ਠੇਕਾ ਨਾ ਚੁੱਕਣ ਦੇ ਵਿਰੋਧ ਵਿਚ ਲੋਕਾਂ ਨੇ ਵਿਧਾਇਕ ਵਿਰੁਧ ਕੀਤੀ ਸੀ ਨਾਅਰੇਬਾਜ਼ੀ
ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ: ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਸੰਘਰਸ਼ ਅੱਗੇ ਝੁੁਕਦਿਆਂ ਆਖ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਗੋਨਿਆਣਾ ਮੰਡੀ ਦੀ ਸੰਘਣੀ ਆਬਾਦੀ ’ਚ ਚੱਲ ਰਹੇ ਸਰਾਬ ਦੇ ਠੇਕੇ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਹਲਕਾ ਭੁੱਚੋਂ ਮੰਡੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਉਥੇ ਦੇ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਸੀ। ਠੇਕਾ ਚੁੱਕਣ ਨੂੰ ਲੈ ਕੇ ਸਥਾਨਕ ਲੋਕਾਂ ਵਲੋਂ ਭਾਈ ਘਨੱਈਆ ਸੇਵਾ ਮਿਸ਼ਨ ਦੇ ਝੰਡੇ ਹੇਠ ਧਰਨਾ ਵੀ ਚੱਲ ਰਿਹਾ ਸੀ। ਦਸਣਾ ਬਣਦਾ ਹੈ ਕਿ ਗੋਨਿਆਣਾ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਅਤੇ ਲੜਕਿਆਂ ਦੇ ਸਰਕਾਰੀ ਸਕੂਲ ਨਜਦੀਕ ਇੱਕ ਸਰਾਬ ਦਾ ਅਧਿਕਾਰਤ ਠੇਕਾ ਚੱਲ ਰਿਹਾ ਸੀ, ਜਿਸਨੂੰ ਲੋਕਾਂ ਵਲੋਂ ਇੱਥੇ ਸੰਘਣੀ ਰਿਹਾਇਸ਼ੀ ਅਬਾਦੀ ਹੋਣ ਕਾਰਨ ਇੱਥੋਂ ਤਬਦੀਲ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਲੋਕਾਂ ਦੇ ਮੁਤਾਬਕ ਮਾਰਚ ਮਹੀਨੇ ਵਿਚ ਲਗਾਏ ਧਰਨੇ ਤੋਂ ਬਾਅਦ ਵਿਧਾਇਕ ਦੇ ਨਜਦੀਕੀ ਨਗਰ ਕੋਂਸਲ ਦੇ ਪ੍ਰਧਾਨ ਕਸ਼ਮੀਰੀ ਲਾਲ ਤੇ ਆਪ ਆਗੂਆਂ ਨੇ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ’ਚ ਇਹ ਕਹਿ ਕੇ ਧਰਨਾ ਚੁਕਵਾ ਦਿੱਤਾ ਸੀ ਕਿ 31 ਮਾਰਚ ਤੋਂ ਬਾਅਦ ਇੱਥੇ ਠੇਕਾ ਨਹੀਂ ਚੱਲੇਗਾ ਪ੍ਰੰਤੂ ਅਪ੍ਰੈਲ ਦਾ ਵੀ ਪੌਣਾ ਮਹੀਨਾ ਬੀਤ ਜਾਣ ਦੇ ਬਾਵਜੂਦ ਇਹ ਠੇਕਾ ਹਾਲੇ ਵੀ ਇੱਥੇ ਚੱਲ ਰਿਹਾ ਸੀ। ਜਿਸ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਨੂੰ ਸਮੱਸਿਆ ਆ ਰਹੀ ਸੀ। ਉਧਰ ਇਸ ਠੇਕੇ ਨੂੰ ਬੰਦ ਕਰਨ ਦੀ ਪੁਸ਼ਟੀ ਕਰਦਿਆਂ ਐਕਸ਼ਾਈਜ਼ ਵਿਭਾਗ ਦੇ ਈ.ਟੀ.ਓ ਸੁਰਿੰਦਰਪਾਲ ਸਿੰਘ ਨੇ ਦਸਿਆ ਕਿ ਹੁਣ ਇਹ ਠੇਕਾ ਗੋਨਿਆਣਾ ਦੇ ਲਾਈਨੋਪਾਰ ਇਲਾਕੇ ਵਿਚ ਖੋਲਿਆ ਜਾ ਰਿਹਾ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਦੋ ਦਿਨ ਪਹਿਲਾਂ ਜਦ ਵਿਧਾਇਕ ਜਗਸੀਰ ਸਿੰਘ ਗੋਨਿਆਣਾ ਮੰਡੀ ਦੀ ਪੰਚਾਇਤੀ ਧਰਮਸ਼ਾਲਾ ’ਚ ਲੱਗੇ ਇੱਕ ਖੂਨਦਾਨ ਕੈਂਪ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਸਨ ਤਾਂ ਭਾਈ ਘਨੱਈਆ ਸੇਵਾ ਮਿਸ਼ਨ ਸੁਸਾਇਟੀ ਦੇ ਮੈਂਬਰਾਂ ਨੇ ਉਨ੍ਹਾਂ ਅੱਗੇ ਇਹ ਮੁੱਦਾ ਰੱਖਿਆ ਸੀ ਪ੍ਰੰਤੂ ਵਿਧਾਇਕ ਵਲੋਂ ਕੋਈ ਸੰਤੁਸ਼ਟੀਜਨਕ ਜਵਾਬ ਨਾ ਦੇਣ ਦੇ ਚੱਲਦੇ ਲੋਕਾਂ ਨੇ ਉਨ੍ਹਾਂ ਵਿਰੁਧ ਨਾਅਰੇਬਾਜ਼ੀ ਕਰ ਦਿੱਤੀ ਸੀ। ਇਸਤੋਂ ਇਲਾਵਾ ਉਨ੍ਹਾਂ ਪੰਜਾਬ ਸਰਕਾਰ ਵਿਰੁਧ ਵੀ ਗੁੱਸਾ ਕੱਢਿਆ।
Share the post "ਲੋਕਾਂ ਦੇ ਰੋਹ ਅੱਗੇ ਝੁਕਿਆਂ ਪ੍ਰਸ਼ਾਸਨ, ਗੋਨਿਆਣਾ ਮੰਡੀ ਦੀ ਰਿਹਾਇਸ਼ੀ ਆਬਾਦੀ ਵਿਚੋਂ ਚੁੱਕਿਆ ‘ਠੇਕਾ’"