ਕਾਂਗਰਸੀ ਕੋਂਸਲਰਾਂ ਨੂੰ ਪੜਾਇਆ ਇਕਜੁਟਤਾ ਦਾ ਪਾਠ, 6 ਮਹੀਨੇ ਚੁੱਪ ਰਹਿਣ ਦੀ ਦਿੱਤੀ ਸਲਾਹ
ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ: ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਬਠਿੰਡਾ ਨਗਰ ਨਿਗਮ ਦੇ ਮੇਅਰ ਨੂੰ ਬਦਲਣ ਦੀ ਉਠੀ ਅਵਾਜ਼ ਦੌਰਾਨ ਮਨਪ੍ਰੀਤ ਸਿੰਘ ਬਾਦਲ ਦੇ ‘ਰਿਸਤੇਦਾਰ’ ਜੈਜੀਤ ਸਿੰਘ ਜੌਹਲ ਉਰਫ਼ ਜੋ ਜੋ ਨੇ ਬਠਿੰਡਾ ਦੀ ਕਮਾਂਡ ਸੰਭਾਲਦਿਆਂ ਕੌਂਸਲਰਾਂ ਨੂੰ ਇੱਕਜੁਟਤਾ ਦਾ ਪਾਠ ਪੜ੍ਹਾਇਆ ਹੈ। ਅੱਜ ਸਥਾਨਕ ਗੋਨਿਆਣਾ ਰੋਡ ’ਤੇ ਸਥਿਤ ਇੱਕ ਲਗਜਰੀ ਹੋਟਲ ’ਚ ਸੱਦੀ ਮੀਟਿੰਗ ਦੌਰਾਨ ਕਾਂਗਰਸੀ ਕੋਂਸਲਰਾਂ ਨੂੰ ਪਾਰਟੀ ਦੀ ਗੱਲ ਪਾਰਟੀ ਦੇ ਅੰਦਰ ਹੀ ਰੱਖਣ ਦੀ ਇੱਕ ਤਰਾਂ ਨਾਲ ਕਸਮ ਖਵਾਉਂਦਿਆਂ ਅਗਲੇ 6 ਮਹੀਨਿਆਂ ਤੱਕ ਮੇਅਰ ਨੂੰ ਬਦਲਣ ਜਾ ਕੋਈ ਅਜਿਹੀ ਗੱਲ ਨਾ ਛੇੜਣ ਦੀ ਅਪੀਲ ਕੀਤੀ ਹੈ, ਜਿਸਦੇ ਨਾਲ ਪਾਰਟੀ ਨੂੰ ਕੋਈ ਨੁਕਸਾਨ ਹੁੰਦਾ ਹੋਵੇ। ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਮੀਟਿੰਗ ਦੌਰਾਨ ਮੇਅਰ ਰਮਨ ਗੋਇਲ ਤੇ ਉਸਦੇ ਪਤੀਦੇਵ ਸੰਦੀਪ ਗੋਇਲ ਨੂੰ ਨਹੀਂ ਸੱਦਿਆ ਹੋਇਆ ਸੀ। ਇਸਦਾ ਖ਼ੁਲਾਸਾ ਵੀ ਖੁਦ ਜੋਜੋ ਨੇ ਮੀਟਿੰਗ ਦੌਰਾਨ ਕਰਦਿਆਂ ਕਿਹਾ ਕਿ ‘‘ ਉਹ ਚਾਹੁੰਦੇ ਸਨ ਕਿ ਜੇਕਰ ਕਿਸੇ ਕੋਂਸਲਰ ਨੂੰ ਕੋਈ ਗਿਲਾ ਸਿਕਵਾ ਹੈ ਤਾਂ ਉਹ ਖੁੱਲ ਕੇ ਬੋਲ ਸਕਦਾ ਹੈ। ’’ ਸੂਤਰਾਂ ਮੁਤਾਬਕ ਮੇਅਰ ਨੂੰ ਬਦਲਣ ਦੀ ਮੰਗ ਰੱਖਣ ਵਾਲਾ ਕੋਂਸਲਰ ਬਲਰਾਜ ਪੱਕਾ ਅੱਜ ਦੀ ਮੀਟਿੰਗ ਦੌਰਾਨ ਗੈਰ ਹਾਜ਼ਰ ਰਹੇ। ਇਸਤੋਂ ਇਲਾਵਾ ਲਾਇਨੋਪਾਰ ਇਲਾਕੇ ਦਾ ਕੋਸਲਰ ਪ੍ਰਦੀਪ ਗੋਲਾ, ਕਾਂਗਰਸੀ ਆਗੂ ਅਨਿਲ ਭੋਲਾ ਦਾ ਸਾਥੀ ਜਸਵੀਰ ਸਿੰਘ ਜੱਸਾ ਅਤੇ ਉਮੇਸ ਗੋਗੀ ਮੀਟਿੰਗ ਵਿੱਚ ਹਾਜਰ ਨਹੀਂ ਸਨ। ਦੱਸਣ ਵਾਲਿਆਂ ਮੁਤਾਬਕ ਮੇਅਰ ਬਣਨ ਦੇ ‘ਚਾਹਵਾਨ’ ਰਹੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਨੇ ਮੀਟਿੰਗ ਦੌਰਾਨ ਬੋਲਦਿਆਂ ਅਕਾਲੀ ਦਲ ਦੀ ਉਦਾਹਰਨ ਵੀ ਦਿੱਤੀ ਕਿ ਕਿਸ ਤਰ੍ਹਾਂ ਪਿਛਲੇ ਪੰਜ ਸਾਲਾਂ ਦੌਰਾਨ ਉਹ ਇਕੱਠੇ ਰਹੇ ਤੇ ਕਾਂਗਰਸ ਉਨ੍ਹਾਂ ਦਾ ਕੁੱਝ ਵੀ ਨਹੀਂ ਕਰ ਸਕੀ। ਇਸਦੇ ਲਈ ਜੇਕਰ ਅਸੀਂ ਵੀ ਇਕੱਠੇ ਰਹਾਂਗਾ ਤੇ ਸਾਡੇ ਵੀ ਕੋਈ ਵਾਲ ਵਿੰਗਾਂ ਨਹੀਂ ਕਰ ਸਕਦਾ। ਮੀਟਿੰਗ ਦੌਰਾਨ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ ਨੇ ਵੀ ਸਾਥੀ ਕੋਂਸਲਰਾਂ ਨੂੰ ਮਨਪ੍ਰੀਤ ਬਾਦਲ ਨਾਲ ਖੜਣ ਦਾ ਸੱਦਾ ਦਿੰਦਿਆਂ ਐਲਾਨ ਕੀਤਾ ਕਿ ‘‘ਜਗਰੂਪ ਗਿੱਲ ਦੇ ਘਰ ਅੱਗੇ ਟੱਪਣਾ ਮੈਨੂੰ ਔਖਾ ਹੁੰਦਾ ਹੈ ,ਪਰ ਇਸਦੇ ਬਾਵਜੂਦ ਉਹ ਮਨਪ੍ਰੀਤ ਦਾ ਸਾਥ ਨਹੀਂ ਛੱਡੇਗਾ।’’ ਇਸਤੋਂ ਇਲਾਵਾ ਇਹ ਵੀ ਪਤਾ ਲੱਗਿਆ ਕਿ ਮੀਟਿੰਗ ਤੋਂ ਬਾਅਦ ਹੋਏ ਫੋਟੋ ਸੈਸਨ ਦੌਰਾਨ ਟੀਮ ਮਨਪ੍ਰੀਤ ਦੀਆਂ ਨਜ਼ਰਾਂ ’ਚ ‘ਰਾਜਾ ਵੜਿੰਗ’ ਦੇ ਪੱਕੇ ਸਾਥੀ ਮੰਨੇ ਜਾਂਦੇ ਮਲਕੀਤ ਕੌਂਸਲਰ ਨੇ ਸਭ ਤੋਂ ਵੱਧ ਜ਼ੋਰ ਨਾਲ ਜੋਜੋ ਦੇ ਹੱਕ ਵਿੱਚ ਨਾਅਰੇ ਲਗਾਏ। ਮੀਟਿੰਗ ਦੌਰਾਨ ਕਾਂਗਰਸੀ ਵਰਕਰਾਂ ਨੂੰ ਇਕਜੁਟਤਾ ਦਾ ਪਾਠ ਪੜਾਉਂਦਿਆਂ ਜੈਜੀਤ ਜੌਹਲ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਹਲਕਾ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਅਤੇ ਉਨ੍ਹਾਂ ਦਾ ਦਫ਼ਤਰ ਇਸੇ ਤਰ੍ਹਾਂ ਕੰਮ ਕਰਦਾ ਰਹੇਗਾ। ਉਨ੍ਹਾਂ ਕਾਗਰਸੀ ਕੋਂਸਲਰਾਂ ਨੂੰ ਵੀ ਅਪਣੀ ਡਿਊਟੀ ਬਾਖੂੁਬੀ ਨਿਭਾਂਉਂਦੇ ਰਹਿਣ ਲਈ ਕਹਿੰਦਿਆ ਲੋਕਾਂ ਨਾਲ ਖੜਣ ਦੀ ਸਲਾਹ ਦਿੱਤੀ। ਉਨ੍ਹਾਂ ਇੰਨ੍ਹਾਂ ਚੋਣਾਂ ਵਿਚ ਹਾਰ ਦੀ ਜਿੰਮੇਵਾਰੀ ਮੁੜ ਅਪਣੇ ਸਿਰ ਲੈਂਦਿਆਂ ਅਪਣੇ ਪ੍ਰਤੀ ਸ਼ਹਿਰ ਵਿਚ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਨੂੰ ਉਨ੍ਹਾਂ ਦੇ ਧਿਆਨ ਵਿਚ ਲਿਆਉਣ ਦੀ ਵੀ ਅਪੀਲ ਕੀਤੀ। ਪਤਾ ਲੱਗਿਆ ਹੈ ਕਿ ਮੀਟਿੰਗ ਵਿਚ ਕਾਂਗਰਸੀ ਕੋਂਸਲਰਾਂ ਨੂੰ ਅਪਣੇ ਮੁੱਦੇ ਜੋਜੋ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਡਿਪਟੀ ਮੇਅਰ ਅਸੋਕ ਪ੍ਰਧਾਨ ਤੇ ਮਾਸਟਰ ਹਰਮਿੰਦਰ ਸਿੰਘ ਦੇ ਧਿਆਨ ਵਿਚ ਲਿਆਉਣ ਲਈ ਵੀ ਕਿਹਾ ਗਿਆ ਹੈ। ਉਜ ਕੋਂਸਲਰਾਂ ਨੂੰ 6 ਮਹੀਨੇ ਤੱਕ ਕਿਸੇ ਬਾਰੇ ਕੋਈ ਗਲਤ ਟਿੱਪਣੀ ਕਰਨ ਤੋਂ ਬਚਣ ਦੀ ਸਲਾਹ ਦਿੰਦਿਆਂ ਸ਼ਾਂਤ ਰਹਿੰਦਿਆਂ ਨਗਰ ਨਿਗਮ ਦੇ ਬਜਟ ਮੀਟਿੰਗ ਵਿੱਚ ਪੁੱਜਣ ‘ਤੇ ਸਵਾਗਤ ਕਰਨ ਲਈ ਕਿਹਾ।
ਮੇਅਰ ਨੂੰ ਬਦਲਣ ਦੀ ਉੱਠੀ ਮੰਗ ਦੌਰਾਨ ‘ਜੋ-ਜੋ’ ਨੇ ਮੁੜ ਸੰਭਾਲੀ ਕਮਾਂਡ
9 Views