ਪੰਜਾਬੀ ਖਬਰਸਾਰ ਬਿਊਰੋ
ਚੰਡੀਗੜ੍ਹ, 23 ਮਈ: ਪਿਛਲੇ ਦਿਨੀਂ ਸੁਪਰੀਮ ਕੋਰਟ ਵਿਚੋਂ ਖਾਲੀ ਹੱਥ ਮੁੜੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਨੂੰ ਨਸ਼ਾ ਤਸਕਰਾਂ ਦੇ ਕੇਸ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚਂੋ ਵੀ ਰਾਹਤ ਨਹੀਂ ਮਿਲੀ ਹੈ। ਪਟਿਆਲਾ ਜੇਲ੍ਹ ਵਿਚ ਬੰਦ ਸ: ਮਜੀਠਿਆ ਦੀ ਜਮਾਨਤ ਅਰਜੀ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 30 ਮਈ ’ਤੇ ਪਾ ਦਿੱਤੀ ਹੈ। 24 ਫ਼ਰਵਰੀ ਨੂੰ ਤੋਂ ਪਟਿਆਲਾ ਜੇਲ੍ਹ ਵਿਚ ਬੰਦ ਸ: ਮਜੀਠਿਆ ਨੂੰ ਹਾਲੇ ਕੁੱਝ ਸਮਾਂ ਹੋਰ ਜੇਲ੍ਹ ਤੋਂ ਬਾਹਰ ਆਉਣ ਲਈ ਇੰਤਜਾਰ ਕਰਨਾ ਪੈ ਸਕਦਾ ਹੈ। ਮਹੱਤਵਪੂਰਨ ਗੱਲ ਇਹ ਵੀ ਦਸਣਾ ਬਣਦੀ ਹੈ ਕਿ ਉਸਦੇ ਵਿਰੁਧ ਨਸ਼ਾ ਤਸਕਰੀ ਦਾ ਦੋਸ਼ ਲਗਾਉਣ ਵਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਸੁਪਰੀਮ ਕੋਰਟ ਵਲੋਂ ਇੱਕ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਟਿਆਲਾ ਜੇਲ੍ਹ ਵਿਚ ਪੁੱਜ ਗਏ ਹਨ। ਸਿੱਧੂ ਵਲੋਂ ਇਸ ਮਾਮਲੇ ’ਚ ਪਿਛਲੀ ਕਾਂਗਰਸ ਸਰਕਾਰ ’ਤੇ ਦਬਾਅ ਬਣਾਏ ਜਾਣ ਤੋਂ ਬਾਅਦ ਪਿਛਲੇ ਸਾਲ ਦਸੰਬਰ ਵਿਚ ਉਨ੍ਹਾਂ ਵਿਰੁਧ ਨਸ਼ਿਆਂ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਸੀ। ਪ੍ਰੰਤੂ ਉਸ ਸਮੇਂ ਕਈ ਦਿਨ ਰੂਪੋਸ਼ ਰਹਿਣ ਤੋਂ ਬਾਅਦ ਮਜੀਠਿਆ ਨੂੰ ਚੋਣਾਂ ਹੋਣ ਕਾਰਨ ਸੁਪਰੀਮ ਕੋਰਟ ਤੋਂ ਰਾਹਤ ਮਿਲ ਗਈ ਸੀ ਤੇ 23 ਫ਼ਰਵਰੀ ਤੱਕ ਉਨ੍ਹਾਂ ਦੀ ਗਿ੍ਰਫਤਾਰੀ ’ਤੇ ਅਦਾਲਤ ਨੇ ਰੋਕ ਲਾ ਦਿੱਤੀ ਸੀ। ਇਸ ਤੋਂ ਬਾਅਦ ਮਜੀਠੀਆ ਨੇ 24 ਫਰਵਰੀ ਨੂੰ ਮੁਹਾਲੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਸੀ ਤੇ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਭੇਜਿਆ ਗਿਆ ਸੀ।
ਬਿਕਰਮ ਮਜੀਠਿਆ ਨੂੰ ਹਾਈਕੋਰਟ ਤੋਂ ਵੀ ਨਹੀਂ ਮਿਲੀ ਰਾਹਤ
2 Views