ਲੋਕ ਭਲਾਈ ਪਾਰਟੀ ਦੇ ਝੰਡੇ ਹੇਠ ਮੁੜ ਸਿਆਸੀ ਸਰਗਰਮੀਆਂ ਸ਼ੁਰੂ ਕਰਨ ਦਾ ਐਲਾਨ
ਕਾਮਰੇਡਾਂ ਦੇ ਨਾਲ ਗਰਮਖਿਆਲੀਆਂ ਨੂੰ ਵੀ ਪੰਜਾਬ ਦੇ ਭਲੇ ਲਈ ਸਾਥ ਦੇਣ ਦੀ ਕੀਤੀ ਅਪੀਲ
ਭਗਵੰਤ ਮਾਨ ਨੂੰ ਟਰੈਵਲ ਏਜੰਟਾਂ ਦੇ ਮੁੱਦੇ ’ਤੇ ਵਿਧਾਨ ਸਭਾ ਦਾ ਵਿਸ਼ੇਸ ਸੈਸਨ ਸੱਦਣ ਲਈ ਕਿਹਾ
ਸੁਖਜਿੰਦਰ ਮਾਨ
ਬਠਿੰਡਾ, 9 ਅਪ੍ਰੈਲ: ਲੰਮੇ ਸਮੇਂ ਤੋਂ ਪੰਜਾਬ ਦੇ ਸਿਆਸੀ ਦ੍ਰਿਸ ਤੋਂ ਗਾਇਬ ਦਿਖ਼ਾਈ ਦੇ ਰਹੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਮੁੜ ਲੋਕ ਭਲਾਈ ਪਾਰਟੀ ਦੇ ਝੰਡੇ ਹੇਠ ਮੁੜ ਤੋਂ ਸਿਆਸੀ ਸਰਗਰਮੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅੱਜ ਬਠਿੰਡਾ ’ਚ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਪੰਜਾਬ ਦੇ ਭਲੇ ਲਈ ਕਾਮਰੇਡਾਂ ਦੇ ਨਾਲ -ਨਾਲ ਗਰਮ ਖਿਆਲੀਆਂ ਨੂੰ ਵੀ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ‘‘ ਉਹ ਵੋਟਾਂ ਲਈ ਨਹੀਂ, ਬਲਕਿ ਪੰਜਾਬ ਨੂੰ ਬਚਾਉਣ ਲਈ ਮੈਦਾਨ ਵਿਚ ਆਏ ਹਨ। ’’ ਕਿਸੇ ਸਮੇਂ ਬਾਦਲ ਦੀ ਸਿਆਸੀ ਪਾਰਟੀ ਦਾ ਹਿੱਸਾ ਰਹੇ ਸ਼੍ਰੀ ਰਾਮੂਵਾਲੀਆ ਨੇ ਮੁੜ ਬਾਦਲ ਪ੍ਰਵਾਰ ਉਪਰ ਵੰਸ਼ਵਾਦ, ਬੇਰਹਿਮ ਤੇ ਜਾਲਮਾਨਾ ਸਿਆਸਤ ਕਰਨ ਦੇ ਨਾਲ ਪੰਥ ਦੀ ਸ਼ਕਤੀ ਨੂੰ ਖੋਰਾ ਲਗਾਉਣ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਨੂੰ ਸਿੱਖ ਮੁੱਦਿਆਂ ’ਤੇ ਖੁੱਲੀ ਬਹਿਸ ਦੀ ਚੁਣੌਤੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਇਕੱਲੇ ਤੇ ਬਾਦਲ ਪ੍ਰਵਾਰ ਦੇ ਤਿੰਨੋਂ ਮੈਂਬਰ(ਪ੍ਰਕਾਸ਼ ਸਿੰਘ, ਸੁਖਬੀਰ ਸਿੰਘ ਤੇ ਹਰਸਿਮਰਤ ਕੌਰ) ਸਿੱਖ ਮਾਮਲਿਆਂ ‘ਤੇ ਬਹਿਸ ਕਰਨ ਤੇ ਜੇਕਰ ਉਹ ਜਿੱਤ ਗਏ ਤਾਂ ਮੇਰੇ ਵਲੋਂ 11 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਰਾਮੂਵਾਲੀਆ ਨੈ ਦਾਅਵਾ ਕੀਤਾ ਕਿ ‘‘ ਬੇਸ਼ੱਕ ਉਨ੍ਹਾਂ ਯੂਪੀ ਜਾਂ ਦਿੱਲੀ ’ਚ ਸਿਆਸਤ ਕੀਤੀ ਪ੍ਰੰਤੂ ਹਮੇਸ਼ਾ ਪੰਜਾਬੀਆਂ ਦੇ ਭਲੇ ਲਈ ਕੰਮ ਕੀਤਾ। ਜਿਸ ਵਿਚ ਸਿੱਖ ਕੈਦੀ ਵਰਿਆਮ ਸਿੰਘ ਨੂੰ ਰਿਹਾਅ ਕਰਨ ਤੋਂ ਇਲਾਵਾ ਪੰਜਾਬ ਦੇ ਹਜ਼ਾਰਾਂ ਮੁੰਡੇ-ਕੁੜੀਆਂ ਨੂੰ ਟਰੈਵਲ ਏਜੰਟਾਂ ਦੀ ਚੁੰਗਲ ਵਿਚੋਂ ਬਚਾਇਆ ਪ੍ਰੰਤੂ ਇਸਦੇ ਬਦਲੇ ਲੋਕਾਂ ਦਾ ਪਿਆਰ ਤਾਂ ਮਿਲਿਆ ਪਰ ਵੋਟਾਂ ਨਹੀਂ ਮਿਲੀਆਂ। ’’ ਉਨ੍ਹਾਂ ਕਿਹਾ ਕਿ ਅੱਜ ਵੀ ਟਰੈਵਲ ਏਜੰਟਾਂ ਦਾ ਮੁੱਦਾ ਮੂੁੰਹ ਅੱਡੀ ਖੜਾ ਹੈ ਪ੍ਰੰਤੂ ਨਾਂ ਤਾਂ ਕੋਈ ਐਮ.ਪੀ, ਐਮ.ਐਲ.ਏ, ਪੰਜਾਬ ਸਰਕਾਰ, ਪੰਚਾਇਤਾਂ, ਵਿਦਿਆਰਥੀ ਤੇ ਕਿਸਾਨ ਯੂਨੀਅਨ ਤੇ ਇਥੋਂ ਤੱਕ ਸਿੱਖ ਸੰਸਥਾਵਾਂ ਵੀ ਚੁੱਪ ਹਨ। ਸਾਬਕਾ ਕੇਂਦਰੀ ਮੰਤਰੀ ਨੇ ਇਸ ਮੁੱਦੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਵਿਸ਼ੇਸ ਸੈਸਨ ਸੱਦਣ ਲਈ ਵੀ ਕਿਹਾ। ਉਨ੍ਹਾਂ ਪੰਜਾਬ ਦੀ ਭਲਾਈ ਲਈ ਹਿੰਦੂ-ਸਿੱਖ ਏਕਤਾ ਦੀ ਵੀ ਵਕਾਲਤ ਕੀਤੀ। ਇਸਤੋਂ ਇਲਾਵਾ ਧਰਮ ਪ੍ਰਚਾਰ ਦੇ ਮੁੱਦੇ ’ਤੇ ਸਿੱਖਾਂ ਨੂੰ ਚਾਰੇ ਪਾਸੇ ਪੈ ਰਹੀ ਮਾਰ ’ਤੇ ਪੰਜਾਬ ਦੇ ਸਿੱਖ ਬਾਬਿਆਂ ਤੇ ਸ਼੍ਰੋਮਣੀ ਕਮੇਟੀ ਦੀ ਖਿਚਾਈ ਕਰਦਿਆਂ ਕਿਹਾ ਕਿ ਉਹ ਧਾਰਮਿਕ ਤੇ ਸਮਾਜਿਕ ਮੁੱਦਿਆਂ ਪ੍ਰਤੀ ਸੁਚੇਤ ਹੋਣ, ਨਹੀਂ ਤਾਂ ਆਉਣ ਵਾਲਾ ਸਮਾਂ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ। ਤੇਜ-ਤਰਾਰ ਸਿਆਸੀ ਨੇਤਾ ਮੰਨੇ ਜਾਂਦੇ ਬਲਵੰਤ ਸਿੰਘ ਰਾਮੂਵਾਲੀਆ ਨੇ ਪੰਜਾਬ ਦੀ ਸਿਆਸਤ ’ਤੇ ਟਿੱਪਣੀ ਕਰਦਿਆਂ ਕਿਹਾ ਕਿ ‘‘ ਪਿਛਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨਹੀਂ ਜਿੱਤੀ, ਬਲਕਿ ਕਾਂਗਰਸ ਤੇ ਅਕਾਲੀਆਂ ਦੀਆਂ ਖੜਮਸਤੀਆਂ ਨੇ ਉਸਨੂੰ ਜਿਤਾਇਆ ਹੈ। ’’ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੇ ਮਸਲੇ ’ਤੇ ਟਿੱਪਣੀ ਕਰਦਿਆਂ ਰਾਮੂਵਾਲੀਆ ਨੇ ਉਸਨੂੰ ਘੱਟ ਬੋਲਣ ਦੀ ਸਲਾਹ ਦਿੰਦਿਆਂ ਇਹ ਵੀ ਭਵਿੱਖਬਾਣੀ ਕੀਤੀ ਕਿ ਜੇਕਰ ਜਲੰਧਰ ਲੋਕ ਸਭਾ ਚੋਣ ’ਚ ਕਾਂਗਰਸ ਪਾਰਟੀ ਹਾਰਦੀ ਹੈ ਤਾਂ ਇਸਦੇ ਲਈ ਸਿੱਧੂ ਸਾਹਿਬ ਦੇ ਭਾਸ਼ਣ ਜਿੰਮੇਵਾਰ ਹੋਣਗੇ।
Share the post "ਰਾਮੂਵਾਲੀਆ ਵਲੋਂ ਸਿੱਖ ਮੁੱਦਿਆਂ ’ਤੇ ਬਾਦਲ ਪ੍ਰਵਾਰ ਨੂੰ ਖੁੱਲੀ ਬਹਿਸ ਦੀ ਚੁਣੌਤੀ"