10 ਅਪ੍ਰੈਲ ਤੱਕ ਚੱਲਣੀ ਹੈ ਵੋਟਾਂ ਦੀ ਮੁਹਿੰਮ
ਸੁਖਜਿੰਦਰ ਮਾਨ
ਬਠਿੰਡਾ, 19 ਮਾਰਚ : ਲੰਘੀ 10 ਮਾਰਚ ਤੋਂ ਯੂਥ ਕਾਂਗਰਸ ਦੀਆਂ ਚੋਣਾਂ ਲਈ ਸ਼ੁਰੂ ਹੋਈ ਪ੍ਰਕ੍ਰਿਆ ਪੂਰੀ ਤਰ੍ਹਾਂ ਭਖ ਚੁੱਕੀ ਹੈ। ਇੰਨ੍ਹਾਂ ਚੋਣਾਂ ਨੂੰ ਲੈ ਕੇ ਯੂਥ ਵਰਕਰਾਂ ਤੇ ਆਗੂਆਂ ਵਿਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਹਲਕਾ ਅਤੇ ਜ਼ਿਲ੍ਹਾ ਪ੍ਰਧਾਨਾਂ ਵਲੋਂ ਇੰਨ੍ਹਾਂ ਚੋਣਾਂ ’ਚ ਜਿੱਤ ਪ੍ਰਾਪਤ ਕਰਨ ਲਈ ਦਿਨ-ਰਾਤ ਇੱਕ ਕੀਤਾ ਜਾ ਰਿਹਾ ਹੈ, ਉਥੇ ਸੂਬਾ ਜਨਰਲ ਸਕੱਤਰ ਦੇ ਅਹੁੱਦੇ ਲਈ ਮੈਦਾਨ ਵਿਚ ਡਟੇ ਬਠਿੰਡਾ ਪੱਟੀ ਦੇ ਯੂਥ ਆਗੂ ਰਣਜੀਤ ਸਿੰਘ ਸੰਧੂ ਨੇ ਅਪਣੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾਇਆ ਹੋਇਆ ਹੈ। ਯੂਥ ਆਗੂ ਰਣਜੀਤ ਸਿੰਘ ਸੰਧੂ ਜਿੱਥੇ ਜ਼ਿਲ੍ਹਾ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਦਾ ਨਜਦੀਕੀ ਮੰਨਿਆਂ ਜਾਂਦਾ ਹੈ, ਉਥੇ ਸੂਬੇ ਵਿਚ ਉਸਨੂੰ ਹੋਰਨਾਂ ਆਗੂਆਂ ਦਾ ਵੀ ਸਮਰਥਨ ਹਾਸਲ ਦਸਿਆ ਜਾ ਰਿਹਾ। ਸੰਧੂ ਨੇ ਦਾਅਵਾ ਕੀਤਾ ਕਿ ਚੋਣਾਂ ਵਿਚ ਨੌਜਵਾਨਾਂ ’ਚ ਪੂਰਾ ਉਤਸ਼ਾਹ ਹੈ ਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਇੰਨ੍ਹਾਂ ਨੌਜਵਾਨਾਂ ਦੇ ਸਹਿਯੋਗ ਨਾਲ ਵੱਡੀ ਜਿੱਤ ਪ੍ਰਾਪਤ ਕਰਨਗੇ। ਗੌਰਤਲਬ ਹੈ ਕਿ ਸੂਬੇ ਵਿਚ ਪ੍ਰਧਾਨ ਤੋਂ ਬਾਅਦ ਜਨਰਲ ਸਕੱਤਰ ਦਾ ਅਹੁੱਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ। ਦਸਣਾ ਬਣਦਾ ਹੈ ਕਿ ਇਹ ਚੋਣ ਮੁਹਿੰਮ ਆਗਾਮੀ 10 ਅਪ੍ਰੈਲ ਤੱਕ ਚੱਲਣੀ ਹੈ। ਵੱਡੀ ਗੱਲ ਇਹ ਵੀ ਹੈ ਕਿ ਇਸ ਮੁਹਿੰਮ ਵਿਚ ਮੈਂਬਰਸ਼ਿਪ ਵੀ ਨਾਲ ਚੱਲ ਰਹੀ ਹੈ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨਗੀ ਲਈ ਮੌਜੂਦਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਮੁੜ ਮੈਦਾਨ ਵਿਚ ਨਿੱਤਰਿਆਂ ਹੋਇਆ ਹੈ, ਜਿਸਨੂੰ ਜ਼ਿਲ੍ਹੇ ਦੇ ਕਈ ਹੋਰ ਵੱਡੇ ਲੀਡਰਾਂ ਦਾ ਅਸੀਰਵਾਦ ਮਿਲਿਆ ਹੋਇਆ ਹੈ। ਜਿਕਰਯੋਗ ਹੈ ਕਿ ਮੌਜੂਦਾ ਅਹੁੱਦੇਦਾਰਾਂ ਦੀ ਮਿਆਦ ਦਸੰਬਰ 2022 ਵਿਚ ਖ਼ਤਮ ਹੋ ਗਈ ਸੀ, ਜਿਸਤੋਂ ਬਾਅਦ ਇਹ ਚੋਣ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਸੀ ਤੇ ਇਸ ਪ੍ਰੀਕ੍ਰਿਆ ਤਹਿਤ 19 ਤੋਂ 28 ਫ਼ਰਵਰੀ ਤੱਕ ਨਾਮਜਦਗੀਆਂ ਦਾ ਕੰਮ ਚੱਲਿਆ ਸੀ।
ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਰਣਜੀਤ ਸੰਧੂ ਨੇ ਭਖਾਈ ਚੋਣ ਮੁਹਿੰਮ
9 Views