ਰਾਜਪਾਲ ਵਲੋਂ ਫ਼ਾਈਲ ਮੋੜਣ ਕਾਰਨ ਸਰਕਾਰ ਦੀ ਹੋ ਰਹੀ ਹੈ ਕਿ ਕਿਰਕਿਰੀ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 13 ਅਕਤੂਬਰ: ਪੰਜਾਬ ਸਰਕਾਰ ਵਲੋਂ ਕੁੱਝ ਦਿਨ ਪਹਿਲਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਫ਼ਰੀਦਕੋਟ ਦੇ ਉਪ ਕੁਲਪਤੀ ਦੇ ਅਹੁਦੇ ਲਈ ਦਿਲ ਦੇ ਰੋਗਾਂ ਦੇ ਉਘੇ ਮਾਹਰ ਤੇ ਡੀਐਮਸੀ ਦੇ ਹੈਡ ਡਾ ਗੁਰਪ੍ਰੀਤ ਸਿੰਘ ਵਾਂਡਰ ਦਾ ਨਾਮ ਅੱਗੇ ਕਰਨ ਅਤੇ ਇਸ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਉਨ੍ਹਾਂ ਦੇ ਨਾਮ ਵਾਲੀ ਫਾਈਲ ਵਾਪਸ ਮੋੜਣ ਤੋਂ ਬਾਅਦ ਉਠ ਰਹੇ ਵਿਵਾਦ ਦੌਰਾਨ ਅੱਜ ਡਾ ਵਾਂਡਰ ਨੇ ਅਪਣੀ ਪੇਸਕਸ ਵਾਪਸ ਲੈ ਲਈ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਪ ਕੁਲਪਤੀ ਦੀ ਚੋਣ ਲਈ ਰਾਜਪਾਲ ਨੂੰ ਤਿੰਨ ਨਾਵਾਂ ਦੀ ਭੇਜੀ ਜਾਣ ਵਾਲੀ ਫ਼ਾਈਲ ਵਿਚ ਉਨ੍ਹਾਂ ਦਾ ਨਾਮ ਸ਼ਾਮਲ ਨਾ ਕਰੇ ਕਿਉਂਕਿ ਉਹ ਹੁਣ ਇਸ ਅਹੁੱਦੇ ਲਈ ਇੱਛੁਕ ਨਹੀਂ ਹਨ। ਦਸਣਾ ਬਣਦਾ ਹੈ ਕਿ ਪਹਿਲਾਂ ਪੰਜਾਬ ਸਰਕਾਰ ਨੇ ਇਸ ਅਹੁੱਦੇ ਲਈ ਇਕੱਲੇ ਡਾ ਵਾਂਡਰ ਦਾ ਨਾਮ ਭੇਜ ਦਿੱਤਾ ਸੀ ਤੇ ਜਿਸਦਾ ਵਿਰੋਧ ਕਰਦਿਆਂ ਰਾਜਪਾਲ ਨੇ ਫ਼ਾਈਲ ਨੂੰ ਵਾਪਸ ਭੇਜਦੇ ਹੋੲੈ ਨਿਯਮਾਂ ਤਹਿਤ ਤਿੰਨ ਨਾਮ ਭੇਜਣ ਲਈ ਕਿਹਾ ਸੀ। ਇੱਥੇ ਇਸ ਗੱਲ ਦਾ ਵੀ ਜਿਕਰ ਕਰਨਾ ਬਣਦਾ ਹੈ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਪਹਿਲੇ ਉਪ ਕੁਲਪਤੀ ਡਾ ਰਾਜ ਬਹਾਦਰ ਦੇ ਅਸਤੀਫ਼ੇ ਕਾਰਨ ਵੀ ਸਰਕਾਰ ਨੂੰ ਕਾਫ਼ੀ ਨਮੋਸ਼ੀ ਹੋਈ ਸੀ ਕਿਉਂਕਿ ਅਪਣੇ ਪਲੇਠੇ ਦੌਰੇ ’ਤੇ ਪੁੱਜੇ ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜ਼ਰਾ ਨੇ ਜਨਤਕ ਇਕੱਠ ਵਿਚ ਕਥਿਤ ਤੌਰ ’ਤੇ ਡਾ ਬਹਾਦਰ ਦਾ ਨਿਰਾਦਰ ਕੀਤਾ ਸੀ ਜਿਸਦੇ ਚੱਲਦੇ ਉਨ੍ਹਾਂ ਅਪਣੇ ਅਹੁੱਦੇ ਤੋਂ ਅਸਤੀਫ਼ਾ ਦੇਣ ਦਿੱਤਾ ਸੀ। ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਸਰਕਾਰ ਨੇ ਡਾ ਵਾਂਡਰ ਨੂੰ ਇਸ ਪਦਵੀਂ ’ਤੇ ਨਿਯੁਕਤ ਕਰਨ ਦਾ ਮਨ ਬਣਾਇਆ ਸੀ ਤੇ ਇਸਦੇ ਲਈ ਬਕਾਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਵੀ ਜਾਣਕਾਰੀ ਦਿੱਤੀ ਸੀ ਪ੍ਰੰਤੂ ਹੁਣ ਰਾਜਪਾਲ ਵਲੋਂ ਫ਼ਾਈਲ ਰੱਦ ਕਰਨ ਦੇ ਚੱਲਦੇ ਇਹ ਮਾਮਲਾ ਮੁੜ ਸੁਰਖੀਆਂ ਵਿਚ ਹੈ।
Share the post "ਮਾਮਲਾ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀਸੀ ਦੀ ਨਿਯੁਕਤੀ ਦਾ: ਡਾ ਵਾਂਡਰ ਨੇ ਅਪਣੀ ਪੇਸ਼ਕਸ ਵਾਪਸ ਲਈ"