ਸੁਖਜਿੰਦਰ ਮਾਨ
ਬਠਿੰਡਾ, 3 ਮਾਰਚ : ਬੀ.ਐਫ.ਜੀ.ਆਈ. ਵਿਖੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਸਪਰਿੰਗਰ ਦੇ ਤਕਨੀਕੀ ਸਹਿਯੋਗ ਨਾਲ “ਕੰਪਿਊਟਿੰਗ, ਕਮਿਊਨੀਕੇਸ਼ਨ ਐਂਡ ਸਕਿਉਰਿਟੀ ’ ਬਾਰੇ ਕਰਵਾਈ ਜਾ ਰਹੀ 8ਵੀਂ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ’ਆਈ.ਸੀ.ਸੀ.ਸੀ.ਐਸ.-2023’ ਦਾ ਅੱਜ ਸਫਲਤਾਪੂਰਵਕ ਆਗਾਜ਼ ਹੋਇਆ। ਇਸ ਅੰਤਰਰਾਸ਼ਟਰੀ ਕਾਨਫ਼ਰੰਸ ’ਆਈ.ਸੀ.ਸੀ.ਸੀ.ਐਸ.-2023’ ਨੂੰ ਸਾਇੰਸ ਐਂਡ ਰਿਸਰਚ ਬੋਰਡ (ਸਰਬ ਇੰਡੀਆ) ਅਤੇ ਇੰਡੀਅਨ ਸੁਸਾਇਟੀ ਫਾਰ ਟੈਕਨੀਕਲ ਐਜ਼ੂਕੇਸ਼ਨ (ਆਈ.ਐਸ.ਟੀ.ਈ.) ਵੱਲੋਂ ਸਪਾਂਸਰ ਕੀਤਾ ਗਿਆ ਹੈ ਜਦੋਂ ਕਿ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਵੱਲੋਂ ਸਹਿਯੋਗ ਦਿੱਤਾ ਗਿਆ ਹੈ। ਇਸ ਕਾਨਫ਼ਰੰਸ ਦਾ ਮੁੱਖ ਉਦੇਸ਼ ਕੰਪਿਊਟਰ ਪ੍ਰਣਾਲੀਆਂ ਅਤੇ ਨੈਟਵਰਕਾਂ ਦੇ ’ਕੰਪਿਊਟਿੰਗ, ਸੰਚਾਰ ਅਤੇ ਸੁਰੱਖਿਆ’ ਪਹਿਲੂਆਂ ’ਤੇ ਕੰਮ ਕਰ ਰਹੇ ਦੁਨੀਆ ਭਰ ਦੇ ਪੇਸ਼ੇਵਰਾਂ, ਖੋਜਾਰਥੀਆਂ ਨੂੰ ਇਸ ਚੁਣੌਤੀਪੂਰਨ ਖੋਜ ਖੇਤਰ ਵਿੱਚ ਨਵੇਂ ਉੱਭਰ ਰਹੇ ਵਿਚਾਰਾਂ ਅਤੇ ਰੁਝਾਨਾਂ ਨੂੰ ਪੇਸ਼ ਕਰਨ ਅਤੇ ਚਰਚਾ ਕਰਨ ਲਈ ਇੱਕ ਅੰਤਰਰਾਸ਼ਟਰੀ ਮੰਚ ਪ੍ਰਦਾਨ ਕਰਨਾ ਹੈ। ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਪ੍ਰੋ. (ਡਾ.) ਰਾਜੀਵ ਆਹੂਜਾ ਡਾਇਰੈਕਟਰ ਆਈ.ਆਈ.ਟੀ. ਰੋਪੜ ਸਨ ਜਦੋਂ ਕਿ ਏ.ਵੀ.ਕੇ. ਗਲੋਬਲ ਟਰੇਨਰ ਨਵੀਂ ਦਿੱਲੀ ਦੇ ਸੀ.ਈ.ਓ. ਅਤੇ ਸੰਸਥਾਪਕ ਸ੍ਰੀ .ਵੀ. ਕੇ ਆਰੀਆ (ਰਿਟਾ. ਡਿਪਟੀ ਡਾਇਰੈਕਟਰ ਜਨਰਲ, ਸੂਚਨਾ ਮੰਤਰਾਲਾ, ਭਾਰਤ ਸਰਕਾਰ) ਅਤੇ ਤ੍ਰੀਭੁਵਨ ਯੂਨੀਵਰਸਿਟੀ ਨੇਪਾਲ ਤੋਂ ਡਾ. ਸੁਰੇਂਦਰ ਸ਼ਰੇਸ਼ਠ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਇਸ ਕਾਨਫ਼ਰੰਸ ਦੇ ਦਸ ਟਰੈਕਾਂ ਵਿੱਚ 21ਵੀਂ ਸਦੀ ਦੌਰਾਨ ਦੁਨੀਆ ਭਰ ਵਿੱਚ ਵਰਤੀਆਂ ਜਾ ਰਹੀਆਂ ਨਵੀਨਤਮ ਤਕਨੀਕਾਂ ਜਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.), ਮਸ਼ੀਨ ਲਰਨਿੰਗ ਅਤੇ ਇੰਟਰਨੈੱਟ ਆਫ਼ ਥਿੰਗਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਾਨਫ਼ੰਰਸ ਲਈ ਬੀ.ਐਫ.ਸੀ.ਈ.ਟੀ. ਨੂੰ 200 ਤੋਂ ਵਧੇਰੇ ਖੋਜ ਪੱਤਰ ਪ੍ਰਾਪਤ ਹੋਏ ਹਨ। ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਦੌਰਾਨ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਅਤੇ ਹੋਰ ਹਾਜ਼ਰ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਬੀ.ਐਫ.ਜੀ.ਆਈ. ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਬੀ.ਐਫ.ਜੀ.ਆਈ. ਵੱਲੋਂ ਇੰਟੇਲ ਅਤੇ ਫੈਸਟੋ ਵਿੱਚ ਇੰਟਰਨਸ਼ਿਪ ਪ੍ਰਦਾਨ ਕਰ ਕੇ ਵਿਦਿਆਰਥੀਆਂ ਲਈ ਬਹੁਤ ਵਧੀਆ ਕਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀ.ਐਫ.ਜੀ. ਆਈ. ਵਿਖੇ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਅਤੇ ਬਾਬਾ ਫ਼ਰੀਦ ਸਕੂਲ ਆਫ਼ ਸਕਿੱਲ ਡਿਵੈਲਪਮੈਂਟ ਸਥਾਪਿਤ ਕਰ ਕੇ ਵਿਦਿਆਰਥੀਆਂ ਨੂੰ ਹੁਨਰ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਉੱਦਮੀ ਬਣਾਇਆ ਜਾਂਦਾ ਹੈ । ਉਨ੍ਹਾਂ ਨੇ ਇਸ ਕਾਨਫ਼ਰੰਸ ਦੇ ਆਯੋਜਨ ਲਈ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਭਾਗੀਦਾਰਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਮਹਿਮਾਨਾਂ ਨੇ ਇਸ ਕਾਨਫ਼ੰਰਸ ਲਈ ਪ੍ਰਾਪਤ ਹੋਏ ਖੋਜ ਪੱਤਰਾਂ ਦਾ ਸੰਗ੍ਰਹਿ ਵੀ ਰਿਲੀਜ਼ ਕੀਤਾ ।ਇਸ ਕਾਨਫਰੰਸ ਦੇ ਮੁੱਖ ਮਹਿਮਾਨ ਪ੍ਰੋਫੈਸਰ ਡਾ. ਰਾਜੀਵ ਆਹੂਜਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਖੋਜ ਅਤੇ ਸਵੈ ਰੋਜ਼ਗਾਰ ਲਈ ਚਲਾਏ ਜਾ ਰਹੇ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦੀ ਭਰਪੂਰ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਬੀ.ਐਫ.ਜੀ.ਆਈ. ਵੱਲੋਂ ਜੋ ਵੀ ਪ੍ਰੋਜੈਕਟ ਆਈ.ਆਈ. ਟੀ. ਰੋਪੜ ਨੂੰ ਭੇਜੇ ਜਾਣਗੇ ਉਨ੍ਹਾਂ ਲਈ ਆਈ.ਆਈ.ਟੀ. ਵੱਲੋਂ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਵੱਲੋਂ ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਬੀ.ਐਫ.ਜੀ.ਆਈ. ਨਾਲ ਵਧੇਰੇ ਸਹਿਯੋਗ ਦੀ ਪੇਸ਼ਕਸ਼ ਵੀ ਕੀਤੀ। ਉਨ੍ਹਾਂ ਨੇ ਵਿਸ਼ਵ ਪੱਧਰ ’ਤੇ ਕੰਪਿਊਟਿੰਗ, ਸੰਚਾਰ ਅਤੇ ਸੁਰੱਖਿਆ ਵਿੱਚ ਖੋਜ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਗਿਆਨ ਅਤੇ ਤਕਨਾਲੋਜੀ ਦੀਆਂ ਨਵੀਆਂ ਕਾਢਾਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਹੀ ਸਮਾਂ ਹੈ ਜਦੋਂ ਭਾਰਤ ਨੂੰ ਗਲੋਬਲ ਪਲੇਟਫਾਰਮਾਂ ’ਤੇ ਆਪਣੀ ਪ੍ਰਤਿਭਾ ਦੀ ਨੁਮਾਇੰਦਗੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਲਈ ਆਈ.ਆਈ. ਟੀ. ਰੋਪੜ ਦੇ ਨਾਲ ਕੰਮ ਕਰਨ ਦੇ ਮੌਕੇ ਅਤੇ ਸੰਭਾਵਨਾਂਵਾਂ ਨੂੰ ਸਾਂਝਾਂ ਕੀਤਾ ਅਤੇ ਕਿਹਾ ਕਿ ਖੋਜ ਕਾਰਜਾਂ ਲਈ ਸਾਨੂੰ ਟੀਮ ਦੇ ਰੂਪ ਵਿੱਚ ਕੰਮ ਕਰਨਾ ਚਾਹੀਦਾ ਹੈ।ਸ੍ਰੀ ਵੀ.ਕੇ. ਆਰੀਆ ਨੇ ਲੈਬ ਗਤੀਵਿਧੀਆਂ ਅਤੇ ਪ੍ਰੋਜੈਕਟਾਂ ਰਾਹੀਂ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਵਿੱਚ ਵਿਗਿਆਨ ਅਤੇ ਗਣਿਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਬਾਰੇ ਭਾਸ਼ਣ ਦਿੱਤਾ। ਉਨ੍ਹਾਂ ਨੇ ਸਾਂਝਾ ਕੀਤਾ ਕਿ ਉਨ੍ਹਾਂ ਨੇ ਵੱਖ-ਵੱਖ ਟੈਲੀਕਾਮ ਅਤੇ ਹੋਰ ਸਿਖਲਾਈ ਪ੍ਰੋਗਰਾਮਾਂ ਨੂੰ ਚਲਾਉਣ ਲਈ ਚੀਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਦਾ ਦੌਰਾ ਕੀਤਾ। ਇਸ ਉਪਰੰਤ ਬੀ.ਐਫ.ਜੀ.ਆਈ. ਦੀ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਪ੍ਰਦਾਨ ਕਰ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਬੀ.ਐਫ.ਸੀ.ਈ.ਟੀ. ਦੀ ਪ੍ਰਿੰਸੀਪਲ ਡਾ. ਜਯੋਤੀ ਬਾਂਸਲ ਨੇ ਹਾਜ਼ਰੀਨ ਨੂੰ ਕਾਨਫ਼ਰੰਸ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਕਾਨਫ਼ਰੰਸ ਵਿੱਚ ਸ਼ਾਮਲ ਹੋਏ ਮਹਿਮਾਨਾਂ, ਮਾਹਿਰ ਵਿਦਵਾਨਾਂ, ਡੈਲੀਗੇਟਾਂ, ਮੁੱਖ ਬੁਲਾਰਿਆਂ ਅਤੇ ਹਾਜ਼ਰੀਨ ਦਾ ਵਿਸ਼ੇਸ਼ ਧੰਨਵਾਦ ਕੀਤਾ।
Share the post "ਬੀ.ਐਫ.ਸੀ.ਈ.ਟੀ. ਵਿਖੇ ’ ਕੰਪਿਊਟਿੰਗ, ਸੰਚਾਰ ਅਤੇ ਸੁਰੱਖਿਆ ’ ਬਾਰੇ 8ਵੀਂ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਹੋਇਆ ਆਗਾਜ਼"