ਕਾਂਗਰਸ ਦੇ ਜੈ ਪ੍ਰਕਾਸ ਨੂੰ 15740 ਵੋਟਾਂ ਨਾਲ ਹਰਾ ਕੇ ਪਹਿਲੀ ਵਾਰ ਵਿਧਾਇਕ ਬਣੇ ਭਵਿਆ ਬਿਸਨੋਈ
ਮਹਰੂਮ ਭਜਨ ਲਾਲ ਪ੍ਰਵਾਰ ਨੂੰ ਲਗਾਤਾਰ 16ਵੀਂ ਵਾਰ ਆਦਮਪੁਰ ਹਲਕੇ ’ਤੇ ਮਿਲੀ ਹੈ ਜਿੱਤ
ਇਨੈਲੋ ਤੇ ‘ਆਪ‘ ਸਮੇਤ 20 ਉਮੀਦਵਾਰਾਂ ਦੀ ਜਮਾਨਤ ਜਬਤ, ਨੋਟਾ ਦੇ ਹੱਕ ‘ਚ 237 ਵੋਟਾਂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 6 ਨਵੰਬਰ: ਹਰਿਆਣਾ ਦੇ ਹਿਸਾਰ ਜਿਲ੍ਹੇ ਦੀ ਆਦਮਪੁਰ ਵਿਧਾਨ ਸਭਾ ਸੀਟ ’ਤੇ 3 ਨਵੰਬਰ ਨੂੰ ਹੋਈ ਉਪ ਚੋਣ ਦੇ ਅੱਜ ਆਏ ਨਤੀਜਿਆਂ ਵਿਚ ਭਾਜਪਾ ਵਲੋਂ ਉਮੀਦਵਾਰ ਬਣੇ ਮਹਰੂਮ ਮੁੱਖ ਮੰਤਰੀ ਭਜਨ ਲਾਲ ਦੇ ਪੋਤਰੇ ਭਵਿਆ ਬਿਸਨੋਈ ਨੇ ਜਿੱਤ ਹਾਸਲ ਕਰਕੇ ਪ੍ਰਵਾਰ ਦਾ ਰਿਕਾਰਡ ਕਾਇਮ ਰੱਖਿਆ ਹੈ। ਭਜਨ ਲਾਲ ਪ੍ਰਵਾਰ ਨੇ ਇਸ ਹਲਕੇ ਤੋਂ 16 ਵਾਰ ਜਿੱਤ ਹਾਸਲ ਕੀਤੀ ਹੈ। ਸਾਬਕਾ ਮੁੱਖ ਮੰਤਰੀ ਭਜਨ ਲਾਲ ਨੇ ਖੁਦ ਇਸ ਸੀਟ ਤੋਂ ਕੁੱਲ 9 ਚੋਣਾਂ ਜਿੱਤੀਆਂ ਸਨ। ਇਸ ਤਰ੍ਹਾਂ ਉਨ੍ਹਾਂ ਦਾ ਪੁੱਤਰ ਕੁਲਦੀਪ ਬਿਸਨੋਈ ਇਸ ਸੀਟ ਤੋਂ ਜਿੱਤ ਕੇੇ ਚਾਰ ਵਾਰ ਵਿਧਾਇਕ ਬਣੇ। ਕੁਲਦੀਪ ਬਿਸਨੋਈ ਦੀ ਪਤਨੀ ਰੇਣੂਕਾ ਬਿਸਨੋਈ ਅਤੇ ਮਾਂ ਜਸਮਾ ਦੇਵੀ ਨੇ ਇਕ-ਇੱਕ ਵਾਰ ਇਸ ਹਲਕੇ ਤੋਂ ਜਿੱਤ ਹਾਸਲ ਕੀਤੀ ਅਤੇ ਅੱਜ ਕੁਲਦੀਪ ਦੇ ਬੇਟੇ ਭਵਿਆ ਦੀ ਜਿੱਤ ਨੇ ਇਸ ਸੀਟ ‘ਤੇ ਭਜਨ ਲਾਲ ਪਰਿਵਾਰ ਦੀ 16ਵੀਂ ਜਿੱਤ ਦਰਜ ਕੀਤੀ ਹੈ।
ਦਸਣਾ ਬਣਦਾ ਹੈ ਕਿ ਆਦਮਪੁਰਾ ਸੀਟ ਤਿੰਨ ਮਹੀਨੇ ਪਹਿਲਾਂ 3 ਅਗਸਤ ਨੂੰ ਤਤਕਾਲੀ ਕਾਂਗਰਸੀ ਵਿਧਾਇਕ ਕੁਲਦੀਪ ਬਿਸਨੋਈ ਦੇ ਅਸਤੀਫੇ ਨਾਲ ਖਾਲੀ ਹੋਈ ਸੀ, ਜਿੰਨ੍ਹਾਂ ਭਾਜਪਾ ਵਿਚ ਸਮੂਲੀਅਤ ਕਰਨ ਸਮੇਂ ਅਸਤੀਫ਼ਾ ਦੇ ਦਿੱਤਾ ਸੀ। ਹੁਣ ਇਸ ਉਪ ਚੋਣ ਵਿਚ ਭਾਜਪਾ ਨੇ ਕੁਲਦੀਪ ਬਿਸਨੋਈ ਦੇ ਪੁੱਤਰ ਤੇ ਮਹਰੂਮ ਭਜਨ ਲਾਲ ਦੇ ਪੋਤਰੇ ਭਵਿਆ ਬਿਸਨੋਈ ਨੂੰ ਅਪਣਾ ਉਮੀਦਾਵਰ ਬਣਾਇਆ ਸੀ। ਅੱਜ ਹੋਈ ਵੋਟਾਂ ਦੀ ਗਿਣਤੀ ਭਵਿਆ ਬਿਸਨੋਈ ਨੇ ਕਾਂਗਰਸ ਉਮੀਦਵਾਰ ਜੈ ਪ੍ਰਕਾਸ ਨੂੰ 15 ਹਜਾਰ 740 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਭਵਿਆ ਨੂੰ 67 ਹਜਾਰ 492 ਵੋਟਾਂ (51 ਫੀਸਦੀ) ਜਦਕਿ ਜੈ ਪ੍ਰਕਾਸ ਨੂੰ 51 ਹਜਾਰ 752 (39 ਫੀਸਦੀ) ਵੋਟਾਂ ਮਿਲੀਆਂ। ਇਨੈਲੋ ਦੇ ਕੁਰੜਾ ਰਾਮ ਨੰਬਰਦਾਰ ਨੂੰ ਸਿਰਫ 5248 ਵੋਟਾਂ ਮਿਲੀਆਂ ਜਦੋਂਕਿ ‘ਆਪ‘ ਦੇ ਸਤਿੰਦਰ ਸਿੰਘ ਨੂੰ ਸਿਰਫ 3420 ਵੋਟਾਂ ਮਿਲੀਆਂ ਅਤੇ ਉਨ੍ਹਾਂ ਅਤੇ ਬਾਕੀ ਸਾਰੇ 18 ਉਮੀਦਵਾਰਾਂ ਦੀ ਜਮਾਨਤ ਜਮਾਨਤ ਜਬਤ ਹੋ ਗਈ। ਨੋਟਾ ਦੇ ਹੱਕ ਵਿੱਚ 237 ਵੋਟਾਂ ਪਈਆਂ।
ਇਸ ਚੋਣ ਨਤੀਜੇ ਨੇ ਹਰਿਆਣਾ ਵਿਧਾਨ ਸਭਾ ਵਿਚ ਭਾਜਪਾ ਦੀ ਸਥਿਤੀ ਮਜਬੂਤ ਕੀਤੀ ਹੈ, ਜਿਸਦੇ ਵਿਧਾਇਕਾਂ ਦੀ 40 ਤੋਂ ਵਧ ਕੇ 41 ਹੋ ਗਈ ਹੈ। ਹਰਿਆਣਾ ਵਿਧਾਨ ਸਭਾ ਵਿਚ ਕੁੱਲ 90 ਸੀਟਾਂ ਹਨ ਤੇ ਬਹੁਮਤ ਲਈ ਭਾਜਪਾ ਨੂੰ ਇਨੈਲੋ ਤੋਂ ਅਲੱਗ ਹੋਏ ਉਪ ਮੁੱਖ ਮੰਤਰੀ ਬਣਾਏ ਦੁਸ਼ਿਅਤ ਚੌਟਾਲਾ ਦੀ ਪਾਰਟੀ ਨਾਲ ਸਮਝੋਤਾ ਕਰਨਾ ਪਿਆ ਹੈ। ਹਾਲਾਂਕਿ ਆਦਮਪੁਰ ਸੀਟ ‘ਤੇ ਸਾਢੇ 24 ਸਾਲਾਂ ‘ਚ ਇਹ ਚੌਥੀ ਜ?ਿਮਨੀ ਚੋਣ ਹੈ, ਜਿਸ ‘ਚ ਭਜਨ ਲਾਲ ਪਰਿਵਾਰ ਨੇ ਇਕ ਵਾਰ ਫਿਰ ਜਿੱਤ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਜਨਵਰੀ 2019 ‘ਚ ਭਾਜਪਾ ਨੇ ਜੀਂਦ ਉਪ ਚੋਣ ਜਿੱਤੀ ਸੀ। ਹਾਲਾਂਕਿ, ਪਿਛਲੇ ਦੋ ਸਾਲਾਂ ਵਿੱਚ ਭਾਜਪਾ ਪਹਿਲਾਂ ਸੋਨੀਪਤ ਜਿਲ੍ਹੇ ਦੀ ਬੜੌਦਾ ਸੀਟ ਅਤੇ ਫਿਰ ਸਿਰਸਾ ਜਿਲ੍ਹੇ ਦੀ ਏਲਨਾਬਾਦ ਸੀਟ ਤੋਂ ਉਪ ਚੋਣਾਂ ਹਾਰ ਗਈ ਸੀ।
ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਹੇਮੰਤ ਕੁਮਾਰ ਨੇ ਦੱਸਿਆ ਕਿ ਇਸ ਸੀਟ ‘ਤੇ ਹੁਣ ਤੱਕ ਹੋਈਆਂ ਤਿੰਨ ਉਪ ਚੋਣਾਂ ‘ਚ ਭਵਿਆ ਬਿਸਨੋਈ ਦੀ ਜਿੱਤ ਦਾ ਅੰਤਰ ਸਭ ਤੋਂ ਘੱਟ ਰਿਹਾ ਹੈ। ਜੂਨ 1998 ਵਿੱਚ ਜਦੋਂ ਆਦਮਪੁਰ ਵਿੱਚ ਪਹਿਲੀ ਜਿਮਨੀ ਚੋਣ ਹੋਈ ਤਾਂ ਭਜਨ ਲਾਲ ਦੇ ਪੁੱਤਰ ਕੁਲਦੀਪ ਬਿਸਨੋਈ ਨੇ ਕਾਂਗਰਸ ਪਾਰਟੀ ਤੋਂ ਆਪਣੇ ਸਿਆਸੀ ਕੈਰੀਅਰ ਦੀ ਪਹਿਲੀ ਚੋਣ ਲੜਦਿਆਂ ਐਚ.ਵੀ.ਪੀ.-ਭਾਜਪਾ ਗਠਜੋੜ ਦੇ ਹਰੀ ਸਿੰਘ ਨੂੰ 17,775 ਵੋਟਾਂ ਨਾਲ ਹਰਾਇਆ। ਮਈ 2008 ਵਿੱਚ ਆਦਮਪੁਰ ਵਿੱਚ ਹੋਈ ਦੂਜੀ ਜਿਮਨੀ ਚੋਣ ਵਿੱਚ ਭਜਨ ਲਾਲ ਨੇ ਹਜਕਾ ਦੀ ਟਿਕਟ ‘ਤੇ ਚੋਣ ਲੜਦਿਆਂ ਕਾਂਗਰਸ ਦੇ ਰਣਜੀਤ ਸਿੰਘ (ਮੌਜੂਦਾ ਸਮੇਂ ਵਿੱਚ ਬਿਜਲੀ ਅਤੇ ਜੇਲ੍ਹ ਮੰਤਰੀ) ਨੂੰ 26,188 ਵੋਟਾਂ ਨਾਲ ਹਰਾਇਆ ਸੀ। ਦਸੰਬਰ 2011 ਵਿੱਚ ਆਦਮਪੁਰ ਵਿੱਚ ਹੋਈ ਤੀਜੀ ਜਿਮਨੀ ਚੋਣ ਵਿੱਚ ਕੁਲਦੀਪ ਦੀ ਪਤਨੀ ਰੇਣੂਕਾ ਬਿਸਨੋਈ ਨੇ ਹਜਕਾ ਦੀ ਟਿਕਟ ’ਤੇ ਚੋਣ ਲੜਦਿਆਂ ਕਾਂਗਰਸ ਦੇ ਕੁਲਵੀਰ ਬੈਨੀਵਾਲ ਨੂੰ 22,669 ਵੋਟਾਂ ਨਾਲ ਹਰਾਇਆ ਸੀ। ਹੇਮੰਤ ਨੇ ਦੱਸਿਆ ਕਿ ਅੱਜ ਤੱਕ ਇਹ ਸੀਟ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਦਾ ਰਿਕਾਰਡ ਭਜਨ ਲਾਲ ਦੇ ਨਾਮ ਬਰਕਰਾਰ ਹੈ ਜਦੋਂ ਉਨ੍ਹਾਂ ਨੇ ਫਰਵਰੀ 2005 ਵਿੱਚ ਕਾਂਗਰਸ ਉਮੀਦਵਾਰ ਵਜੋਂ ਇਨੈਲੋ ਦੇ ਰਾਜੇਸ ਨੂੰ 71 ਹਜਾਰ 81 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ।
ਭਜਨ ਲਾਲ ਦੇ ਪੋਤਰੇ ਨੇ ਆਦਮਪੁਰ ਸੀਟ ’ਤੇ ਜਿੱਤ ਦਾ ਝੰਡਾ ਲਹਿਰਾਇਆ
2 Views