ਸੁਖਜਿੰਦਰ ਮਾਨ
ਬਠਿੰਡਾ, 17 ਅਗਸਤ –ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਇਨਸਾਫ਼ ਮੰਗਦੀਆਂ ਸੰਗਤਾਂ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਲੱਗੇ ਬਰਗਾੜੀ ਮੋਰਚੇ ਨੂੰ ਉਠਾਉਣ ਲਈ ਇਨਸਾਫ਼ ਦੇਣ ਦਾ ਭਰੋਸਾ ਦੇਣ ਆਏ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਤੇ ਤਿੰਨ ਵਿਧਾਇਕਾਂ ਨੂੰ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਮੁੜ 20 ਅਗੱਸਤ ਨੂੰ ਤਲਬ ਕਰ ਲਿਆ ਹੈ। ਅੱਜ ਇੱਥੇ ਪੰਥਕ ਜਥੇਬੰਦੀਆਂ ਦੀ ਰੱਖੀ ਇੱਕ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਮੰਡ ਨੇ ਐਲਾਨ ਕੀਤਾ ਕਿ ਜੇਕਰ ਇਸ ਵਾਰ ਵੀ ਉਕਤ ਮੰਤਰੀ ਤੇ ਵਿਧਾਇਕ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਨਾ ਹੋਏ ਤਾਂ ਉਨ੍ਹਾਂ ਨੂੰ ਸਖ਼ਤ ਸਜ਼ਾ ਸੁਣਾਈ ਜਾਵੇਗੀ। ਭਾਈ ਮੰਡ ਨੇ ਕਿਹਾ ਕਿ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਤਿੰਨੋਂ ਵਿਧਾਇਕਾਂ ਹਰਿਮੰਦਰ ਸਿੰਘ ਗਿੱਲ, ਕੁਲਬੀਰ ਸਿੰਘ ਜੀਰਾ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵਲੋਂ ਸਿੱਖ ਸੰਗਤ ਨਾਲ ਕੀਤੇ ਗਏ ਵਾਅਦੇ ਹਾਲੇ ਤੱਕ ਵਫ਼ਾ ਨਹੀਂ ਹੋਏ ਹਨ। ਭਾਈ ਧਿਆਨ ਸਿੰਘ ਮੰਡ ਨੇ ਦੋਸ਼ ਲਗਾਇਆ ਕਿ ਅੱਜ ਕੈਪਟਨ ਸਰਕਾਰ ਵੀ ਗੁਰੂ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਤੇ ਇਸ ਵਿਚ ਸਾਜ਼ਸ ਰਚਣ ਵਾਲਿਆਂ ਨੂੰ ਬਚਾਉਣ ਲੱਗੀ ਹੋਈ ਹੈ। ਉਨ੍ਹਾਂ ਐਲਾਨ ਕੀਤਾ ਕਿ ਬੇਅਦਬੀ ਘਟਨਾਵਾਂ ਦੇ ਦੋਸ਼ੀਆਂ ਅਤੇ ਸਾਜ਼ਿਸ਼ ਕਰਤਾਵਾਂ ਨੂੰ ਸਜਾ ਦਿਵਾਉਣ ਲਈ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਬੇਅਦਬੀ ਕਾਂਡ ’ਚ ਇਨਸਾਫ਼ ਦਾ ਭਰੋਸਾ ਦਿਵਾਉਣ ਵਾਲੇ ਦੋ ਮੰਤਰੀ ਤੇ ਤਿੰਨ ਵਿਧਾਇਕ ਮੁੜ 20 ਨੂੰ ਤਲਬ
8 Views