ਚਾਰ ਕਾਬੂ, 38 ਸਿਲੰਡਰ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ : ਸਥਾਨਕ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਗੈਸ ਕੰਪਨੀਆਂ ਦੀਆਂ ਗੱਡੀਆਂ ਤੋਂ ਗੈਸ ਸਿਲੰਡਰ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਇਸਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ 38 ਸਿਲੰਡਰ ਬਰਾਮਦ ਕਰਵਾਏ ਹਨ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਸਪਾਲ ਸਿੰਘ ਉਰਫ ਸਾਹਿਲ ਵਾਸੀ ਆਦਰਸ਼ ਨਗਰ,ਅਜੈ ਕੁਮਾਰ ਉਰਫ ਕਾਕੂ ਵਾਸੀ ਹਜੂਰਾ ਕਪੂਰਾ ਕਲੋਨੀ, ਗੁਰਸੇਵਕ ਸਿੰਘ ਵਾਸੀ ਪਿੰਡ ਜੋਗਾਨੰਦ, ਗੁਰਦੀਪ ਸਿੰਘ ਉਰਫ ਕਾਲੀ ਵਾਸੀ ਨੈਸ਼ਨਲ ਕਲੋਨੀ ਬਠਿੰਡਾ ਵਲੋਂ ਇੱਕ ਗਿਰੋਹ ਬਣਾਇਆ ਹੋਇਆ ਹੈ। ਇਸ ਗਿਰੋਹ ਦੇ ਮੈਂਬਰਾਂ ਵਲੋਂ ਗੈਸ ਸਿਲੰਡਰ ਚੋਰੀ ਕਰਕੇ ਅੱਗੇ ਵੇਚ ਦਿੱਤੇ ਜਾਂਦੇ ਹਨ। ਥਾਣਾ ਮੁਖੀ ਨੇ ਦਸਿਆ ਕਿ ਮੁਢਲੀ ਪੁਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਵਲੋਂ ਲੋਕਾਂ ਦੇ ਘਰਾਂ ’ਚ ਗੈਸ ਸਿਲੰਡਰ ਸਪਲਾਈ ਕਰਨ ਜਾਂਦੀਆਂ ਗੱਡੀਆਂ ਦਾ ਪਿੱਛਾ ਕੀਤਾ ਜਾਂਦਾ ਸੀ। ਇਸ ਦੌਰਾਨ ਜਦ ਡਿਲਵਰੀ ਵਾਲਾ ਲੜਕਾ ਸਿਲੰਡਰ ਘਰ ਦੇ ਅੰਦਰ ਰੱਖਣ ਚਲਾ ਜਾਂਦਾ ਸੀ ਤਾਂ ਇੰਨ੍ਹਾਂ ਵਲੋਂ ਗੱਡੀ ਵਿੱਚੋਂ ਸਿਲੰਡਰ ਚੋਰੀ ਕਰ ਲਏ ਜਾਂਦੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਇਹ ਚੋਰੀਆਂ ਨਸ਼ੇ ਦੇ ਪੂਰਤੀ ਲਈ ਹੀ ਕਰਦੇ ਸਨ। ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਜਸਪਾਲ ਉਰਫ ਸਾਹਿਲ ਤਿੰਨ ਮੁਕੱਦਮੇ ਅਤੇ ਅਜੇ ਕੁਮਾਰ ਉਰਫ਼ ਕਾਕੂ ਵਿਰੁਧ ਇੱਕ ਕੇਸ ਪਹਿਲਾਂ ਵੀ ਦਰਜ਼ ਹਨ।
Share the post "ਬਠਿੰਡਾ ਪੁਲਿਸ ਵਲੋਂ ਗੈਸ ਕੰਪਨੀਆਂ ਦੀਆਂ ਗੱਡੀਆਂ ਤੋਂ ਸਿਲੰਡਰ ਚੋਰੀਆਂ ਕਰਨ ਵਾਲਾ ਗਿਰੋਹ ਕਾਬੂ"