ਸੁਖਜਿੰਦਰ ਮਾਨ
ਚੰਡੀਗੜ੍ਹ 18 ਮਈ: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਡੇਰਾਬੱਸੀ ਹਲਕੇ ਦੇ ਪਿੰਡ ਸੁੰਡਰਾਂ ਵਿਚ ਝੁੱਗੀਆਂ ਨੂੰ ਸਾੜਨ ਅਤੇ ਇੱਕ ਮਾਸੂਮ ਬੱਚੀ ਨੂੰ ਵਿੱਚੇ ਹੀ ਜਿੰਦਾ ਜਲਾ ਦਿੱਤੇ ਜਾਣ ਦੀ ਘਟਨਾ ਦੀ ਨਿਰਪੱਖ ਪੜਤਾਲ ਤੁਰੰਤ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧੀ ਸਾਂਝਾ ਪ੍ਰੈਸ ਨੋਟ ਜਾਰੀ ਕਰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਉਜਾੜੇ ਦਾ ਸਿਕਾਰ ਹੋਏ ਸਮੂਹ ਪੀੜਤ ਪਰਿਵਾਰਾਂ ਨੂੰ ਮੁੜ ਵਸੇਬੇ ਲਈ ਯੋਗ ਮੁਆਵਜਾ ਦੇਣ ਤੋਂ ਇਲਾਵਾ ਮੌਤ ਦਾ ਸਿਕਾਰ ਹੋਈ ਬੱਚੀ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਪੰਦਰਾਂ ਲੱਖ ਰੁਪਏ ਦੀ ਵਿਸ਼ੇਸ਼ ਸਹਾਇਤਾ ਦੇਣ ਦੀ ਮੰਗ ਕੀਤੀ ਗਈ ਹੈ।
ਜਥੇਬੰਦੀ ਨੇ ਜਮਹੂਰੀ ਅਧਿਕਾਰ ਸਭਾ ਦੀ ਚੰਡੀਗੜ੍ਹ ਇਕਾਈ ਵੱਲੋਂ ਇਸ ਮੰਦਭਾਗੀ ਘਟਨਾ ਪਿਛਲੇ ਸੱਚ ਨੂੰ ਸਾਹਮਣੇ ਲਿਆਉਣ ਲਈ ਪੜਤਾਲ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਨਾਲ ਹੀ ਸਮਾਜ ਦੇ ਬੁੱਧੀਜੀਵੀ, ਜਮਹੂਰੀ ਕਾਰਕੁਨਾਂ ਤੇ ਹੋਰ ਵੱਖ ਵੱਖ ਵਰਗਾਂ ਦੇ ਹਿੱਸਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਘਟਨਾ ਰਾਹੀਂ ਸਮੁੱਚੀ ਕਿਸਾਨੀ ਨੂੰ ਦੋਸ਼ੀ ਗਰਦਾਨਣ ਤੋਂ ਪ੍ਰਹੇਜ਼ ਕਰਨ। ਵਾਤਾਵਰਨ ਦੀ ਰਾਖੀ ਲਈ ਸਰੋਕਾਰਾਂ ਦਾ ਘੇਰਾ ਵਿਸ਼ਾਲ ਕਰਦਿਆਂ ਲੋਕਾਂ ‘ਚ ਚੇਤਨਾ ਫੈਲਾਉਣ ਅਤੇ ਰਾਖੀ ਲਈ ਬਣਦੀਆਂ ਮੰਗਾਂ ‘ਤੇ ਸਾਂਝੇ ਸੰਘਰਸ਼ ਜਥੇਬੰਦ ਕਰਨ ਵਿਚ ਹਿੱਸਾ ਪਾਉਣ।
Share the post "ਭਾਕਿਯੂ (ਏਕਤਾ-ਉਗਰਾਹਾਂ) ਨੇ ਝੁੱਗੀਆਂ ਵਿਚ ਸੜ ਗਈ ਬੱਚੀ ਦੇ ਪਰਿਵਾਰ ਨੂੰ ਮੁਆਵਜਾ ਦੇਣ ਦੀ ਕੀਤੀ ਮੰਗ"