ਸੁਖਜਿੰਦਰ ਮਾਨ
ਬਠਿੰਡਾ, 4 ਅਪ੍ਰੈਲ : ਸ਼ਹਿਰ ’ਚ ਅਮਨ-ਅਮਾਨ ਦੀ ਸਥਿਤੀ ਬਣਾਈ ਰੱਖਣ ਅਤੇ ਆਗਾਮੀ ਵਿਸਾਖੀ ਦੇ ਪਵਿੱਤਰ ਤਿਊਹਾਰ ਦੇ ਮੱਦੇਨਜ਼ਰ ਅੱਜ ਬਠਿੰਡਾ ਪੁਲੀਸ ਵੱਲੋਂ ਕੇਂਦਰੀ ਸੁਰੱਖਿਆ ਬਲਾਂ ਦੇ ਸਹਿਯੋਗ ਨਾਲ ਸਹਿਰ ਵਿਚ ਫਲੈਗ ਮਾਰਚ ਕੱਢਿਆ ਗਿਆ। ਨੌਜਵਾਨ ਆਈ.ਪੀ.ਐਸ ਅਧਿਕਾਰੀ ਐਸ.ਪੀ.ਡੀ ਅਜੈ ਗਾਂਧੀ ਦੀ ਅਗਵਾਈ ਹੇਠ ਕੱਢਿਆ ਗਿਆ ਇਹ ਫਲੈਗ ਮਾਰਚ ਸ਼ਹਿਰ ਦੇ ਫਾਇਰ ਬ੍ਰਿਗੇਡ ਚੌਂਕ ਤੋਂ ਰੇਲਵੇ ਸਟੇਸ਼ਨ, ਧੋਬੀ ਬਾਜ਼ਾਰ, ਬੱਸ ਸਟੈਂਡ, ਸਿਵਲ ਲਾਇਨ ਆਦਿ ਖੇਤਰਾਂ ਵਿਚ ਗੁਜਰਿਆਂ। ਇਸ ਮੌਕੇ ਸ਼ਹਿਰ ਦੇ ਸਮੁੱਚੇ ਥਾਣਿਆਂ ਦੀ ਪੁਲੀਸ ਵੀ ਮੌਜੂਦ ਸੀ। ਐਸ.ਪੀ.ਅਜੈ ਗਾਂਧੀ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਇਹ ਫਲੈਗ ਮਾਰਚ ਅਮਨ ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਕੱਢਿਆ ਗਿਆ ਹੈ ਅਤੇ ਅੰਤਰਰਾਜੀ ਨਾਕਿਆਂ ਤੇ ਪੁਲੀਸ ਨੇ ਨਾਕਾਬੰਦੀ ਕੀਤੀ ਹੋਈ ਅਤੇ ਪੁਲੀਸ ਪੂਰੀ ਤਰਾਂ ਮੁਸਤੈਦੀ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਨੂੰ ਭੰਗ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਲੋਕ ਸ਼ਰਾਰਤੀ ਅਨਸਰਾਂ ਦੀ ਸੂਚਨਾ ਪੁਲਿਸ ਨਾਲ ਜ਼ਰੂਰ ਸਾਂਝੀ ਕਰਨ। ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਮੁੱਦੇ ਨੂੰ ਲੈ ਕੇ ਪੂਰੇ ਪੰਜਾਬ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਇਸਤੋਂ ਇਲਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਪੁਲਿਸ ਵਲੋਂ ਵਿਸੇਸ ਤੌਰ ’ਤੇ ਨਾਕੇਬੰਦੀ ਕੀਤੀ ਹੋਈ ਹੈ।
Share the post "ਬਠਿੰਡਾ ਪੁਲਿਸ ਵਲੋਂ ਕੇਂਦਰੀ ਸੁਰੱਖਿਆ ਬਲਾਂ ਦੀ ਮੱਦਦ ਨਾਲ ਸ਼ਹਿਰ ’ਚ ਫਲੈਗ ਮਾਰਚ"