ਪੰਜਾਬ ਸਰਕਾਰ ਫ਼ਸਲਾਂ ਦੀ ਮੁਆਵਜਾ ਰਾਸ਼ੀ ਕਿਸਾਨਾਂ ਨੂੰ ਤੁਰੰਤ ਅਦਾ ਕਰੇ – ਰਾਮਾ
ਸੁਖਜਿੰਦਰ ਮਾਨ
ਬਠਿੰਡਾ, 12 ਜੂਨ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੀ ਮਹੀਨਾਵਾਰ ਜ਼ਿਲ੍ਹਾ ਪੱਧਰੀ ਮੀਟਿੰਗ ਸਥਾਨਕ ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਦੀਵਾਨ ਹਾਲ ਵਿਖੇ ਜ਼ਿਲ੍ਹਾ ਪ੍ਰਧਾਨ ਦਾਰਾ ਸਿੰਘ ਮਾਇਸਰਖਾਨਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਵਿਸੇਸ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰੂਪ ਸਿੰਘ ਰਾਮਾ ਨੇ ਕਿਹਾ ਕਿ ਭਾਜਪਾ ਨੇ ਸਾਲ 2014 ਵਿੱਚ ਲੋਕ ਸਭਾ ਦੀਆਂ ਚੋਣਾਂ ਸਮੇਂ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨਾਂ ’ਤੇ 2024 ਤੱਕ ਆਮਦਨ ਦੁੱਗਣੀ ਕਰਨ ਅਤੇ ਹਰੇਕ ਫਸਲ ਐੱਮ.ਐੱਸ.ਪੀ ’ਤੇ ਖਰੀਦਣ ਤੇ ਡਾ:ਸੁਆਮੀਨਾਥਨ ਦੀ ਰਿਪੋਰਟ ਸੀ 2+50% ਅਨੁਸਾਰ ਦੇਣ ਦੇ ਵਾਅਦੇ ਕਰਕੇ ਸਰਕਾਰ ਬਣਾਈ ਪਰ ਅਜੇ ਤੱਕ ਨਾ ਕਰਜ਼ਾ ਮੁਆਫ ਹੋਇਆ ਤੇ ਨਾ ਹੀ ਡਾ: ਸੁਆਮੀਨਥਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਅਤੇ ਨਾ ਹੀ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ। ਜੇ ਮੋਦੀ ਸਰਕਾਰ ਕੀਤੇ ਵਾਅਦੇ ਅਨੁਸਾਰ ਭਾਅ ਦੁੱਗਣਾ ਕਰਦੀ ਤਾਂ ਅੱਜ ਝੋਨੇ ਦੀ ਕੀਮਤ 2800 ਰੁ:ਪ੍ਰਤੀ ਕੁਇੰਟਲ ਬਣਦੀ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੀ ਪਿਛਲੀ ਕਾਂਗਰਸ ਸਰਕਾਰ ਵਾਂਗੂ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ, ਜਿਸ ਤਰ੍ਹਾਂ ਦੇਸ਼ ਦੇ ਕਿਸਾਨਾਂ ਨੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕੀਤਾ ਹੈ, ਉਸੇ ਤਰ੍ਹਾ 2024 ਵਿੱਚ ਭਾਜਪਾ ਸਰਕਾਰ ਨੂੰ ਸੱਤਾ ਤੋਂ ਬਾਹਰ ਦਾ ਰਾਸਤਾ ਦਿਖਾ ਦੇਣਗੇ। ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਸੁਖਦੀਪ ਸਿੰਘ ਕਣਕਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ’ਚ ਕੀਤਾ ਵਾਧਾ ਵਾਪਿਸ ਲਿਆ ਜਾਵੇ, ਜੋ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਹਰੇਕ ਫਸਲ ਐੱਮ.ਐਸ.ਪੀ ’ਤੇ ਖਰੀਦਣ ਦਾ ਪ੍ਰਬੰਧ ਕਰੇਗੀ, ਸਰਕਾਰ ਹੁਣ ਮੰਡੀਆਂ ’ਚ ਆ ਚੁੱਕੀ ਮੂੰਗੀ, ਮੱਕੀ, ਸੂਰਜਮੁੱਖੀ ਦੀ ਫਸਲ ਨੂੰ ਐੱਮ.ਐੱਸ.ਪੀ ਤੇ ਹਰੇਕ ਜਿਲੇ ਵਿੱਚ ਖਰੀਦਣਾ ਸ਼ੁਰੂ ਕਰੇ, ਮੰਡੀਆਂ ਵਿੱਚ ਮੱਕੀ 1500 ਤੋਂ 1700 ਰੁ: ਦਾ ਭਾਅ ਪ੍ਰਾਈਵੇਟ ਵਪਾਰੀ ਲਗਾ ਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ ਸਰਕਾਰ ਤੁਰੰਤ ਰੋਕੇ, ਜੋ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਗੜੇਮਾਰੀ, ਝੱਖੜ-ਝੋਲੇ ਨਾਲ ਕਣਕ ਤੇ ਬਾਗਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ ਨੁਕਸਾਨੀ ਫਸਲ ਉੱਪਰ ਪੰਜਾਬ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਵੀ ਕੀਤਾ ਸੀ ਪਰ ਹੁਣ ਤੱਕ ਕਿਸਾਨਾਂ ਨੂੰ ਮੁਆਵਜਾ ਰਾਸ਼ੀ ਨਹੀਂ ਮਿਲੀ ਸਰਕਾਰ ਜਲਦ ਤੋਂ ਜਲਦ ਮੁਆਵਜਾ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਵੇ,ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਬਿਜਲੀ ਦੀ ਸਪਲਾਈ ਨਿਰੰਤਰ 10 ਘੰਟੇ ਅਤੇ ਨਹਿਰੀ ਪਾਣੀ ਹਰੇਕ ਖੇਤ ਤੱਕ ਪੁੱਜਦਾ ਕਰਨ ਦਾ ਵਾਅਦਾ ਪੂਰਾ ਕਰੇ, ਅਵਾਰਾਂ ਪਸ਼ੂਆਂ ਅਤੇ ਕੁੱਤਿਆ ਨੂੰ ਸਾਂਭਣ ਦਾ ਪ੍ਰਬੰਧ ਕਰੇ, ਬੰਦੀ ਸਿੱਖਾਂ ਦੀ ਰਿਹਾਈ ਲਈ ਚੱਲ ਰਹੇ ਮੋਹਾਲੀ ਸੰਘਰਸ਼ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰੇ ਤੇ ਬੰਦੀ ਸਿੱਖ ਤੁਰੰਤ ਰਿਹਾਅ ਕੀਤੇ ਜਾਣ। ਮੀਟਿੰਗ ਵਿੱਚ ਗੁਰਮੀਤ ਸਿੰਘ ਗੁਰੂਸਰ, ਮਲਕੀਤ ਸਿੰਘ ਸੰਦੋਹਾ,ਸੁਖਦੇਵ ਸਿੰਘ ਗੰਗਾ ਨਥਾਣਾ, ਬਲਵਿੰਦਰ ਸਿੰਘ ਸੰਦੋਹਾ, ਪਿਸ਼ੌਰਾ ਸਿੰਘ ਸੇਖੂ, ਕਰਮਜੀਤ ਸਿੰਘ ਜੱਜਲ ਆਦਿ ਵੱਡੀ ਗਿਣਤੀ ਵਿਚ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ
6 Views