਰਾਖ਼ਾਨਾ ਵਿਰੁਧ ਪਰਚਾ ਦਰਜ ਕੀਤਾ ਗਿਆ ਹੈ।
ਬਾਕਸ
ਨਾਬਾਲਿਗ ਲੜਕੀ ਨੂੰ ਨਾਰੀ ਨਿਕੇਤਨ ਭੇਜਿਆ
ਬਠਿੰਡਾ: ਉਧਰ ਅਦਾਲਤ ਨੰਬਰ 10 ਦੇ ਜੱਜ ਸ਼੍ਰੀਮਤੀ ਸਰੀਜ਼ਨ ਸ਼ੁਕਲਾ ਜੇ.ਐਮ.ਆਈ.ਸੀ ਨੇ ਲੜਕੀ ਦੇ 164 ਤਹਿਤ ਬਿਆਨ ਦਰਜ਼ ਕਰਵਾਏ। ਸੂਚਨਾ ਮੁਤਾਬਕ ਲੜਕੀ ਨੇ ਅਪਣੀ ਮਰਜ਼ੀ ਨਾਲ ਲੜਕੇ ਨਾਲ ਰਹਿਣ ਲਈ ਕਿਹਾ ਹੈ ਪ੍ਰੰਤੂ ਲੜਕੀ ਦੀ ਉਮਰ 16 ਸਾਲ ਹੋਣ ਕਾਰਨ ਅਦਾਲਤ ਨੇ ਉਸਨੂੰ ਨਾਰੀ ਨਿਕੇਤਨ ਕੇਂਦਰ ਵਿਚ ਭੇਜਣ ਦੇ ਹੁਕਮ ਦਿੱਤੇ, ਜਿਸਤੋਂ ਬਾਅਦ ਪੁਲਿਸ ਸੁਰੱਖਿਆ ਹੇਠ ਲੜਕੀ ਨੂੰ ਉਕਤ ਕੇਂਦਰ ਭੇਜ ਦਿੱਤਾ ਗਿਆ।
Share the post "ਬਠਿੰਡਾ ਦੇ ਅਦਾਲਤੀ ਕੰਪਲੈਕਸ ’ਚ ਹੰਗਾਮਾ, ਨਾਬਾਲਿਗ ਲੜਕੀ ਨੂੰ ਧੱਕੇ ਨਾਲ ਵਾਪਸ ਲੈਣ ਆਏ ਮਾਪਿਆਂ ਵਿਰੁਧ ਪਰਚਾ ਦਰਜ਼"