ਮੇਅਰ ਸਹਿਤ ਦਰਜ਼ਨ ਦੇ ਕਰੀਬ ਕੋਂਸਲਰਾਂ ਦੇ ਕਾਂਗਰਸ ਛੱਡ ਕੇ ਭਾਜਪਾ ਵਿਚ ਜਾਣ ਦੇ ਚਰਚੇ
ਸੁਖਜਿੰਦਰ ਮਾਨ
ਬਠਿੰਡਾ, 18 ਜਨਵਰੀ : ਪਿਛਲੇ ਕਈ ਮਹੀਨਿਆਂ ਤੋਂ ਕਾਂਗਰਸ ਨਾਲੋਂ ਦੂਰੀ ਬਣਾ ਕੇ ਚੱਲ ਰਹੇ ਮਨਪ੍ਰੀਤ ਸਿੰਘ ਬਾਦਲ ਦੇ ਬੁੱਧਵਾਰ ਨੂੰ ਭਾਜਪਾ ਵਿਚ ਸ਼ਾਮਲ ਹੌਣ ਤੋਂ ਬਾਅਦ ਬਠਿੰਡਾ ਨਗਰ ਨਿਗਮ ਵਿਚ ਵੱਡੀ ਸਿਆਸੀ ਹਿੱਲਜੁਲ ਹੋਣ ਦੀ ਚਰਚਾ ਚੱਲ ਪਈ ਹੈ। ਕਾਂਗਰਸ ਪਾਰਟੀ ਕੋਲ ਨਿਗਮ ਦੇ ਕੁੱਲ 50 ਵਾਰਡਾਂ ਵਿਚੋਂ 43 ਕੋਂਸਲਰ ਸਨ, ਜਿੰਨ੍ਹਾਂ ਵਿਚੋਂ ਇੱਕ ਕੋਂਸਲਰ ਵਿੱਕੀ ਨੰਬਰਦਾਰ ਪਹਿਲਾਂ ਹੀ ਆਪਣੇ ਪਿਤਾ ਰਾਜ ਨੰਬਰਦਾਰ ਨਾਲ ਭਾਜਪਾ ਵਿੱਚ ਜਾ ਚੁੱਕੇ ਹਨ ਅਤੇ ਇੱਕ ਕੋਂਸਲਰ ਸੁਖਦੀਪ ਸਿੰਘ ਅਪਣੇ ਮਾਮੇ ਤੇ ਮੌਜੂਦਾ ਵਿਧਾਇਕ ਜਗਰੂਪ ਸਿੰਘ ਗਿੱਲ ਨਾਲ ਆਮ ਆਦਮੀ ਪਾਰਟੀ ਵਿਚ ਸਾਮਲ ਹੋ ਚੁੱਕਿਆ ਹੈ। ਜਦੋਂਕਿ ਵਿਧਾਇਕ ਗਿੱਲ ਵਲੋਂ ਦਿੱਤੇ ਅਸਤੀਫ਼ੇ ਕਾਰਨ ਹਾਲੇ ਉਨ੍ਹਾਂ ਦੇ ਵਾਰਡ ਦੇ ਕੋਂਸਲਰ ਦੀ ਚੋਣ ਹੋਣੀ ਬਾਕੀ ਹੈ। ਅਜਿਹੀ ਹਾਲਾਤ ਵਿਚ 40 ਕੋਂਸਲਰਾਂ ਨਾਲ ਮਜਬੂਤ ਸਥਿਤੀ ਵਾਲੀ ਕਾਂਗਰਸ ਪਾਰਟੀ ਨੂੰ ਆਉਣ ਵਾਲੇ ਦਿਨਾਂ ਵਿਚ ਸਿਆਸੀ ਝਟਕਾ ਲੱਗ ਸਕਦਾ ਹੈ। ਸਿਆਸੀ ਮਾਹਰਾਂ ਮੁਤਾਬਕ ਨਿਗਮ ਦੇ ਮੌਜੂਦਾ ਮੇਅਰ ਅਤੇ ਡਿਪਟੀ ਮੇਅਰ ਸਹਿਤ ਕਰੀਬ ਸਵਾ ਦਰਜ਼ਨ ਕੋਂਸਲਰਾਂ ਨੂੰ ਮਨਪ੍ਰੀਤ ਦੇ ਖੇਮੇ ਦਾ ਮੰਨਿਆ ਜਾ ਰਿਹਾ ਹੈ, ਜਿਹੜੇ ਆਉਣ ਵਾਲੇ ਸਮੇਂ ਵਿਚ ਮਨਪ੍ਰੀਤ ਬਾਦਲ ਦੀ ਅਗਵਾਈ ਹੇਠ ਭਾਜਪਾ ਵਿਚ ਸਮੂਲੀਅਤ ਕਰ ਸਕਦੇ ਹਨ। ਚਰਚਾ ਮੁਤਾਬਕ ਇਹ ਸਿਆਸੀ ਘਟਨਾਕ੍ਰਮ 29-30 ਜਨਵਰੀ ਨੂੰ ਅਮਿਤ ਸ਼ਾਹ ਦੀ ਪਟਿਆਲਾ ਫ਼ੇਰੀ ਦੌਰਾਨ ਵਾਪਰ ਸਕਦਾ ਹੈ। ਇੰਨ੍ਹਾਂ ਵਿਚੋਂ ਕਾਫ਼ੀ ਸਾਰੇ ਕੋਂਸਲਰ ਤਾਂ ਅੱਜ ਹੀ ਸ: ਬਾਦਲ ਦੇ ਰਿਸ਼ਤੇਦਾਰ ਜੈਜੀਤ ਜੌਹਲ ਨੂੰ ਵਧਾਈਆਂ ਦਿੰਦੇ ਸ਼ੋਸਲ ਮੀਡੀਆ ’ਤੇ ਨਜ਼ਰ ਆਏ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਕਾਂਗਰਸ ਨੂੰ ਮੇਅਰ ਵਿਰੁਧ ਆਵਿਸਵਾਸ਼ ਦਾ ਮਤਾ ਲਿਆਉਣਾ ਪੈ ਸਕਦਾ ਹੈ, ਜਿਸਦੇ ਲਈ ਦੋ ਤਿਹਾਈ ਕੋਂਸਲਰਾਂ ਦੀ ਜਰੂਰਤ ਪੈਣੀ ਹੈ। ਸਿਆਸੀ ਮਾਹਿਰਾਂ ਮੁਤਾਬਕ ਜਿੱਥੇ ਮਨਪ੍ਰੀਤ ਬਾਦਲ ਲਈ ਨਗਰ ਨਿਗਮ ਵਿਚ ਅਪਣਾ ਪੱਲੜਾ ਭਾਰੀ ਰੱਖਣ ਵਿਚ ਮੁਸ਼ਕਿਲ ਆਉਂਦੀ ਦਿਖ਼ਾਈ ਦੇ ਰਹੀ ਹੈ, ਉਥੇ ਕਾਂਗਰਸ ਲਈ ਵੀ ਨਿਗਮ ਦੀ ਸੱਤਾ ਦੀ ਚਾਬੀ ਮੁੜ ਅਪਣੇ ਹੱਥ ਵਿਚ ਰੱਖਣੀ ਕਾਫ਼ੀ ਔਖੀ ਜਾਪ ਰਹੀ ਹੈ। ਅਜਿਹੀ ਹਾਲਤ ਵਿੱਚ ਮਨਪ੍ਰੀਤ ਦੇ ਕਾਂਗਰਸ ਛੱਡਣ ਤੋਂ ਬਾਅਦ ਅਜ ਹੀ ਕਾਂਗਰਸੀ ਕੋਂਸਲਰਾਂ ਨੂੰ ਸੰਭਾਲਣ ਲਈ ਭੱਜਦੋੜ ਸ਼ੁਰੂ ਹੋ ਗਈ ਹੈ। ਰਾਜਾ ਵੜਿੰਗ ਧੜੇ ਵਲੋਂ ਜਿੱਥੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਵਲੋਂ ਕੋਂਸਲਰਾਂ ਨਾਲ ਸੰਪਰਕ ਸਾਧਿਆਂ ਜਾ ਰਿਹਾ, ਉਥੇ ਮਨਪ੍ਰੀਤ ਖੇਮੇ ਵਲੋਂ ਉਨ੍ਹਾਂ ਦੇ ਰਿਸ਼ਤੇਦਾਰ ਜੋ ਜੋ ਨੇ ਕਮਾਂਡ ਸੰਭਾਲੀ ਹੋਈ ਹੈ। ਅਜਿਹੇ ਹਾਲਾਤ ਵਿਚ ਹੁਣ ਇਹ ਦੇਖਣਾ ਹੋਵੇਗਾ ਕਿ ਪਹਿਲੀ ਵਾਰ ਨਗਰ ਨਿਗਮ ਦੀ ਸੱਤਾ ’ਤੇ ਸਵਾਰ ਹੋਈ ਕਾਂਗਰਸ ਪਾਰਟੀ ਅਪਣਾ ਜਲਵਾ ਕਾਇਮ ਰੱਖਣ ਵਿਚ ਕਾਮਯਾਬ ਰਹਿੰਦੀ ਹੈ, ਜਾਂ ਫ਼ਿਰ ਅਪਣੀ ਸਮੂਲੀਅਤ ਦੌਰਾਨ ਭਾਜਪਾ ਆਗੂਆਂ ਨਾਲ ਨਿਗਮ ਦੀ ਤਾਕਤ ਵੀ ਅਪਣੇ ਨਾਲ ਲਿਆਉਣਾ ਦਾ ਵਾਅਦਾ ਕਰਕੇ ਆਏ ਸਾਬਕਾ ਵਿਤ ਮੰਤਰੀ ਸ: ਬਾਦਲ ਇਸਨੂੰ ਪੁਗਾਉਣ ਵਿਚ ਕਾਮਯਾਬ ਰਹਿੰਦੇ ਹਨ।
Share the post "ਮਨਪ੍ਰੀਤ ਬਾਦਲ ਦੇ ਕਾਂਗਰਸ ਛੱਡਣ ਤੋਂ ਬਾਅਦ ਬਠਿੰਡਾ ਨਗਰ ਨਿਗਮ ਵਿਚ ਹੋ ਸਕਦੀ ਹੈ ਵੱਡੀ ‘ਸਿਆਸੀ’ ਹਿੱਲਜੁਲ"