ਸੁਖਜਿੰਦਰ ਮਾਨ
ਬਠਿੰਡਾ, 26 ਫਰਵਰੀ : ਸੂਬੇ ’ਚ ਨਿੱਤ ਦਿਨ ਮਾੜੀਆਂ ਖ਼ਾਦਾਂ ਤੇ ਕੀਟਨਾਸ਼ਕ ਦਵਾਈਆਂ ਵਿਕਣ ਦੀਆਂ ਮਿਲ ਰਹੀਆਂ ਸਿਕਾਇਤਾਂ ਦੌਰਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਸਿਕਾਇਤ ’ਤੇ ਨਜਦੀਕੀ ਪਿੰਡ ਵਿਰਕ ਕਲਾਂ ਵਿਖੇ ਰੋਹਿਤ ਮੈਡੀਕਲ ਅਤੇ ਕਰਿਆਨਾ ਸਟੋਰ ਦੇ ਮਾਲਕ ਘਣਸ਼ਾਮ ਦਾਸ ਵਲੋਂ ਬਿਨ੍ਹਾਂ ਲਾਇਸੰਸ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਿਕਰੀ ਚੋਰੀ ਛਿਪੇ ਕੀਤੀ ਜਾ ਰਹੀ ਹੈ। ਸੂਚਨਾ ਨੂੰ ਪੁਖ਼ਤਾ ਕਰਨ ਤੋਂ ਬਾਅਦ ਵੱਖ-ਵੱਖ ਅਧਿਕਾਰੀਆਂ ਦੀ ਟੀਮ ਗਠਿਤ ਕੀਤੀ ਗਈ ਸੀ। ਇਸ ਇਨਫੋਰਸਮੈਂਟ ਟੀਮ ਵਿੱਚ ਡਾ. ਬਲਜਿੰਦਰ ਸਿੰਘ ਖੇਤੀਬਾੜੀ ਬਲਾਕ ਅਫ਼ਸਰ, ਡਾ. ਡੂੰਗਰ ਸਿੰਘ ਬਰਾੜ ਸਹਾਇਕ ਪੌਦ ਸੁਰੱਖਿਆ ਅਫ਼ਸਰ, ਡਾ. ਦਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ(ਇਨਫੋਰਸਮੈਂਟ), ਡਾ. ਮਨਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ (ਪੌਦ ਸੁਰੱਖਿਆ), ਡਾ. ਲਵਪ੍ਰੀਤ ਕੌਰ ਖੇਤੀਬਾੜੀ ਵਿਕਾਸ ਅਫ਼ਸਰ, ਡਾ. ਜਗਪਾਲ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਡਾ. ਨਰਿੰਦਰ ਕੌਰ, ਖੇਤੀਬਾੜੀ ਸਬ-ਇੰਸਪੈਕਟਰ ਬਠਿੰਡਾ ਆਦਿ ਸ਼ਾਮਲ ਸਨ। ਜਦੋਂ ਇਸ ਟੀਮ ਨੇ ਪਿੰਡ ਵਿਰਕ ਕਲਾਂ ਵਿਖੇ ਜਾ ਕੇ ਪੜਤਾਲ ਕੀਤੀ ਤਾਂ ਮੌਕ ’ਤੇ ਵੱਡੀ ਪੱਧਰ ਉਪਰ ਖ਼ਾਦਾਂ ਅਤੇ ਕੀਟਨਾਸ਼ਕ ਬਰਾਮਦ ਹੋਈਆਂ ਜਦੋਂਕਿ ਘਣਸ਼ਾਮ ਕੋਲ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਿਕਰੀ ਕਰਨ ਦਾ ਲਾਇਸੰਸ ਮੌਜੂਦ ਨਹੀਂ ਸੀ। ਜਿਸਦੇ ਚੱਲਦੇ ਵਿਭਾਗ ਵੱਲੋਂ ਕਾਨੂੰਨੀ ਕਾਰਵਾਈ ਕਰਦਿਆਂ ਬਿਨ੍ਹਾਂ ਲਾਇਸੰਸ ਖਾਦਾਂ ਅਤੇ ਦਵਾਈਆਂ ਖਰੀਦ ਕੇ ਰੱਖਣ ਅਤੇ ਵੇਚਣ ਦੇ ਮਾਮਲੇ ਵਿਚ ਫਰਟੇਲਾਈਜਰ ਕੰਟਰੋਲ ਆਰਡਰ 1985 ਦੀ ਧਾਰਾ 7,8 ਅਤੇ ਜ਼ਰੂਰੀ ਵਸਤਾਂ ਐਕਟ, 1955 ਦੀ ਧਾਰਾ 7 ਤਹਿਤ ਮੁਕੱਦਮਾ ਦਰਜ ਕਰਵਾਇਆ ਗਿਆ। ਇਸੇ ਤਰ੍ਹਾਂ ਬਿਨ੍ਹਾਂ ਲਾਇਸੰਸ ਕੀਟਨਾਸ਼ਕ ਵੇਚਣ ਕਰਕੇ ਇੰਨਸੈਕਟੀਸਾਈਡ ਐਕਟ 1968 ਦੀ ਧਾਰਾ 13 ਅਤੇ ਰੂਲਜ਼ 1971 ਦੀ ਧਾਰਾ 10 ਦੀ ਉਲੰਘਣਾ ਤਹਿਤ ਮੁਕੱਦਮਾ ਦਰਜ ਕਰਵਾਇਆ ਗਿਆ। ਇਸ ਤੋਂ ਇਲਾਵਾ ਵਿਭਾਗ ਵੱਲੋਂ ਮੌਕੇ ਤੇ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੇ ਸੈਂਪਲ ਟੈਸਟਿੰਗ ਕਰਵਾਉਣ ਲਈ ਲੈ ਲਏ ਗਏ ਹਨ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਦਿਲਬਾਗ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਮਿਆਰੀ ਖਾਦਾਂ, ਕੀਟਨਾਸ਼ਕ ਦਵਾਈਆਂ ਅਤੇ ਬੀਜ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਗੈਰ ਕਾਨੂੰਨੀ ਢੰਗ ਨਾਲ ਅਤੇ ਗੈਰ ਮਿਆਰੀ ਖਾਦਾਂ ਕੀਟਨਾਸ਼ਕ ਦਵਾਈਆਂ ਅਤੇ ਬੀਜਾਂ ਦੀ ਵਿਕਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Share the post "ਬਿਨ੍ਹਾਂ ਲਾਇਸੰਸ ਤੋਂ ਖਾਦਾਂ ਅਤੇ ਕੀਟਨਾਸ਼ਕ ਵੇਚਣ ਵਾਲੇ ਕਰਿਆਣਾ ਸਟੋਰ ਸੰਚਾਲਕ ਵਿਰੁੱਧ ਮੁਕੱਦਮਾ ਦਰਜ"