ਭਾਰੀ ਸੁਰੱਖਿਆ ਹੇਠ ਪੁਲਿਸ ਨੇ ਕਰਵਾਈ ਭਾਜਪਾ ਦੀ ਰੈਲੀ
ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਫ਼ੂਕਿਆ ਪੁਤਲਾ
ਸੁਖਜਿੰਦਰ ਮਾਨ
ਬਠਿੰਡਾ, 16 ਫਰਵਰੀ: ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਸ਼ੁਰੂ ਹੋਏ ਕਿਸਾਨ ਸੰਰਘਸ਼ ਦੀ ਬੇਸ਼ੱਕ ਸਮਾਪਤੀ ਹੋ ਗਈ ਹੈ ਪ੍ਰੰਤੂ ਬਕਾਇਆ ਰਹਿੰਦੀਆਂ ਕਿਸਾਨੀਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਮੁੜ ਮੋਦੀ ਸਰਕਾਰ ਵਿਰੁਧ ਮੋਰਚਾ ਖੋਲ ਦਿੱਤਾ ਹੈ। ਅੱਜ ਬਠਿੰਡਾ ’ਚ ਇੱਕ ਚੋਣ ਰੈਲੀ ਵਿਚ ਹਿੱਸਾ ਲੈਣ ਪੁੱਜੀ ਕੇਂਦਰੀ ਮੰਤਰੀ ਸਮਿ੍ਰਤੀ ਇਰਾਨੀ ਦਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ’ਚ ਇਕੱਠੇ ਕਿਸਾਨਾਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ। ਕਿਸਾਨਾਂ ਦੇ ਰੁੱਖ ਨੂੰ ਦੇਖਦਿਆਂ ਪੁਲਿਸ ਅਧਿਕਾਰੀ ਭਾਰੀ ਸੁਰੱਖਿਆ ਹੇਠ ਕੇਂਦਰੀ ਮੰਤਰੀ ਨੂੰ ਦੂਜੇ ਰਾਸਤਿਓ ਸਮਾਗਮ ਵਾਲੀ ਜਗ੍ਹਾਂ ਲੈ ਕੇ ਪੁੱਜੇ। ਇਸ ਦੌਰਾਨ ਪੁਲਿਸ ਵਲੋਂ ਰੋਕਾਂ ਖ਼ੜੀਆਂ ਕਰਕੇ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਣ ’ਤੇ ਗੁੱਸੇ ਵਿਚ ਆਏ ਕਿਸਾਨਾਂ ਨੇ ਨਾਅਰੇਬਾਜੀ ਕਰਦਿਆਂ ਧਰਨਾ ਲਗਾਇਆ ਤੇ ਇਸ ਮੌਕੇ ਮੋਦੀ ਸਰਕਾਰ ਦਾ ਪੁਤਲਾ ਵੀ ਫ਼ੂਕਿਆ ਗਿਆ। ਦਸਣਾ ਬਣਦਾ ਹੈ ਕਿ ਬੀਤੇ ਕੱਲ ਵੀ ਜ਼ਿਲ੍ਹੇ ਦੇ ਮੋੜ ’ਚ ਭਾਜਪਾ ਉਮੀਦਵਾਰ ਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਦਾ ਕਿਸਾਨਾਂ ਨੇ ਭਰਵਾਂ ਵਿਰੋਧ ਕੀਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਕਰੀਬ ਦੋ ਘੰਟੇ ਹੈਲੀਪੇਡ ਵਾਲੀ ਜਗ੍ਹਾਂ ’ਤੇ ਹੀ ਰੁਕਣਾ ਪਿਆ ਸੀ। ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਤੇ ਬਲਦੇਵ ਸਿੰਘ ਸੰਦੋਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ’ਤੇ ਦੋਸ਼ ਲਗਾਇਆ ਕਿ ਕਿਸਾਨ ਸੰਘਰਸ਼ ਨੂੰ ਖ਼ਤਮ ਕਰਨ ਸਮੇਂ ਸਰਕਾਰ ਦੇ ਨੁਮਾਇੰਦਿਆਂ ਨੇ ਬਕਾਇਆ ਮੰਗਾਂ ਨੂੰ ਜਲਦ ਹੀ ਪੂਰਾ ਕਰਨ ਦਾ ਭਰੋਸਾ ਦਿਵਾਇਆ ਸੀ। ਪ੍ਰੰਤੂ ਹੁਣ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸਦੇ ਉਲਟ ਲਖੀਮਰਪੁਰ ਕਾਂਡ ਦੇ ਕਥਿਤ ਦੋਸ਼ੀ ਨੂੰ ਜਮਾਨਤ ਦਿਵਾ ਦਿੱਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜਿੰਨ੍ਹਾਂ ਸਮਾਂ ਬਕਾਇਆ ਮੰਗਾਂ ਦਾ ਹੱਲ ਨਹੀਂ ਹੁੰਦਾ, ਉਨ੍ਹਾਂ ਸਮਾਂ ਪੰਜਾਬ ’ਚ ਚੋਣ ਪ੍ਰਚਾਰ ਲਈ ਆਉਣ ਵਾਲੇ ਭਾਜਪਾ ਦੇ ਸਟਾਰ ਪ੍ਰਚਾਰਕਾਂ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।
ਬਠਿੰਡਾ ਪੁੱਜੀ ਕੇਂਦਰੀ ਮੰਤਰੀ ਸ੍ਰਮਿਤੀ ਇਰਾਨੀ ਦਾ ਕਿਸਾਨਾਂ ਨੇ ਕੀਤਾ ਵਿਰੋਧ
5 Views