2024 ਦੀਆਂ ਚੋਣਾਂ ਲਈ ਤਿਆਰੀਆਂ ’ਚ ਜੁਟਣ ਦਾ ਦਿੱਤਾ ਸੱਦਾ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਮਾਰਚ: ਲੰਘੀ 20 ਫ਼ਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ’ਚ ਬਠਿੰਡਾ ਸ਼ਹਿਰੀ ਹਲਕੇ ਤੋਂ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਰਾਜ ਨੰਬਰਦਾਰ ਨੇ ਅੱਜ ਹਲਕੇ ਦੇ ਗਠਜੋੜ ਨਾਲ ਸਬੰਧਤ ਆਗੂਆਂ ਤੇ ਵਰਕਰਾਂ ਦੀ ਇੱਕ ਮੀਟਿੰਗ ਸੱਦ ਕੇ ਉਨ੍ਹਾਂ ਦਾ ਸਾਥ ਦੇਣ ਲਈ ਧੰਨਵਾਦ ਕੀਤਾ। ਸਥਾਨਕ ਇੱਕ ਹੋਟਲ ’ਚ ਵੱਡੀ ਗਿਣਤੀ ਵਿਚ ਇਕੱਤਰ ਹੋਏ ਵਰਕਰਾਂ ਤੇ ਆਗੂਆਂ ਨੂੰ ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਲੜਾਈ ਹਾਲੇ ਖ਼ਤਮ ਨਹੀਂ ਹੋਈ, ਬਲਕਿ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ 2024 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜਬੂਤ ਕਰਨ ਲਈ ਸਾਨੂੰ ਹੁਣ ਤੋਂ ਹੀ ਡਟਣ ਦੀ ਲੋੜ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਸ਼ਹਿਰ ਦੇ ਇੱਕ-ਇੱਕ ਵਰਕਰ ਲਈ ਹਮੇਸ਼ਾ ਹਾਜ਼ਰ ਰਹਿਣਗੇ ਤੇ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਸਾਰਿਆਂ ਲਈ ਖੁੱਲੇ ਰਹਿਣਗੇ। ਸ਼੍ਰੀ ਨੰਬਰਦਾਰ ਨੇ ਕਿਹਾ ਕਿ ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਸੰਯੁਕਤ ਅਕਾਲੀ ਦਲ ਵਲੋਂ ਬਠਿੰਡਾ ’ਚ ਸਖ਼ਤ ਟੱਕਰ ਦਿੱਤੀ ਗਈ ਹੈ, ਜਿਸ ਨਾਲ ਹਰੇਕ ਵਰਕਰ ਦਾ ਮਨੋਬਲ ਵਧਿਆ ਹੈ। ਇਸ ਮੌਕੇ ਉਨ੍ਹਾਂ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਸਦੀ ਟੀਮ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹਨਾਂ ਦੀ ਪਾਰਟੀ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਇਹ ਸਰਕਾਰ ਪੂਰਾ ਕਰੇਗੀ। ਇਸ ਦੌਰਾਨ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ, ਸੀਨੀਅਰ ਆਗੂ ਮੋਹਨ ਲਾਲ ਗਰਗ, ਅਸੋਕ ਭਾਰਤੀ, ਸੁਨੀਲ ਸਿੰਗਲਾ, ਸ਼ਾਮ ਲਾਲ, ਰਾਜੇਸ਼ ਨੋਨੀ, ਅਸੋਕ ਬਾਲਿਆਵਾਲੀ, ਵਰਿੰਦਰ ਸ਼ਰਮਾ, ਉਮੇਸ਼ ਗਰਗ ਤੋਂ ਸੰਯੁਕਤ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਛਿੰਦਰਪਾਲ ਸਿੰਘ ਬਰਾੜ ਆਦਿ ਹਾਜ਼ਰ ਰਹੇ।
Share the post "ਭਾਜਪਾ ਉਮੀਦਵਾਰ ਰਾਜ ਨੰਬਰਦਾਰ ਨੇ ਪਾਰਟੀ ਆਗੂਆਂ ਤੇ ਵਰਕਰਾਂ ਦਾ ਕੀਤਾ ਧੰਨਵਾਦ"