ਸੁਖਜਿੰਦਰ ਮਾਨ
ਬਠਿੰਡਾ, 11 ਅਪ੍ਰੈਲ: ਔਰੰਗਜ਼ੇਬ ਦੇ ਰਾਜ ਦੌਰਾਨ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਅਤੇ ਪਰਾਹੁਣਚਾਰੀ ਕਰਨ ਵਾਲੇ ਰਾਏ ਕੱਲ੍ਹਾ ਜੀ ਦੇ ਪ੍ਰਵਾਰ ਨੇ ਸਿੱਖਾਂ ਨੂੰ ਖ਼ਾਲਸਾ ਸਾਜਨਾ ਦਿਵਸ ਮੌਕੇ ਵਧਾਈਆਂ ਦਿੱਤੀਆਂ ਹਨ। ਅੱਜ ਕੱਲ ਪਾਕਿਸਤਾਨ ਵਿਚ ਰਹਿ ਰਹੇ ਰਾਏ ਕੱਲ੍ਹਾ ਦੀ 9ਵੀਂ ਪੀੜ੍ਹੀ ਦੇ ਵੰਸਿਜ਼ ਤੇ ਸਾਬਕਾ ਸੰਸਦ ਮੈਂਬਰ ਰਾਏ ਅਜ਼ੀਜ਼ੁੱਲਾ ਖਾਨ ਨੇ ਵਿਸੇਸ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਵਾਰ ਦੀ ਸੇਵਾ ਉਪਰ ਮਾਣ ਹੈ। ਗੌਰਤਲਬ ਹੈ ਕਿ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਦੁਖਦਾਈ ਖਬਰ ਵੀ ਰਾਏ ਕੱਲ੍ਹਾ ਦੇ ਸੇਵਕ ਨੂਰਾ ਮਾਹੀ ਰਾਹੀਂ ਗੁਰੂ ਸਾਹਿਬ ਕੋਲ ਭੇਜੀ ਗਈ ਸੀ, ਜੋ ਸਰਹਿੰਦ ਤੋਂ ਇਹ ਖਬਰ ਲੈ ਕੇ ਆਏ ਸਨ। ਗੁਰੂ ਪ੍ਰਵਾਰ ਦੀ ਸੇਵਾ ਦੇ ਸਤਿਕਾਰ ਵਜੋਂ ਗੁਰੂ ਗੋਬਿੰਦ ਸਿੰਘ ਜੀ ਨੇ ਰਾਏਕੋਟ ਰਿਆਸਤ ਜਿਲਾ ਲੁਧਿਆਣਾ ਦੇ ਇਸ ਪ੍ਰਵਾਰ ਨੂੰ ਅਪਣੇ ਹੱਥਾਂ ਨਾਲ ਗੰਗਾ ਸਾਗਰ ਸੌਂਪੀ ਸੀ, ਜਿਸਨੂੰ ਅੱਜ ਤੱਕ ਪ੍ਰਵਾਰ ਨੇ ਅਪਣੇ ਕਲਾਵੇ ਵਿਚ ਰੱਖਿਆ ਹੋਇਆ ਹੈ। ਰਾਏ ਅਜੀਜਖ਼ਾਨ ਨੇ ਵਿਸਾਖੀ 2023 ਦੀਆਂ ਸਮੂਹ ਸਿੱਖ ਸੰਗਤ ਨੂੰ ਵਧਾਈ ਦਿੰਦਿਆਂ ਦਸਿਆ ਕਿ ਗੁਰੂ ਸਾਹਿਬ ਦੀ ਇਸ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ 13,14 ਅਤੇ 15 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਮਾਲਟਨ ਟੋਰਾਂਟੋ ਵਿਖੇ ਅਤੇ 16 ਅਤੇ 17 ਅਪ੍ਰੈਲ ਨੂੰ ਨਿਸ਼ਾਨ ਸਾਹਿਬ ਸਮਾਗਮ ਮੌਕੇ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਕੈਨੇਡਾ ਵਿਖੇ ਕਰਵਾਏ ਜਾ ਰਹੇ ਹਨ।
ਰਾਏ ਕੱਲਾ ਦੇ ਵੰਸ਼ਜ ਨੇ ਸਿੱਖਾਂ ਨੂੰ ਵਿਸਾਖੀ ਮੌਕੇ ਦਿੱਤੀਆਂ ਵਧਾਈਆਂ
12 Views