ਸੁਖਜਿੰਦਰ ਮਾਨ
ਬਠਿੰਡਾ, 11 ਅਗਸਤ :ਭਾਰਤ ਦੇ ਸਿੱਖਿਆ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏ.ਆਈ.ਸੀ.ਟੀ.ਈ. ਦੀ ਅਗਵਾਈ ਹੇਠ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ ਵੱਲੋਂ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ 30 ਮਿੰਟ ਦੀ ਸਰੀਰਕ ਗਤੀਵਿਧੀ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕਰਨ ਵਾਸਤੇ ‘ਫਿਟਨੈੱਸ ਕੀ ਡੋਜ਼ ਅੱਧਾ ਘੰਟਾ ਰੋਜ਼’ ਤਹਿਤ ਭਾਰਤ ਦੇ 75ਵੇਂ ਆਜ਼ਾਦੀ ਦਿਵਸ ( ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ) ਦੇ ਮੌਕੇ ‘ਤੇ 13 ਅਗਸਤ ਨੂੰ ਸਵੇਰੇ 9 ਵਜੇ ‘ਫਿਟ ਇੰਡੀਆ ਫਰੀਡਮ ਰਨ 2.0’ ਨਾਮਕ ਗਤੀਵਿਧੀ ਕਰਵਾਈ ਜਾ ਰਹੀ ਹੈ । ਇਹ ਗਤੀਵਿਧੀ ਬੀ.ਐਫ.ਜੀ ਆਈ. ਕੈਂਪਸ, ਮੁਕਤਸਰ ਰੋਡ ਬਠਿੰਡਾ ਵਿਖੇ ਕਰਵਾਈ ਜਾਵੇਗੀ ਜਿਸ ਵਿੱਚ ਵਿਦਿਆਰਥੀ, ਫੈਕਲਟੀ ਮੈਂਬਰ ਅਤੇ ਦੇਸ਼ ਦਾ ਕੋਈ ਵੀ ਨਾਗਰਿਕ ਹਿੱਸਾ ਲੈ ਸਕਦਾ ਹੈ। ਇਸ ਗਤੀਵਿਧੀ ਵਿੱਚ ਭਾਗੀਦਾਰਾਂ ਵੱਲੋਂ 3 ਤੋਂ 5 ਕਿਲੋਮੀਟਰ ਤੱਕ ਦੀ ਦੂਰੀ ਤਹਿ ਕੀਤੀ ਜਾਵੇਗੀ । ਹਰ ਭਾਗੀਦਾਰ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਣਗੇ। ਦੱਸਣਯੋਗ ਹੈ ਕਿ ਦੇਸ਼ ਭਰ ਵਿੱਚ ‘ਫਿਟ ਇੰਡੀਆ ਫਰੀਡਮ ਰਨ 2.0’ ਦਾ ਵਰਚੂਅਲ ਉਦਘਾਟਨ ਸ੍ਰੀ ਅਨੁਰਾਗ ਸਿੰਘ ਠਾਕੁਰ, ਮਾਨਯੋਗ ਕੇਂਦਰੀ ਮੰਤਰੀ, ਯੁਵਾ ਮਾਮਲੇ ਅਤੇ ਖੇਡਾਂ, ਭਾਰਤ ਸਰਕਾਰ ਅਤੇ ਸ੍ਰੀ ਨਿਸਿਥ ਪਰਾਮਾਨਿਕ, ਮਾਨਯੋਗ ਰਾਜ ਮੰਤਰੀ, ਯੁਵਾ ਮਾਮਲੇ ਅਤੇ ਖੇਡਾਂ, ਭਾਰਤ ਸਰਕਾਰ ਵੱਲੋਂ 13 ਅਗਸਤ ਨੂੰ ਕੀਤਾ ਜਾਵੇਗਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਸਾਰਿਆਂ ਨੂੰ ਇਸ ਗਤੀਵਿਧੀ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ ਦੇ ਪ੍ਰਿੰਸੀਪਲ, ਸਟਾਫ਼ ਅਤੇ ਵਿਸ਼ੇਸ਼ ਤੌਰ ‘ਤੇ ਖੇਡ ਵਿਭਾਗ ਦੇ ਯਤਨਾਂ ਦੀ ਪ੍ਰਸੰਸਾ ਕੀਤੀ।