ਸੁਖਜਿੰਦਰ ਮਾਨ
ਬਠਿੰਡਾ, 4 ਅਪ੍ਰੈਲ: ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਵਲੋਂ ਇੱਕ ਹੁਕਮ ਜਾਰੀ ਕਰਕੇ ਬਠਿੰਡਾ ਬੱਸ ਅੱਡੇ ’ਚ ਪ੍ਰਾਈਵੇਟ ਬੱਸਾਂ ਦੀ ਕੱਟੀ ਜਾਂਦੀ ਪਰਚੀ ਫ਼ੀਸ ਵਿਚ ਬੇਹਤਾਸ਼ਾ ਵਾਧਾ ਕਰਨ ‘ਤੇ ਪ੍ਰਾਈਵੇਟ ਟ੍ਰਾਂਸਪੋਟਰ ਭੜਕ ਉੱਠੇ ਹਨ। ਇਸ ਸਬੰਧ ਵਿਚ ਬਠਿੰਡਾ ਬੱਸ ਓਪਰੇਟਰ ਯੂਨੀਅਨ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਅਤੇ ਹਰਵਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਪ੍ਰਾਈਵੇਟ ਬੱਸ ਅਪਰੇਟਰਾਂ ਵੱਲੋਂ ਪੀ.ਆਰ .ਟੀ.ਸੀ ਦੇ ਡਿੱਪੂ ਮੈਨੇਜ਼ਰ ਨਾਲ ਮੀਟਿੰਗ ਵੀ ਕੀਤੀ ਗਈ, ਜਿੰਨ੍ਹਾਂ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਕੇ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਬੱਸ ਯੂਨੀਅਨ ਦੇ ਆਗੂਆਂ ਨੇ ਦਸਿਆ ਕਿ ਨਵੀਆਂ ਹਿਦਾਇਤਾਂ ਤਹਿਤ ਹੁਣ ਵੱਡੀ ਬੱਸ ਦੀ ਅੱਡਾ ਫੀਸ ਵਜੋਂ ਪਰਚੀ 90 ਰੁਪਏ ਦੇ ਕਰੀਬ ਕਰ ਦਿੱਤੀ ਹੈ, ਜਿਹੜੀ ਕਿ ਪਹਿਲਾਂ 30 ਰੁਪਏ ਸੀ। ਇਸੇ ਤਰ੍ਹਾਂ ਮਿੰਨੀ ਬਸ ਦੀ ਅੱਡਾ ਫੀਸ ਪਰਚੀ ਪ੍ਰਤੀ ਗੇੜਾ 45 ਰੁਪਏ ਕਰ ਦਿੱਤੀ ਹੈ ਜਦੋਂਕਿ ਪਹਿਲਾਂ ਸਾਰੇ ਦਿਨ ਦੇ 40 ਰੁਪਏ ਹੀ ਲੱਗੇ ਸਨ। ਇਸੇ ਤਰ੍ਹਾਂ ਬੱਸ ਅੱਡੇ ਵਿਚ ਰਾਤ ਨੂੰ ਬੱਸ ਰੋਕਣ ਲਈ ਵੀ 90 ਰੁਪਏ ਪਰਚੀ ਕਰ ਦਿੱਤੀ ਗਈ ਹੈ। ਬੱਸ ਅਪਰੇਟਰਾਂ ਨੇ ਕਿਹਾ ਕਿ ਪ੍ਰਾਈਵੇਟ ਬੱਸ ਅਪਰੇਟਰ ਪਹਿਲਾਂ ਹੀ ਮੰਦੀ ਦੀ ਮਾਰ ਹੇਠ ਹਨ ਅਤੇ ਲੱਖਾਂ ਰੁਪਏ ਦਾ ਸਲਾਨਾ ਟੈਕਸ ਭਰਨਾ ਪੈਂਦਾ ਹੈ ਅਤੇ ਹੁਣ ਅੱਡਾ ਫੀਸ ਵਿੱਚ ਵਾਧੇ ਨਾਲ ਹੋਰ ਆਰਥਕ ਬੋਝ ਵਧੇਗਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਦਖ਼ਲਅੰਦਾਜ਼ੀ ਦੇ ਕੇ ਵਧਾਈ ਹੋਈ ਅੱਡਾ ਫ਼ੀਸ ਨੂੰ ਵਾਪਸ ਲੈਣ ਦੇ ਹੁਕਮ ਦੇਵੇ ਤਾਂ ਕਿ ਉਹ ਅਪਣੇ ਰੋਜ਼ਗਾਰ ਨੂੰ ਚੱਲਦਾ ਰੱਖ ਸਕਣ। ਇਸ ਮੌਕੇ ਟ੍ਰਾਂਸਪੋਟਰ ਜਗਤਾਰ ਸਿੰਘ ਆਹੂਲਵਾਲੀਆ, ਖੁਸਕਰਨ ਸਿੰਘ, ਰਛਪਾਲ ਸਿੰਘ ਵਾਲੀਆ, ਬਿੰਦਰ ਸਿੰਘ ਗੁਰੂ ਕਾਸੀ, ਬਾਬੂ ਸਿੰਘ ਬਰਾੜ, ਅਜੀਤਪਾਲ ਸ਼ਰਮਾ, ਸੱਤਪਾਲ ਸਿੰਘ ਸੇਖੋ ਬੱਸ ਸਰਵਿਸ, ਹਰਪ੍ਰੀਤ ਸਿੰਘ ਦੌਲਾ, ਗੁਰਦੀਪ ਸਿੰਘ, ਗੁਰਤੇਜ ਸਿੰਘ ਤੇਜੀ ਆਦਿ ਹਾਜ਼ਰ ਸਨ।
Share the post "ਬੱਸ ਅੱਡਾ ਫ਼ੀਸ ਵਧਾਉਣ ’ਤੇ ਪ੍ਰਾਈਵੇਟ ਟ੍ਰਾਂਸਪੋਟਰ ਭੜਕੇ, ਕੀਤੀ ਵਾਧਾ ਵਾਪਸੀ ਦੀ ਮੰਗ"