ਪੰਜਾਬੀ ਖ਼ਬਰਸਾਰ ਬਿਉਰੋ
ਲਖੀਮਪੁਰ ਖ਼ੀਰੀ, 20 ਅਗਸਤ: ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਬਰਖ਼ਾਸਤ ਕਰਨ ਅਤੇ ਬਕਾਇਆ ਕਿਸਾਨ ਮੰਗਾਂ ਨੂੰ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਉਤਰ ਪ੍ਰਦੇਸ ਦੇ ਲਖੀਮਪੁਰ ਖ਼ੀਰੀ ’ਚ ਦਿੱਤੇ ਤਿੰਨ ਰੋਜ਼ਾ ਧਰਨੇ ਦੇ ਸੱਦੇ ਤਹਿਤ ਲੱਗਿਆ ਧਰਨਾ ਅੱਜ ਸਮਾਪਤ ਹੋ ਗਿਆ। ਇਸ ਦੌਰਾਨ ਮੋਰਚੇ ਦੇ ਆਗੂਆਂ ਨੇ ਅਗਲੀ ਰਣਨੀਤੀ ਵਿਉਤਣ ਲਈ 6 ਸਤੰਬਰ ਨੂੰ ਦਿੱਲੀ ਵਿੱਚ ਮੀਟਿੰਗ ਕਰਨ ਦਾ ਫੈਸਲਾ ਲਿਆ। ਇਸਤੋਂ ਇਲਾਵਾ ਇੱਥੋਂ ਦੇ ਅਧਿਕਾਰੀਆਂ ਨੇ ਵੀ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਕੋਲੋ ਮੰਗ ਪੱਤਰ ਲਿਆ। ਜਿਸਤੋਂ ਬਾਅਦ ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨ ਆਗੂਆਂ ਦੀ ਸਰਕਾਰ ਨਾਲ ਮੀਟਿੰਗ ਕਰਵਾਈ ਜਾਵੇਗੀ। ਉਧਰ ਅੱਜ ਧਰਨੇ ਦੇ ਆਖ਼ਰੀ ਦਿਨ ਕਿਸਾਨਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਕੇ ਉਸ ਨੂੰ ਗਿ੍ਰਫਤਾਰ ਕਰਨ ਦੀ ਮੰਗ ਲਈ ਜੋਰਦਾਰ ਨਾਅਰੇਬਾਜੀ ਕੀਤੀ। ਇਸੇ ਤਰ੍ਹਾਂ ਇਸ ਕੇਸ ਵਿਚ ਜੇਲ ਭੇਜੇ ਕਿਸਾਨਾਂ ਵਿਰੁਧ ਦਰਜ ਮਕੁੱਦਮੇ ਵਾਪਸ ਲੈਣ ਅਤੇ ਉਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਵੀ ਕੀਤੀ। ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਟਿਕੈਤ ਦੇ ਆਗੂਆਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜੋਗਿੰਦਰ ਸਿੰਘ ਉਗਰਾਹਾਂ, ਕ੍ਰਾਂਤੀਕਾਰੀ ਦੇ ਡਾ. ਦਰਸਨਪਾਲ, ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਲੱਖੋਵਾਲ ਦੇ ਸੂਬਾ ਆਗੂ ਪ੍ਰਸੋਤਮ ਸਿੰਘ ਗਿੱਲ ਆਦਿ ਹਾਜ਼ਰ ਰਹੇ।
Share the post "ਲਖੀਮਪੁਰ ’ਚ ਤਿੰਨ ਰੋਜ਼ਾ ਕਿਸਾਨ ਧਰਨਾ ਸਮਾਪਤ, 6 ਸਤੰਬਰ ਕਿਸਾਨ ਕਰਨਗੇ ਦਿੱਲੀ ’ਚ ਮੀਟਿੰਗ"