ਸੁਖਜਿੰਦਰ ਮਾਨ
ਬਠਿੰਡਾ, 2 ਅਪ੍ਰੈਲ: ਇਲਾਕੇ ’ਚ ਚੋਰੀ ਤੇ ਲੁੱਟ ਖੋਹ ਦੀਆਂ ਵਧ ਰਹੀਆਂ ਘਟਨਾਵਾਂ ਦੀ ਕੜੀ ਤਹਿਤ ਬੀਤੀ ਰਾਤ ਲੁਟੇਰਿਆਂ ਵਲੋਂ ਪਿੰਡ ਗਹਿਰੀ ਭਾਗੀ ਵਿਚ ਸਥਿਤ ਇੱਕ ਡੇਰੇ ਨੂੰ ਲੁੱਟਣ ਦੀ ਸੂਚਨਾ ਮਿਲੀ ਹੈ। ਇਸ ਸਬੰਧ ਵਿਚ ਥਾਣਾ ਕੋਟਫੱਤਾ ਦੀ ਪੁਲਿਸ ਵਲੋਂ ਪਰਚਾ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੇਰੇ ਦੇ ਪ੍ਰਬੰਧਕਾਂ ਨੇ ਦਸਿਆ ਕਿ ਇੱਕ ਦਰਜ਼ਨ ਦੇ ਕਰੀਬ ਅਣਪਛਾਤੇ ਲੁਟੇਰੇ ਦੇਰ ਰਾਤ ਨੂੰ ਤੇਜ਼ਧਾਰ ਹਥਿਆਰ ਲੈ ਕੇ ਡੇਰੇ ਵਿਚ ਆ ਧਮਕੇ ਤੇ ਇੱਥੇ ਮੌਜੂਦ ਸੇਵਾਦਾਰਾਂ ਨੂੰ ਉਠਾ ਕੇ ਜਾਨੋਮਾਰਨ ਦੀ ਧਮਕੀ ਦਿੱਤੀ। ਲੁਟੇਰਿਆਂ ਨੇ ਡੇਰੇ ਦੇ ਮਹੰਤਾਂ ਨੂੰ ਇਸ ਮੌਕੇ ਬੰਦੀ ਬਣਾ ਲਿਆ ਤੇ ਜਿਸਤੋਂ ਬਾਅਦ ਡੇਰੇ ਦੀਆਂ ਅਲਮਾਰੀਆਂ ਅਤੇ ਬਕਸਿਆਂ ਵਿਚ ਪਈ ਨਗਦੀ ਅਤੇ ਹੋਰ ਸਮਾਨ ਲੈ ਕੇ ਗਏ। ਸਵੇਰੇ ਜਦ ਪਿੰਡ ਦੇ ਕੁੱਝ ਲੋਕਾਂ ਨੇ ਡੇਰੇ ਵਿਚ ਆ ਕੇ ਦੇਖਿਆ ਤਾਂ ਮਹੰਤ ਬੰਨੇ ਹੋਏ ਸਨ, ਉਨ੍ਹਾਂ ਮਹੰਤਾਂ ਨੂੰ ਖੋਲਿਆ ਤੇ ਪੁਲਿਸ ਨੂੰ ਸੂਚਿਤ ਕੀਤਾ।
ਪਿਸਤੌਲ ਦੀ ਨੌਕ ’ਤੇ ਕਾਰ ਖੋਹੀ, ਪੁਲਿਸ ਨੇ ਕੀਤੀ ਬਰਾਮਦ
ਬਠਿੰਡਾ: ਉਧਰ ਇੱਕ ਹੋਰ ਮਾਮਲੇ ਵਿਚ ਹਰਿਆਣਾ ਤੋਂ ਬਠਿੰਡਾ ਵੱਲ ਆ ਰਹੇ ਇੱਕ ਵਿਅਕਤੀ ਕੋਲੋ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਪਿੰਡ ਗਹਿਰੀ ਬੁੱਟਰ ਕੋਲ ਪਿਸਤੌਲ ਦੀ ਨੋਕ ‘ਤੇ ਇਕ ਕਾਰ ਸਵਾਰ ਕੋਲੋ ਕਾਰ ਅਤੇ 10 ਹਜ਼ਾਰ ਨਗਦੀ ਖੋਹ ਕੇ ਫ਼ਰਾਰ ਹੋਣ ਦੀ ਸੂਚਨਾ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿਚ ਫ਼ੁਰਤੀ ਵਰਤਿਆਂ ਥੋੜੇ ਸਮੇਂ ਬਾਅਦ ਹੀ ਨਾਕਾਬੰਦੀ ਕਰਕੇ ਲੁਟੇਰਿਆਂ ਨੂੰ ਗਿ੍ਰਫਤਾਰ ਕਰਦਿਆਂ ਉਨ੍ਹਾਂ ਵਲੋਂ ਖੋਹੀ ਕਾਰ ਤੇ ਰਾਸ਼ੀ ਵੀ ਬਰਾਮਦ ਕਰ ਲਈ। ਕਥਿਤ ਦੋਸ਼ੀਆਂ ਦੀ ਪਹਿਚਾਣ ਮਨਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਵਾਸੀ ਪਿੰਡ ਪੱਕਾ ਕਲਾਂ ਦੇ ਤੌਰ ’ਤੇ ਹੋਈ ਹੈ। ਇਸ ਸਬੰਧ ਵਿਚ ਪੁਲਿਸ ਨੇ ਨਰਿੰਦਰ ਕੁਮਾਰ ਵਾਸੀ ਮਾਡਲ ਟਾਊਨ ਬਠਿੰਡਾ ਦੀ ਸਿਕਾਇਤ ’ਤੇ ਕਥਿਤ ਦੋਸ਼ੀਆਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ।