Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇ

ਲਿਫ਼ਟਿੰਗ ਦੀ ਸਮੱਸਿਆ: ਐਫ਼.ਸੀ.ਆਈ ਨੇ ‘ਖੁੱਲੇ ਗੋਦਾਮਾਂ ’ ਵਿਚ ਕਣਕ ਲਗਾਉਣ ਦੀ ਦਿੱਤੀ ਖੁੱਲ

ਮੰਡੀਆਂ ’ਚ ਲੱਗੇ ਕਣਕ ਦੀਆਂ ਬੋਰੀਆਂ ਦੇ ਅੰਬਾਰ
ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ : ਮੰਡੀਆਂ ’ਚ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ ਨੂੰ ਦੇਖਦਿਆਂ ਕੇਂਦਰੀ ਖ਼ਰੀਦ ਏਜੰਸੀ ਨੇ ਨਿਯਮਾਂ ’ਚ ਢਿੱਲ ਦਿੰਦਿਆਂ ਹੁਣ ਖੁੱਲੇ ਗੋਦਾਮਾਂ ’ਚ ਵੀ ਕਣਕ ਲਗਾਉਣ ਦੀ ਖੁੱਲ ਦਿੱਤੀ ਹੈ। ਹਾਲਾਂਕਿ ਕਣਕ ਦੀ ਇਹ ਸਟੋਰੇਜ਼ ਸਿਰਫ਼ ਐਫ਼.ਸੀ.ਆਈ ਕੋਲ ਪਹਿਲਾਂ ਤੋਂ ਹੀ ਮੌਜੂਦ ਖੁੱਲੇ ਗੋਦਾਮਾਂ ‘ਚ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਬਠਿੰਡਾ ਤੇ ਮਾਨਸਾ ਜ਼ਿਲ੍ਹੇ ’ਚ ਲਿਫ਼ਟਿੰਗ ਦੀ ਗੰਭੀਰ ਸਮੱਸਿਆ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਥੋੜੇ ਸਮੇਂ ਲਈ ਕਣਕ ਨੂੰ ਸੂਬਾਈ ਏਜੰਸੀਆਂ ਦੇ ਗੋਦਾਮਾਂ ’ਚ ਵੀ ਲਗਾਉਣ ਦੀ ਇਜ਼ਾਜਤ ਦਿੱਤੀ ਹੈ, ਜਿਸਦੇ ਨਾਲ ਆਉਣ ਵਾਲੇ ਦਿਨਾਂ ‘ਚ ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨੂੰ ਲੈ ਕੇ ਬਣੀ ਦਿੱਕਤ ਦੂਰ ਹੋਣ ਦੀ ਸੰਭਾਵਨਾ ਦਿਖ਼ਾਈ ਦੇਣ ਲੱਗੀ ਹੈ। ਗੌਰਤਲਬ ਹੈ ਕਿ ਪਿਛਲੇ ਕੁੱਝ ਦਿਨਾਂ ‘ਚ ਮੰਡੀਆਂ ਵਿਚ ਕਣਕ ਦੀ ਆਮਦ ਇਕਦਮ ਹੋ ਗਈ ਹੈ। ਹਾਲਾਂਕਿ ਕਣਕ ਦੀ ਵੱਡੀ ਪੱਧਰ ’ਤੇ ਆਮਦ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਖ਼ਰੀਦ ਦਾ ਕੰਮ ਜੋਰਾਂ-ਸੋਰਾਂ ਨਾਲ ਚੱਲ ਰਿਹਾ ਹੈ ਪ੍ਰੰਤੂ ਲਿਫ਼ਟਿੰਗ ਦੀ ਵੱਡੀ ਦਿੱਕਤ ਬਰਕਰਾਰ ਹੈ। ਲਿਫ਼ਟਿੰਗ ਨਾ ਹੋਣ ਕਾਰਨ ਮੰਡੀਆਂ ਵਿਚ ਕਣਕ ਲੈ ਕੇ ਆ ਰਹੇ ਕਿਸਾਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੇਂਡੂ ਖੇਤਰਾਂ ’ਚ ਤਾਂ ਕਿਸਾਨ ਕੱਚੇ ਵਿਚ ਅਪਣੀ ਕਣਕ ਰੱਖਣ ਲਈ ਮਜਬੂਰ ਹਨ। ਖਰੀਦ ਏਜੰਸੀਆਂ ਲਾਲ ਜੁੜੇ ਸੂਤਰਾਂ ਮੁਤਾਬਕ ਇਸਦੇ ਪਿੱਛੇ ਮੁੱਖ ਕਾਰਨ ਐਫ.ਸੀ.ਆਈ ਵਲੋਂ ਜਾਰੀ ਕੀਤੀਆਂ ਨਵੀਆਂ ਹਿਦਾਇਤਾਂ ਹਨ। ਇੰਨ੍ਹਾਂ ਹਿਦਾਇਤਾਂ ਵਿਚ ਪਹਿਲਾਂ ਤਾਂ ਪੰਜਾਬ ਦੀਆਂ ਮੰਡੀਆਂ ਵਿਚੋਂ ਸਿੱਧਾ ਰੇਲ ਗੱਡੀਆਂ ਰਾਹੀਂ ਕਣਕ ਦੂਜੇ ਸੂਬਿਆਂ ’ਚ ਲਿਜਾਣ ਅਤੇ ਖਰੀਦੀ ਕਣਕ ਸਿਰਫ਼ ਐਫ.ਸੀ.ਆਈ ਦੇ ਕਵਰਡ ਗੋਦਾਮਾਂ ’ਚ ਰੱਖਣ ਲਈ ਕਿਹਾ ਗਿਆ ਸੀ। ਸੂਚਨਾ ਮੁਤਾਬਕ ਜ਼ਿਲ੍ਹੇ ਵਿਚ ਐਫ.ਸੀ.ਆਈ ਨਾਲ ਸਬੰਧਤ 20 ਕਵਰਡ ਗੋਦਾਮਾਂ ਵਿਚ ਚਾਰ ਲੱਖ ਚਾਰ ਹਜ਼ਾਰ ਦੇ ਕਰੀਬ ਅਨਾਜ਼ ਸਟੋਰ ਕਰਨ ਦੀ ਸਮਰੱਥਾ ਹੈ। ਇਸੇ ਤਰ੍ਹਾਂ ਸਾਲ 2019 ਵਿਚ ਬਣੇ ਖੁੱਲੇ ਗੋਦਾਮਾਂ ਦੀ ਸਮਰੱਥਾ ਸਿਰਫ਼ 50 ਹਜ਼ਾਰ ਮੀਟਰਕ ਟਨ ਦੱਸੀ ਜਾ ਰਹੀ ਹੈ। ਜਦੋਂਕਿ ਮੰਡੀਆਂ ਵਿਚ ਇਸ ਵਾਰ ਸਾਢੇ 9 ਲੱਖ ਮੀਟਰਕ ਟਨ ਕਣਕ ਦੀ ਆਮਦ ਦੀ ਸੰਭਾਵਨਾ ਹੈ। ਅਧਿਕਾਰੀਆਂ ਮੁਤਾਬਕ ਸਪੈਸ਼ਲਾਂ ਦੀ ਘਾਟ ਅਤੇ ਐਫ..ਸੀ.ਆਈ ਦੀ ਕਵਰਡ ਗੋਦਾਮਾਂ ’ਚ ਅਣਲੋਡਿੰਗ ਦੀ ਸਮੱਸਿਆ ਆਉਣ ਕਾਰਨ ਕਣਕ ਮੰਡੀਆਂ ’ਚ ਹੀ ਜਮ੍ਹਾਂ ਹੋਣੀ ਸ਼ੁਰੂ ਹੋ ਗਈ ਤੇ ਇਹ ਸਮੱਸਿਆ ਸ਼ੁਰੂ ਹੋਈ। ਅੰਕੜਿਆਂ ਮੁਤਾਬਕ ਅੱਜ ਸ਼ਾਮ ਤੱਕ ਇਕੱਲੇ ਬਠਿੰਡਾ ਜ਼ਿਲ੍ਹਾ ਦੀਆਂ ਮੰਡੀਆਂ ਵਿਚੋਂ ਪੌਣੇ 6 ਲੱਖ ਮੀਟਰਕ ਟਨ ਦੇ ਕਰੀਬ ਕਣਕ ਦੀ ਖ਼ਰੀਦ ਹੋਈ ਹੈ, ਜਿਸ ਵਿਚੋਂ ਸਿਰਫ਼ ਸਵਾ ਦੋ ਲੱਖ ਮੀਟਰਕ ਟਨ ਦੀ ਚੁਕਾਈ ਹੋ ਸਕੀ ਹੈ। ਜਦੋਂਕਿ ਸਾਢੇ ਤਿੰਨ ਲੱਖ ਮੀਟਰਕ ਕਣਕ ਹਾਲੇ ਤੱਕ ਮੰਡੀਆਂ ਵਿਚ ਪਈ ਹੋਈ ਹੈ। ਜਿਸ ਕਾਰਨ ਜ਼ਿਲ੍ਹੇ ਦੀਆਂ ਮੰਡੀਆਂ ਕਣਕ ਦੀਆਂ ਬੋਰੀਆਂ ਨਾਲ ਭਰ ਗਈਆਂ ਹਨ। ਪੇਂਡੂ ਖੇਤਰਾਂ ਵਿਚ ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰਨ ਕਰਦੀ ਨਜ਼ਰ ਆ ਰਹੀ ਹੈ। ਜਿਸਦੇ ਕਾਰਨ ਸਰਕਾਰ ਨੇ ਹੁਣ ਸੂਬਾਈ ਏਜੰਸੀਆਂ ਨਾਲ ਜੁੜੇ ਖੁੱਲੇ ਗੋਦਾਮਾਂ ’ਚ ਟ੍ਰਾਂਜਿਟ ਤੌਰ ’ਤੇ ਕਣਕ ਸਟੋਰ ਕਰਨ ਦੇ ਆਦੇਸ਼ ਦਿੱਤੇ ਹਨ। ਇਸਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ ਨੇ ਦਸਿਆ ਕਿ ‘‘ ਸਰਕਾਰ ਦੀਆਂ ਹਿਦਾਇਤਾਂ ਤੋਂ ਬਾਅਦ ਕਣਕ ਦੀ ਲਿਫ਼ਟਿੰਗ ਵਿਚ ਸੁਧਾਰ ਆਉਣ ਦੀ ਉਮੀਦ ਹੈ।’’ ਉਨ੍ਹਾਂ ਦਸਿਆ ਕਿ ਹਾਲੇ ਵੀ ਤਰਜੀਹ ਐਫ.ਸੀ.ਆਈ ਦੇ ਗੋਦਾਮਾਂ ‘ਚ ਅਨਾਜ਼ ਲਗਾਉਣ ਦੀ ਹੈ ਪ੍ਰੰਤੂ ਜ਼ਿਲ੍ਹੇ ਵਿਚ ਇੰਨ੍ਹਾਂ ਗੋਦਾਮਾਂ ਦੀ ਸਮਰੱਥਾ ਤੇ ਕਣਕ ਦੀ ਆਮਦ ਦੀ ਸੰਭਾਵਨਾ ਦੇ ਮੱਦੇਨਜ਼ਰ ਬਚਦੀ ਕਣਕ ਨੂੰ 30 ਜੂਨ ਤੱਕ ਖੁੱਲੇ ਗੋਦਾਮਾਂ ਵਿਚ ਲਗਾਇਆ ਜਾਵੇਗਾ।

Related posts

ਖੇਤੀਬਾੜੀ ਵਿਭਾਗ ਵੱਲੋਂ ਪਿੰਡ ਭਾਗੀਵਾਂਦਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਆਯੋਜਿਤ

punjabusernewssite

ਦਿੱਲੀ ਕੂਚ ਤੋਂ ਪਹਿਲਾਂ ਕੇਂਦਰ ਵੱਲੋਂ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ

punjabusernewssite

ਬਠਿੰਡਾ ’ਚ ਭਾਰਤ ਬੰਦ ਨੂੰ ਰਲਿਆ-ਮਿਲਿਆ ਹੂੰਗਾਰਾ, ਸ਼ਹਿਰਾਂ ਦੀ ਬਜਾਏ ਦਿਹਾਤੀ ਖੇਤਰਾਂ ’ਚ ਬੰਦ ਦਾ ਪ੍ਰਭਾਵ ਜਿਆਦਾ ਰਿਹਾ

punjabusernewssite