ਧਰਨੇ ਤੋਂ ਬਾਅਦ ਤਿੰਨ ਨੌਜਵਾਨਾਂ ਵਿਰੁਧ ਪਰਚਾ ਦਰਜ਼, ਦੋ ਗਿ੍ਰਫਤਾਰ
ਸੁਖਜਿੰਦਰ ਮਾਨ
ਬਠਿੰਡਾ, 22 ਫਰਵਰੀ: ਦੋ ਦਿਨ ਪਹਿਲਾਂ ਕਥਿਤ ਚਿੱਟੇ ਦੀ ਓਵਰਡੋਜ਼ ਕਾਰਨ ਜ਼ਿਲ੍ਹੇ ਦੇ ਪਿੰਡ ਗਿੱਲ ਕਲਾਂ ਦੇ 22 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੀ ਮੌਤ ਦੇ ਮਾਮਲੇ ਵਿਚ ਲੋਕਾਂ ਵਲੋਂ ਧਰਨਾ ਲਗਾਉਣ ਤੋਂ ਬਾਅਦ ਥਾਣਾ ਸਦਰ ਰਾਮਪੁਰਾ ਦੀ ਪੁਲਿਸ ਨੇ ਤਿੰਨ ਨੌਜਵਾਨਾਂ ਵਿਰੁਧ ਕੇਸ ਦਰਜ਼ ਕਰ ਲਿਆ ਹੈ। ਪਤਾ ਲੱਗਿਆ ਹੈ ਕਿ ਇਸ ਮਾਮਲੇ ਵਿਚ ਪੁਲਿਸ ਨੇ ਦੋ ਨੌਜਵਾਨਾਂ ਰਘਵੀਰ ਸਿੰਘ ਤੇ ਹਰਜੀਤ ਸਿੰਘ ਵਾਸੀ ਗਿੱਲ ਕਲਾਂ ਨੂੰ ਗਿ੍ਰਫਤਾਰ ਕਰ ਲਿਆ ਹੈ ਜਦੋਂਕਿ ਅਰਸਦੀਪ ਸਿੰਘ ਹਾਲੇ ਫ਼ਰਾਰ ਦਸਿਆ ਜਾ ਰਿਹਾ। ਪਹਿਲਾਂ ਇਸ ਮਾਮਲੇ ਵਿਚ ਪੁਲਿਸ ਵਲੋਂ ਧਾਰਾ 174 ਸੀਆਰਪੀਸੀ ਦੀ ਕਾਰਵਾਈ ਕੀਤੀ ਸੀ, ਜਿਸ ਤੋਂ ਬਾਅਦ ਭੜਕੇ ਲੋਕਾਂ ਨੇ ਥਾਣੇ ਅੱਗੇ ਧਰਨਾ ਲਗਾ ਦਿੱਤਾ ਸੀ ਤੇ ਇਸ ਧਰਨੇ ਵਿਚ ਮੋੜ ਤੋਂ ਚੋਣ ਲੜ ਚੁੱਕੇ ਲੱਖਾ ਸਿਧਾਣਾ ਨੇ ਵੀ ਸਮੂਲੀਅਤ ਕੀਤੀ ਸੀ। ਬਾਅਦ ਵਿਚ ਪੁਲਿਸ ਨੇ ਮਿ੍ਰਤਕ ਨੌਜਵਾਨ ਦੀ ਮਾਂ ਰਾਜਪਾਲ ਕੌਰ ਪਤਨੀ ਨੇਕ ਸਿੰਘ ਦੇ ਬਿਆਨਾਂ ਉਪਰ ਉਕਤ ਤਿੰਨਾਂ ਨੋਜਵਾਨਾਂ ਵਿਰੁਧਧਾਰਾ 304 ਅਤੇ 34 ਆਈਪੀਸੀ ਤਹਿਤ ਕੇਸ ਦਰਜ਼ ਕੀਤਾ ਸੀ। ਪਤਾ ਲੱਗਿਆ ਹੈ ਕਿ ਮਿ੍ਰਤਕ ਨੌਜਵਾਨ ਰਾਮਪੁਰਾ ਦੇ ਟੀਪੀਡੀ ਮਾਲਵਾ ਕਾਲਜ਼ ਵਿਚ ਬੀਏ ਦੇ ਆਖ਼ਰੀ ਸਾਲ ਦਾ ਵਿਦਿਆਰਥੀ ਸੀ। ਪੀੜਤ ਮਾਂ ਨੇ ਦੋਸ਼ ਲਗਾਏ ਸਨ ਕਿ ਕਥਿਤ ਦੋਸ਼ੀ ਨੌਜਵਾਨਾਂ ਨੇ ਉਸ ਦੇ ਪੁੱਤਰ ਨੂੰ ਜਿਆਦਾ ਨਸ਼ਾ ਦੇ ਦਿੱਤਾ ਸੀ, ਜਿਸ ਕਾਰਨ ਉਸਦੀ ਹਾਲਾਤ ਵਿਗੜਣ ਕਾਰਨ ਮੌਤ ਹੋਈ ਹੈ। ਮਿ੍ਰਤਕ ਦੀ ਲਾਸ਼ ਪਿੰਡ ਦੇ ਪਟਵਾਰਖਾਨੇ ਵਿਚੋਂ ਬਰਾਮਦ ਹੋਈ ਸੀ।
ਮਾਮਲਾ ਚਿੱਟੇ ਨਾਲ ਨੌਜਵਾਨ ਦੀ ਹੋਈ ਮੌਤ ਦਾ
7 Views