ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 19 ਮਾਰਚ: ਪੰਜਾਬ ਦੀ ਭਗਵੰਤ ਮਾਨ ਸਰਕਾਰ ਅੱਜ ਹਰ ਫਰੰਟ ’ਤੇ ਫੇਲ ਹੋ ਚੁੱਕੀ ਹੈ ਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਸੂਬੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਰਹੀ ਹੈ। ਇਹ ਦਾਅਵਾ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਿੱਖ ਪ੍ਰਚਾਰਕ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੀਆਂ ਖ਼ਬਰਾਂ ਨੂੰ ਚਿੰਤਾਂ ਵਾਲੀਆਂ ਕਰਾਰ ਦਿੰਦਿਆਂ ਕਿਹਾ ਕਿ ‘‘ ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੇ ਖਾਲਸਾ ਵਹੀਰ ਸੰਸਥਾ ਰਾਹੀਂ ਹਜ਼ਾਰਾਂ ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ ਅਤੇ ਚਿੱਟੇ ਵਰਗੇ ਨਸ਼ਿਆਂ ਤੋਂ ਜਵਾਨੀ ਨੂੰ ਬਚਾ ਕਿ ਗੁਰੂ ਘਰ ਦੇ ਲੜ ਲਗਾਇਆ ਹੈ ਐਸੇ ਸਿੱਖ ਪ੍ਰਚਾਰਕ ਦੀ ਗ੍ਰਿਫਤਾਰੀ ਪੰਜਾਬ ਦੇ ਲੋਕਾਂ ਖਾਸ ਕਰਕੇ ਸਿੱਖ ਨੌਜਵਾਨੀ ਵਿੱਚ ਰੋਹ ਪੈਦਾ ਕਰੇਗੀ। ਸ: ਸਰਨਾ ਨੇ ਅੱਗੇ ਕਿਹਾ ਕਿ ਇਕ ਪਾਸੇ ਜੇਲ੍ਹਾਂ ਵਿੱਚ ਬੈਠੇ ਖਤਰਨਾਕ ਗੈਂਗਸਟਰ ਹਰ ਰੋਜ਼ ਨੈਸ਼ਨਲ ਚੈਨਲਾਂ ਰਾਹੀਂ ਇੰਟਰਵਿਊਆਂ ਦੇ ਕੇ ਲਾਅ ਐਂਡ ਆਰਡਰ ਨੂੰ ਅੰਗੂਠਾ ਦਿਖਾ ਰਹੇ ਹਨ , ਦਿਨ ਦਿਹਾੜੇ 6-6 ਸਾਲ ਦੇ ਬੱਚਿਆਂ ਦੇ ਸ਼ਰੇਆਮ ਕਤਲ ਕੀਤੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਇਹਨਾਂ ਅਪਰਾਧਾਂ ਨੂੰ ਨੱਥ ਪਾਉਣ ਦੀ ਬਜਾਏ ਕੇਂਦਰੀ ਪੁਲਿਸ ਬਲਾਂ ਤੇ ਪੰਜਾਬ ਪੁਲਿਸ ਦੇ ਸਾਰੇ ਲਾਮ ਲਸ਼ਕਰ ਨੂੰ ਲੈ ਕੇ ਇੱਕ ਸਿੱਖ ਪ੍ਰਚਾਰਕ ਨੂੰ ਗ੍ਰਿਫਤਾਰ ਕਰਨ ਮੌਕੇ 1990-91ਦੇ ਭਿਆਨਕ ਦ੍ਰਿਸ਼ ਯਾਦ ਕਰਵਾ ਰਹੇ ਹਨ। ਸ: ਸਰਨਾ ਨੇ ਆਖਿਆ ਕਿ 21ਵੀ ਸਦੀ ਵਿੱਚ ਪੂਰੇ ਪੰਜਾਬ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰਕੇ ਪੰਜਾਬ ਦੇ ਲੋਕਾਂ ਤੇ ਅਣ ਐਲਾਨੀ ਐਮਰਜੈਂਸੀ ਲਗਾਕੇ ਲੋਕਾਂ ਦੇ ਮੋਲਿਕ ਹੱਕਾਂ ਨੂੰ ਕੁਚਲਿਆਂ ਜਾ ਰਿਹਾ ਹੈ ਜਿਸ ਨੂੰ ਪੰਜਾਬ ਦੇ ਸੂਝਵਾਨ ਲੋਕ ਕਦੇ ਵੀ ਸਵੀਕਾਰ ਨਹੀਂ ਕਰਨਗੇ। ਸ ਸਰਨਾ ਨੇ ਆਖਿਆ ਕਿ ਸ ਅੰਮ੍ਰਿਤਪਾਲ ਸਿੰਘ ਉਤੇ ਪੰਜਾਬ ਸਰਕਾਰ ਨੂੰ ਯੂਏਪੀਏ ਅਤੇ ਐਨਐਸਏ ਵਰਗੀਆਂ ਧਰਾਵਾਂ ਲਾਉਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਧਾਰਾ ਲਾਉਂਣ ਦਾ ਮਤਲਬ ਹੋਵੇਗਾ ਕਿ ਪੰਜਾਬ ਸਰਕਾਰ ਸਿੱਖ ਨੌਜਵਾਨਾਂ ਨੂੰ ਕੇਂਦਰੀ ਏਜੰਸੀਆਂ ਦੇ ਰਹਿਮੋ ਕਰਮ ਤੇ ਛੱਡਣਾ ਚਾਹੁੰਦੀ ਹੈ ਦੂਜਾ ਸ ਅੰਮ੍ਰਿਤਪਾਲ ਸਿੰਘ ਨੇ ਐਸਾ ਕੋਈ ਗੁਨਾਹ ਵੀ ਨਹੀਂ ਕੀਤਾ।
Share the post "ਲੋਕਾਂ ਦਾ ਧਿਆਨ ਭਟਕਾਉਣ ਲਈ ਸਰਕਾਰ ਪੰਜਾਬ ’ਚ ਬਣਾ ਰਹੀ ਦਹਿਸ਼ਤ ਦਾ ਮਾਹੌਲ: ਪਰਮਜੀਤ ਸਿੰਘ ਸ਼ਰਨਾ"