ਲੋਕਾਂ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਚਾੜਿਆ ਕੁਟਾਪਾ, ਪੁਲਿਸ ਵਲੋਂ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 31 ਮਾਰਚ : ਕੁੱਝ ਦਿਨ ਪਹਿਲਾਂ ਪਿੰਡ ਨਕੋਦਰ ਮੱਲੀਆਂ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਅੰਤਰਰਾਸ਼ਟਰੀ ਖਿਡਾਰੀ ਸੰਦੀਪ ਅੰਬੀਆਂ ਦੇ ਕਤਲ ਦਾ ਮਾਮਲੇ ਦੀ ਚਰਚਾ ਹਾਲੇ ਖ਼ਤਮ ਨਹੀਂ ਹੋਈ ਸੀ ਕਿ ਬੀਤੀ ਦੇਰ ਸ਼ਾਮ ਜ਼ਿਲ੍ਹੇ ਦੇ ਪਿੰਡ ਕੋਠਾ ਗੁਰੂ ਵਿਖੇ ਇਕ ਰੋਜਾ ਕਬੱਡੀ ਟੂਰਨਾਮੈਂਟ ਦੌਰਾਨ ਟੀਮ ’ਚ ਵੱਧ ਭਾਰ ਵਾਲੇ ਖਿਡਾਰੀਆਂ ਨੂੰ ਖਿਡਾਉਣ ਨੂੰ ਲੈ ਕੇ ਹੋਈ ਤਕਰਾਰ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਹੈ। ਹਾਲਾਂਕਿ ਇਸ ਘਟਨਾ ਵਿਚ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਪ੍ਰੰਤੂ ਮੌਕੇ ’ਤੇ ਮੌਜੂਦ ਲੋਕਾਂ ਨੇ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਵਿਚੋਂ ਦੋ ਨੂੰ ਕਾਬੂ ਕਰਕੇ ਚੰਗਾ ਕੁਟਾਪਾ ਚਾੜਣ ਦੀ ਸੂਚਨਾ ਹੈ। ਥਾਣਾ ਦਿਆਲਪੁਰਾ ਦੀ ਪੁਲਿਸ ਵਲੋਂ ਇਸ ਮਾਮਲੇ ਵਿਚ ਉਕਤ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ। ਇਸ ਸਬੰਧ ਵਿਚ ਰਾਜਵਿੰਦਰ ਸਿਘ ਨਾਂ ਦੇ ਨੌਜਵਾਨ ਦੀ ਸਿਕਾਇਤ ਉਪਰ ਸੱਤ ਨੌਜਵਾਨਾਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਮਾਮਲੇ ਦੀ ਪੁਸਟੀ ਕਰਦਿਆਂ ਥਾਣਾ ਮੁਖੀ ਇੰਸਪੈਕਟਰ ਸੰਦੀਪ ਸਿੰਘ ਭਾਟੀ ਨੇ ਦਸਿਆ ਕਿ ਬੁੱਧਵਾਰ ਨੂੰ ਪਿੰਡ ਕੋਠਾ ਗੁਰੂ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ। ਇਸੇ ਦੌਰਾਨ ਦੇਰ ਸਾਮ ਜਦ ਕੋਠਾ ਗੁਰੂ ਤੇ ਚਾਉਕੇ ਦੇ ਖਿਡਾਰੀਆਂ ਵਿਚਕਾਰ 52 ਕਿਲੋ ਵਾਲੇ ਖਿਡਾਰੀਆਂ ਦਾ ਮੈਚ ਚੱਲ ਰਿਹਾ ਸੀ ਤਾਂ ਚਾਉਕੇ ਦੀ ਟੀਮ ਵਲੋਂ ਕਥਿਤ ਤੌਰ ’ਤੇ ਇੱਕ ਵੱਧ ਭਾਰ ਵਾਲੇ ਖਿਡਾਰੀਆਂ ਨੂੰ ਖਿਡਾਉਣ ਨੂੰ ਲੈ ਕੇ ਦੋਨਾਂ ਵਿਚਕਾਰ ਤਕਰਾਰ ਹੋ ਗਿਆ। ਇਸ ਦੌਰਾਨ ਕੁੱਝ ਨੌਜਵਾਨਾਂ ਨੇ ਕੋਠਾਗੁਰੂ ਟੀਮ ਦੀ ਹਿਮਾਇਤ ਕਰਦਿਆਂ ਫ਼ਾਈਰਿੰਗ ਕਰ ਦਿੱਤੀ, ਜਿਸ ਕਾਰਨ ਮੌਕੇ ’ਤੇ ਭਗਦੜ ਮੱਚ ਗਈ। ਮੌਕੇ ’ਤੇ ਹੀ ਕੁੱਝ ਨੌਜਵਾਨਾਂ ਵਲੋਂ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਵਿਚੋਂ ਵਿਸਨੂੰ ਉਰਫ਼ ਗੋਲਾ ਅਤੇ ਅਮਰ ਸਿੰਘ ਨੂੰ ਕਾਬੂ ਕਰਕੇ ਕੁਟਾਪਾ ਚਾੜ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪੁੱਜੀ ਤੇ ਉਕਤ ਦੋਨਾਂ ਨੂੰ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ। ਪੁਲਿਸ ਅਧਿਕਾਰੀਆਂ ਮੁਤਾਬਕ ਮੌਕੇ ਤੋਂ 12 ਬੋਰ ਦੀ ਰਾਈਫ਼ਲ ਅਤੇ 3 ਚੱਲੇ ਹੋਏ ਖ਼ਾਲੀ ਕਾਰਤੂਸ ਵੀ ਬਰਾਮਦ ਕਰ ਲਏ। ਥਾਣਾ ਮੁਖੀ ਨੇ ਦਸਿਆ ਕਿ ਵਿਸਨੂੰ ਉਰਫ਼ ਗੋਲਾ ਤੇ ਅਮਰ ਸਿੰਘ ਦੀ ਗਿ੍ਰਫਤਾਰੀ ਪਾ ਲਈ ਹੈ ਜਦੋਂਕਿ ਗੁਰਪ੍ਰੀਤ ਮੋਟਾ ਅਤੇ ਜੱਗਦੀਪ ਉਰਫ਼ ਗੱਗਾ ਤੇ ਤਿੰਨ ਅਣਪਛਾਤੇ ਵਿਅਕਤੀਆਂ ਨੂੰ ਕਾਬੂ ਕਰਨ ਵਾਲਾ ਬਾਕੀ ਹੈ। ਇੰਨ੍ਹਾਂ ਸਾਰਿਆਂ ਵਿਰੁਧ ਧਾਰਾ 307, 148,149 ਆਈ.ਪੀ.ਸੀ ਤੇ ਅਸਲਾ ਐਕਟ ਤਹਿਤ ਕੇਸ ਦਰਜ਼ ਕੀਤਾ ਗਿਆ ਹੈ।
ਬਠਿੰਡਾ ਦੇ ਕੋਠਾਗੁਰੂ ’ਚ ਕਬੱਡੀ ਟਰਨਾਮੈਂਟ ਦੌਰਾਨ ਚੱਲੀਆਂ ਗੋਲੀਆਂ
8 Views