ਸੁਖਜਿੰਦਰ ਮਾਨ
ਬਠਿੰਡਾ, 14 ਦਸੰਬਰ: ਅਗਰਵਾਲ ਭਾਈਚਾਰੇ ਨਾਲ ਸਬੰਧਤ ਕਾਂਗਰਸ ਦੇ ਸੀਨੀਅਰ ਆਗੂ ਮੰਗਤ ਰਾਏ ਬਾਂਸਲ ਨੂੰ ਮੁੜ ਜ਼ਿਲ੍ਹਾ ਪ੍ਰਧਾਨਗੀ ਸੌਂਪ ਕੇ ਹਾਈਕਮਾਂਡ ਨੇ ਮੁੜ ਬਾਂਸਲ ਪ੍ਰਵਾਰ ’ਤੇ ਵਿਸ਼ਵਾਸ ਪ੍ਰਗਟਾਇਆ ਹੈ। ਇਸਤੋਂ ਪਹਿਲਾਂ ਸ਼੍ਰੀ ਬਾਂਸਲ ਦੀ ਪਤਨੀ ਡਾ ਮੰਜੂ ਬਾਂਸਲ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਸਨ, ਜਿੰਨ੍ਹਾਂ ਨੂੰ ਹੁਣ ਮੋੜ ਹਲਕੇ ਤੋਂ ਚੋਣ ਲੜਾਉਣ ਦੀ ਤਿਆਰੀ ਹੈ। ਪਾਰਟੀ ਦੇ ਸੂਤਰਾਂ ਮੁਤਾਬਕ ਮੰਜੂ ਬਾਂਸਲ ਦੀ ਉਮੀਦਵਾਰੀ ਲਗਭਗ ਤੈਅ ਹੋ ਚੁੱਕੀ ਹੈ ਤੇ ਇਸ ਸਬੰਧ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਰੀ ਝੰਡੀ ਦਿੱਤੀ ਹੈ। ਦਸਣਾ ਬਣਦਾ ਹੈ ਕਿ ਬਠਿੰਡਾ ਲੋਕ ਸਭਾ ਸੀਟ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਕਾਂਗਰਸ ਪਾਰਟੀ ਵਲੋਂ ਮੌਜੂਦਾ ਸਮੇਂ ਸਿਰਫ਼ ਮੋੜ ਹਲਕੇ ਵਿਚ ਹੀ ਹਿੰਦੂ ਉਮੀਦਵਾਰ ਬਣਾਏ ਜਾਣ ਦੀ ਚਰਚਾ ਹੈ, ਕਿਉਂਕਿ ਬਠਿੰਡਾ ਸ਼ਹਿਰੀ ਸੀਟ ਉਪਰ ਮੌਜੂਦਾ ਵਿਧਾਂਇਕ ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੀ ਸੰਭਾਵੀ ਉਮੀਦਵਾਰ ਹਨ ਜਦੋਂਕਿ ਮਾਨਸਾ ਸੀਟ ਤੋਂ ਕਾਂਗਰਸ ਨੇ ਉਘੇ ਗਾਇਕ ਸਿੱਧੂ ਮੂਸੇਵਾਲਾ ਨੂੰ ਚੋਣ ਲੜਾਉਣ ਦੀ ਤਿਆਰੀ ਕਰ ਲਈ ਹੈ। ਪਾਰਟੀ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਬਠਿੰਡਾ ਪੱਟੀ ’ਚ ਵੱਡੀ ਪੱਧਰ ’ਤੇ ਅਗਵਾ ਭਾਈਚਾਰੇ ਵੋਟ ਹੈ ਤੇ ਅਜਿਹੇ ਹਾਲਾਤ ’ਚ ਇਸ ਭਾਈਚਾਰੇ ਨੂੰ ਨਰਾਜ਼ ਕਰਨਾ ਕਾਫ਼ੀ ਮਹਿੰਗਾ ਹੋ ਸਕਦਾ ਹੈ। ਅਜਿਹੇ ਹਾਲਾਤ ਵਿਚ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੇ ਤਿੰਨ ਵਿਧਾਨ ਸਭਾ ਹਲਕਿਆਂ ਮੋੜ, ਮਾਨਸਾ ਤੇ ਬੁਲਢਾਡਾ ਵਿਚ ਪ੍ਰਭਾਵ ਰੱਖਣ ਵਾਲੇ ਬਾਂਸਲ ਪ੍ਰਵਾਰ ਨੂੰ ਜ਼ਿਲ੍ਹਾ ਪ੍ਰਧਾਨਗੀ ਨਾਲ ਨਿਵਾਜ਼ਿਆ ਗਿਆ ਹੈ। ਗੌਰਤਲਬ ਹੈ ਕਿ ਸਾਲ 2012 ਵਿਚ ਸਿਰਫ਼ ਇੱਕ ਹਜ਼ਾਰ ਵੋਟਾਂ ਦੇ ਅੰਤਰ ਨਾਲ ਮੋੜ ਹਲਕੇ ਤੋਂ ਮਾਤ ਖ਼ਾਣ ਵਾਲੇ ਮੰਗਤ ਰਾਏ ਬਾਂਸਲ ਬੁਢਲਾਡਾ ਤੋਂ ਇਲਾਵਾ ਮਾਨਸਾ ਤੋਂ ਵੀ ਵਿਧਾਇਕ ਰਹਿ ਚੁੱਕੇ ਹਨ ਜਦੋਂਕਿ ਉਨ੍ਹਾਂ ਦੀ ਪਤਨੀ 2017 ਵਿਚ ਮਾਨਸਾ ਹਲਕੇ ਤੋਂ ਚੋਣ ਲੜ ਚੁੱਕੀ ਹੈ। ਉਧਰ ਮੰਗਤ ਰਾਏ ਬਾਂਸਲ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਦਾਅਵਾ ਕੀਤਾ ਕਿ ਉਹ ਇਸ ਇਲਾਕੇ ’ਚ ਕਾਂਗਰਸ ਪਾਰਟੀ ਨੂੰ ਜਤਾਉਣ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ ਤੇ 2022 ਵਿਚ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ।
Share the post "ਮੰਗਤ ਰਾਏ ਬਾਂਸਲ ਬਣੇ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ, ਮੰਜੂ ਬਾਂਸਲ ਨੂੰ ਮੋੜ ਤੋਂ ਉਮੀਦਵਾਰ ਬਣਾਉਣ ਦੀ ਤਿਆਰੀ"