ਬਠਿੰਡਾ, 17 ਨਵੰਬਰ : ਲੰਘੀ 15 ਨਵੰਬਰ ਨੂੰ ਨਗਰ ਨਿਗਮ ਦੇ ਮੇਅਰ ਵਿਰੁਧ ਬੇਭਰੋਸਗੀ ਮਤੇ ਸਬੰਧੀ ਹੋਈ ਮੀਟਿੰਗ ਦੌਰਾਨ ਮੇਅਰ ਵਿਰੁਧ ਵੋਟਿੰਗ ਕਰਨ ਵਾਲੇ ਅਕਾਲੀ ਦਲ ਦੇ ਕੌਸਲਰਾਂ ਨੇ ਅੱਜ ਲੋਕਾਂ ਸਾਹਮਣੇ ਆਪਣਾ ਪੱਖ ਰੱਖਿਆ। ਬੀਤੀ ਸ਼ਾਮ ਇੱਕ ਸਮਾਗਮ ਵਿਚ ਸਮੂਲੀਅਤ ਕਰਨ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਇੰਨ੍ਹਾਂ ਕੌੌਸਲਰਾਂ ਨਾਲ ਕੋਈ ਸਬੰਧ ਨਾ ਹੋਣ ਦੇ ਕੀਤੇ ਦਾਅਵੇ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਰੂ-ਬ-ਰੂ ਹੋਏ ਯੂਥ ਵਿੰਗ ਦੇ ਸਹਿਰੀ ਪ੍ਰਧਾਨ ਕੌਂਸਲਰ ਹਰਪਾਲ ਸਿੰਘ ਢਿੱਲੋਂ, ਐਸੀ .ਵਿੰਗ ਦੇ ਪ੍ਰਧਾਨ ਕੌਂਸਲਰ ਮੱਖਣ ਸਿੰਘ ਅਤੇ ਮਹਿਲਾ ਕੌਂਸਲਰ ਕਮਲਜੀਤ ਕੌਰ ਦੇ ਪਤੀ ਰਣਦੀਪ ਸਿੰਘ ਰਾਣਾ ਅਤੇ ਇੱਕ ਹੋਰ ਮਹਿਲਾ ਕੌਂਸਲਰ ਗੁਰਦੇਵ ਕੌਰ ਦੇ ਪੁੱਤਰ ਅਤੇ ਸਾਬਕਾ ਐਮ.ਸੀ ਹਰਜਿੰਦਰ ਸਿੰਘ ਛਿੰਦਾ ਨੇ ਦਾਅਵਾ ਕੀਤਾ ਕਿ ‘‘ ਉਨ੍ਹਾਂ ਇਹ ਫੈਸਲਾ ਕਿਸੇ ਦਬਾਅ ਜਾਂ ਲਾਲਚ ਕਰਕੇ ਨਹੀਂ ਕੀਤਾ, ਬਲਕਿ ਸ਼ਹਿਰ ਦੇ ਲੋਕਾਂ ਦੀ ਅਵਾਜ਼ ਅਤੇ ਆਪਣੀ ਜਮੀਰ ਦੀ ਅਵਾਜ਼ ਸੁਣਨ ਤੋਂ ਬਾਅਦ ਕੀਤਾ ਸੀ, ਪ੍ਰੰਤੂ ਉਹ ਅਕਾਲੀ ਦਲ ਦੇ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ। ’’
ਮੇਅਰ ਵਿਰੁਧ ਭੁਗਤਣ ਵਾਲੇ ਅਕਾਲੀ ਕੌੌਸਲਰਾਂ ਨੂੰ ਸੁਖਬੀਰ ਬਾਦਲ ਵਲੋਂ ਪਾਰਟੀ ਵਿਚੋਂ ਕੱਢਣ ਦਾ ਐਲਾਨ
ਹਾਲਾਂਕਿ ਇਸ ਮੌਕੇ ਉਨ੍ਹਾਂ ਸ: ਬਾਦਲ ਵਲੋਂ ਬੀਤੀ ਸ਼ਾਮ ਦਿੱਤੇ ਬਿਆਨ ’ਤੇ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਉਹ ਇਸ ਮੁੱਦੇ ’ਤੇ ਕੁੱਝ ਨਹੀਂ ਬੋਲਣਗੇ ਕਿਉਂਕਿ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਉਹ ਸਤਿਕਾਰਤ ਹਨ। ਹਾਲਾਂਕਿ ਇੰਨ੍ਹਾਂ ਕੌਸਲਰਾਂ ਨੇ ਇਸ ਗੱਲ ’ਤੇ ਜਰੂਰ ਰੰਜ਼ ਜਾਹਰ ਕੀਤਾ ਕਿ ‘‘ ਉਨ੍ਹਾਂ ਨੂੰ ਪਾਰਟੀ ਵੱਲੋਂ ਕੋਈ ਨੋਟਿਸ ਨਹੀਂ ਦਿੱਤਾ ਗਿਆ ਅਤੇ ਨਾਂ ਹੀ ਇਸ ਫੈਸਲੇ ਬਾਰੇ ਪੁਛਿਆ ਗਿਆ, ਜਿਸਦੇ ਚੱਲਦੇ ਲੰਮੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਰਹਿਣ ਕਰਕੇ ਠੇਸ ਜਰੂਰ ਪੁੱਜੀ ਹੈ। ’’ ਹਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਪੂਰਾ ਬਠਿੰਡਾ ਸਹਿਰ ਜਾਣਦਾ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਤਤਕਾਲੀ ਵਿਤ ਮੰਤਰੀ ਤੇ ਉਨ੍ਹਾਂ ਦੇ ਸਾਥੀਆਂ ਨੇ ਕਿਸ ਤਰ੍ਹਾਂ ਧੱਕੇਸ਼ਾਹੀਆਂ ਕੀਤੀਆਂ। ਇੱਥੋਂ ਤੱਕ ਨਿਗਮ ਚੋਣਾਂ ਵਿਚ ਅਕਾਲੀ ਉਮੀਦਵਾਰਾਂ ਨੂੰ ਧੱਕੇ ਨਾਲ ਹਰਾਇਆ ਗਿਆ ਤੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਗਈ। ਸਾਬਕਾ ਮੇਅਰ ਰਮਨ ਗੋਇਲ ਦੇ ਮੁੱਦੇ ’ਤੇ ਗੱਲ ਕਰਦਿਆਂ ਸ: ਢਿੱਲੋਂ ਨੇ ਕਿਹਾ ਕਿ ਜਦ ਮੇਅਰ ਦੀ ਚੋਣ ਹੋਈ ਸੀ, ਉਸ ਸਮੇਂ ਅਕਾਲੀ ਦਲ ਦੇ ਸੱਤਾਂ ਕੌਸਲਰਾਂ ਨੇ ਬਾਈਕਾਟ ਕੀਤਾ ਸੀ, ਕਿਉਂਕਿ ਮੇਅਰ ਨੂੰ ਕੌਸਲਰਾਂ ਵਲੋਂ ਚੁਣਿਆ ਨਹੀਂ ਗਿਆ ਸੀ, ਬਲਕਿ ਸ਼ਹਿਰ ਉਪਰ ਇੱਕ ਵਿਅਕਤੀ ਵਿਸੇਸ ਵਲੋਂ ਥੋਪਿਆ ਗਿਆ ਸੀ, ਜਿਸਦਾ ਖਮਿਆਜ਼ਾ ਉਨ੍ਹਾਂ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਿਆ।
Breking News: ਮਨਪ੍ਰੀਤ ਖੇਮੇ ਨੂੰ ਵੱਡਾ ਝਟਕਾ: ਰਮਨ ਗੋਇਲ ਤੋਂ ਮੇਅਰ ਦੀਆਂ ‘ਪਾਵਰਾਂ’ ਵਾਪਸ ਲਈਆਂ
ਉਨ੍ਹਾਂ ਕਿਹਾ ਕਿ ਮੇਅਰ ਦੇ ਹੱਕ ਜਾਂ ਵਿਰੁਧ ਵੋਟ ਪਾਉਣ ਤੋਂ ਪਹਿਲਾਂ ਉਨ੍ਹਾਂ ਅਪਣੇ ਵਾਰਡਾਂ ਤੇ ਸ਼ਹਿਰ ਦੇ ਹਜ਼ਾਰਾਂ ਲੋਕਾਂ ਨਾਲ ਗੱਲਬਾਤ ਕੀਤੀ ਸੀ, ਜਿੰਨ੍ਹਾਂ ਵਿਚੋਂ ਕਿਸੇ ਇੱਕ ਨੇ ਵੀ ਮੇਰ ਦੇ ਹੱਕ ਵਿਚ ਖੜ੍ਹਣ ਦੀ ਸਲਾਹ ਨਹੀਂ ਦਿੱਤੀ। ਯੂਥ ਆਗੂ ਨੇ ਅਪਣੀ ਪਾਰਟੀ ਦੇ ਆਗੂਆਂ ਨੂੰ ਸਵਾਲ ਪੁਛਦਿਆਂ ਕਿਹਾ ਕਿ ‘‘ ਸਾਬਕਾ ਮੇਅਰ ਕਿਸ ਪਾਰਟੀ ਨਾਲ ਸਬੰਧਤ ਸਨ, ਉਹ ਤਾਂ ਸਿਰਫ਼ ਮਨਪ੍ਰੀਤ ਬਾਦਲ ਦੀ ਹਿਮਾਇਤੀ ਸੀ ਤੇ ਉਨ੍ਹਾਂ ਸ਼ਹਿਰ ਵਾਸੀਆਂ ’ਤੇ ਥੋਪੀ ਮਹਿਲਾ ਨੂੰ ਉਤਾਰ ਕੇ ਕੀ ਗਲਤ ਕੀਤਾ। ’’ ਕੌਸਲਰ ਹਰਪਾਲ ਸਿੰਘ ਢਿੱਲੋਂ ਜੋਕਿ ਖੁਦ ਵੀ ਵਕੀਲ ਹਨ, ਨੇ ਇਸ ਮੁੱਦੇ ’ਤੇ ਉਨ੍ਹਾਂ ਅਤੇ ਸਾਥੀ ਕੌਸਲਰਾਂ ਵਿਰੁਧ ਸੋਸਲ ਮੀਡੀਆ ਉਪਰ ਲਗਾਏ ਜਾ ਰਹੇ ਦੋਸ਼ਾਂ ਨੂੰ ਝੂਠਾਂ ਦਾ ਪੁਲੰਦਾ ਦਸਿਆ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਕਾਲੀ ਦੇ ਪ੍ਰਧਾਨ ਦੇ ਬਿਆਨ ਤੋਂ ਬਾਅਦ ਹੁਣ ਉਹ ਅਤੇ ਸਾਥੀ ਕੌਸਲਰ ਅਪਣੇ ਭਵਿੱਖ ਲਈ ਅਗਲਾ ਫ਼ੈਸਲਾ ਵੀ ਬਠਿੰਡਾ ਸ਼ਹਿਰ ਵਾਸੀਆਂ ਅਤੇ ਆਪਣੇ ਵਾਰਡ ਦੇ ਲੋਕਾਂ ਨਾਲ ਰਾਇ ਮੁਤਾਬਿਕ ਲੈਣਗੇ।
Share the post "ਮੇਅਰ ਦੇ ਵਿਰੁਧ ਭੁਗਤਣ ਵਾਲੇ ਅਕਾਲੀ ਕੌਸਲਰ ਆਏ ਸਾਹਮਣੇ, ਦੱਸੀ ਕੱਲੀ-ਕੱਲੀ ਗੱਲ"