107 ਯੂਨਿਟ ਖੂਨ ਇਕੱਤਰ ਕੀਤਾ ਗਿਆ
ਸੁਖਜਿੰਦਰ ਮਾਨ
ਬਠਿੰਡਾ, 21 ਸਤੰਬਰ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਐਨ.ਐੱਸ.ਐੱਸ. ਵਿੰਗ ਵੱਲੋਂ ਯੂਨੀਵਰਸਿਟੀ ਵਿੱਚ ਅੱਜ ਇਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਨੇਕ ਕਾਰਜ ਦੌਰਾਨ 107 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈਂਪ ਦਾ ਸੰਚਾਲਨ ਯੂਨੀਵਰਸਿਟੀ ਦੇ ਐਨ.ਐੱਸ.ਐੱਸ. ਕੋਆਰਡੀਨੇਟਰ ਡਾ: ਮੀਨੂੰ ਅਤੇ ਕੋ-ਕੋਆਰਡੀਨੇਟਰ ਡਾ: ਵੀਨਾ ਸਰਮਾ ਨੇ ਕੀਤਾ।
ਕੈਂਪ ਦੀ ਸੁਰੂਆਤ ਖੂਨਦਾਨੀਆਂ ਦੇ ਪੂਰੇ ਉਤਸਾਹ ਨਾਲ ਹੋਈ। ਕੁੱਲ 107 ਖੂਨਦਾਨੀਆਂ ਨੇ ਖੂਨਦਾਨ ਕਰਕੇ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਇਆ। ਬਾਅਦ ਵਿੱਚ ਪ੍ਰਬੰਧਕੀ ਟੀਮ ਨੇ ਤੁਰੰਤ ਰਾਹਤ ਵਜੋਂ ਖੂਨਦਾਨੀਆਂ ਵਿੱਚ ਊਰਜਾ ਵਧਾਉਣ ਲਈ ਰਿਫਰੈਸ਼ਮੈਂਟ ਵੰਡੀ। ਯੂਨੀਵਰਸਿਟੀ ਦੇ ਮੈਡੀਕਲ ਅਫਸਰ ਡਾ: ਐਚ.ਐਮ. ਗਰਗ ਨੇ ਆਪਣੀ ਟੀਮ ਅਤੇ ਐਂਬੂਲੈਂਸ ਨਾਲ ਕੈਂਪ ਦਾ ਨਿਰੀਖਣ ਕੀਤਾ ਅਤੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਮੌਕੇ ‘ਤੇ ਮੌਜੂਦ ਰਹੇ। ਡਾ: ਗਰਗ ਨੇ ਕਿਹਾ ਕਿ ਨਿਯਮਤ ਤੌਰ ‘ਤੇ ਖੂਨਦਾਨ ਕਰਨਾ ਸਿਹਤ ਲਈ ਚੰਗਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਛੁਪੀਆਂ ਬਿਮਾਰੀਆਂ ਦਾ ਖੁਲਾਸਾ ਹੋ ਸਕਦਾ ਹੈ ਅਤੇ ਅਸੀਂ ਆਪਣੇ ਮੁੱਢਲੇ ਸਿਹਤ ਮੁੱਦਿਆਂ ਤੋਂ ਜਾਣੂ ਹੋ ਸਕਦੇ ਹਾਂ। ਖੂਨ ਦਾਨ ਕਰਨਾ ਕਾਰਡੀਓਵੈਸਕੁਲਰ ਸਿਹਤ ਨੂੰ ਸੁਧਾਰਨ ਅਤੇ ਮੋਟਾਪੇ ਨੂੰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਬੂਟਾ ਸਿੰਘ ਸਿੱਧੂ ਅਤੇ ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ ਨੇ ਕੈਂਪ ਦਾ ਉਦਘਾਟਨ ਕੀਤਾ ਅਤੇ ਐਨ.ਐੱਸ.ਐੱਸ. ਵਿੰਗ ਦੇ ਯਤਨਾਂ ਦੀ ਸਲਾਘਾ ਕਰਦਿਆਂ ਇਸ ਗਤੀਵਿਧੀ ਵਿੱਚ ਵਿਦਿਆਰਥੀਆਂ ਅਤੇ ਸਟਾਫ ਦੇ ਯੋਗਦਾਨ ਦੀ ਸਰਾਹਨਾ ਕੀਤੀ। ਡਾ: ਮੀਨੂੰ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਪ੍ਰੋਗਰਾਮ ਕੋਆਰਡੀਨੇਟਰਾਂ, ਐਨ.ਐੱਸ.ਐੱਸ. ਵਾਲੰਟੀਅਰਾਂ ਦਾ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ ਧੰਨਵਾਦ ਕੀਤਾ।
Share the post "ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਐਨ.ਐੱਸ.ਐੱਸ. ਵਿੰਗ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ"