ਕਿਹਾ ਕਿ ਆਮ ਆਦਮੀ ਪਾਰਟੀ ਨੁੰ ਵੋਟਾਂ ਪਾਉਣਾ ਪੰਜਾਬ ਨਾਲ ਧਰੋਹ ਕਮਾਉਣਾ ਹੋਵੇਗਾ
ਬਾਹਰਲਿਆਂ ਵੱਲੋਂ ਪੰਜਾਬ ਨੁੰ ਗੁਲਾਮ ਬਣਾਉਣ ਦਾ ਮੌਕਾ ਲੱਭਣ ਤੋਂ ਰੋਕਣ ਲਈ ਚੋਣਾਂ ਲੜ ਰਿਹਾ ਹਾਂ : ਬਾਦਲ
ਸੁਖਜਿੰਦਰ ਮਾਨ
ਲੰਬੀ, 17 ਫ਼ਰਵਰੀ : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਲੰਬੀ ਹਲਕੇ ਤੋਂ ਚੋਣ ਲੜ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਉਹਨਾਂ ਨੁੰ ਵੋਟਾਂ ਨਾ ਪਾਉਣ ਜਿਹਨਾਂ ਦਾ ਸਭ ਤੋਂ ਵੱਧ ਬੋਲੀ ਲਾਉਣ ਵਾਲਿਆਂ ਨੁੰ ਆਪਣੀ ਵਫਾਦਾਰੀ ਵੇਚਣਾ ਤੈਅ ਹੈ ਤੇ ਇਹ ਲੋਕ ਚੋਣਾਂ ਮੁਕਣ ਮਗਰੋਂ ਆਪਣੇ ਨਿੱਜੀ ਮੁਫਾਦਾਂ ਲਈ ਹੋਰ ਪਾਰਟੀਆਂ ਵਿਚ ਸ਼ਾਮਲ ਹੋ ਜਾਣਗੇ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਥੇ ਕੀਤੀ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ: ਬਾਦਲ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿਚ ਇਹ ਤਜ਼ਰਬਾ ਹੋਇਆ ਸੀ ਕਿ ਆਮ ਆਦਮੀ ਪਾਰਟੀ ਦੇ 20 ਵਿਚੋਂ 11 ਵਿਧਾਇਕਾਂ ਨੇ ਆਪਣੇ ਆਪ ਨੁੰ ਹੋਰਨਾਂ ਨੁੰ ਵੇਚ ਦਿੱਤਾ ਸੀ ਤੇ ਲੋਕਾਂ ਦੇ ਫਤਵੇ ਨਾਲ ਧੋਖਾ ਕੀਤਾ ਸੀ। ਉਹਨਾਂ ਕਿਹਾ ਕਿ ਪੰਜਾਬ ਨੁੰ ਜ਼ਿੰਮੇਵਾਰ ਲੀਡਰਸ਼ਿਪ ਦੀ ਲੋੜ ਹੈ ਜੋ ਅਸਥਿਰਤਾ ਤੇ ਹਫੜਾ ਦਫੜੀ ਤੋਂ ਬਚਾਵੇ। ਉਹਨਾਂ ਕਿਹਾ ਕਿ ਜੇਕਰ ਮੌਕਾਪ੍ਰਸਤ ਤੇ ਸਵਾਰਥੀ ਲੋਕਾਂ ਨੁੰ ਸੂਬਾ ਬਰਬਾਦ ਕਰਨ ਦਾ ਮੌਕਾ ਦੇ ਦਿੱਤਾ ਤਾਂ ਪੰਜਾਬ ਵਿਚ ਜੰਗਲ ਦਾ ਰਾਜ ਹੋ ਜਾਵੇਗਾ ਤੇ ਕਾਨੁੰਨ ਦਾ ਰਾਜ ਖਤਮ ਹੋ ਜਾਵੇਗਾ।ਉਨ੍ਹਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਸਿਆਸੀ ਹਮਲੇ ਕਰਦਿਆਂ ਉਨ੍ਹਾਂ ਵੱਲੋਂ ਪੰਜਾਬੀਆਂ ਤੋਂ ਮੌਕਾ ਮੰਗਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਤੇ ਸੂਬੇ ਤੋਂ ਇਸਦੇ ਦਰਿਆਈ ਪਾਣੀ ਖੋਹਣ ਵਾਸਤੇ ਸੁਪਰੀਮ ਕੋਰਟ ਵਿਚ ਕੇਸ ਦਾਇਰ ਕੀਤਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿਚ ਗੁਰੂ ਸਾਹਿਬਾਨ ਦੀ ਭਾਸ਼ਾ ਪੜ੍ਹਾਉਣ ’ਤੇ ਪਾਬੰਦੀ ਲਗਾ ਦਿੰਤੀ ਹੈ ਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਜ਼ੋਰਦਾਰ ਰਿਵੋਧ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹੇ ਵਿਅਕਤੀ ਨੂੰ ਮੌਕਾ ਮਿਲ ਗਿਆ ਤਾਂ ਪੰਜਾਬ ਸਭ ਕੁਝ ਗੁਆ ਲਵੇਗਾ ਕਿਉਕਿ ਭਗਵੰਤ ਮਾਨ ਵਿਚ ਕੇਜਰੀਵਾਲ ਨੁੰ ਸੂਬੇ ਨੁੰ ਲੁੱਟਣ ਤੋਂ ਰੋਕਣ ਦੀ ਜੁਰੱਅਤ ਨਹੀਂ ਹੈ।ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਲੋਕਾਂ ਨਾਲ ਕੀਤੇ ਵਾਅਦੇ ਨਿਭਾਏ ਹਨ ਭਾਵੇਂ ਉਹ ਕਿਸਾਨਾਂ ਨੁੰ ਮੁਫਤ ਬਿਜਲੀ ਦੇਣ ਦੀ ਗੱਲ ਹੋਵੇ ਜਾਂ ਫਿਰ ਗਰੀਬਾਂ ਨੁੰ ਸ਼ਗਨ, ਆਟਾ ਦਾਲ ਜਾਂ ਬੁਢਾਪਾ ਪੈਨਸ਼ਨਾਂ ਦਾ ਲਾਭ ਦੇਣ ਜਾਂ ਫਿਰ ਸੂਬੇ ਵਿਚ ਐਕਸਪ੍ਰੈਸਵੇਅ ਬਣਾਉਦ, ਪੰਜਾਬ ਨੁੰ ਬਿਜਲੀ ਸਰਪਲੱਸ ਬਣਾਉਣ, ਸੁਵਿਧਾ ਕੇਂਦਰ, ਮੈਰੀਟੋਰੀਅਸ ਸਕੂਲ, ਕੌਮਾਂਰਤੀ ਹਵਾਈ ਅੱਡੇ ਬਣਾਉਣ ਜਾਂ ਫਿਰ ਵਿਰਾਸਤ ਦੀ ਸੰਭਾਲ ਦੀ ਗੱਲ ਹੋਵੇ। ਉਹਨਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੁੰ ਚੁਣੌਤੀ ਦਿੱਤੀ ਕਿ ਉਹ ਇਕ ਵੀ ਅਜਿਹੀ ਗੱਲ ਦੱਸਣ ਜਿਹੜੇ ਅਕਾਲੀ ਦਲ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਵਾਅਦਾ ਕੀਤਾ ਹੋਵੇ ਤੇ ਨਿਭਾਈ ਨਾ ਹੋਵੇ।ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਬਾਹਰਲਿਆਂ ਨੂੰ ਪੰਜਾਬ ਵਿਚ ਜੜ੍ਹਾ ਲਗਾਉਣ ਤੇ ਫਿਰ ਸੁਬੇ ਦੇ ਲੋਕਾਂ ਨੁੰ ਗੁਲਾਮ ਬਣਾਉਣ ਦੇ ਯਤਨਾਂ ਨੂੰ ਰੋਕਣ ਲਈ ਚੋਣ ਲੜਨ ਦਾ ਫੈਸਲਾ ਲਿਆ। ਉਹਨਾਂ ਕਿਹਾ ਕਿ ਮੈਂ ਸੂਬੇ ਦੀ ਸਿਆਸੀ ਸਥਿਰਤਾ ਦੇ ਨਾਲ ਨਾਲ ਸ਼ਾਂਤੀ ਤੇ ਫਿਰਕੂ ਸਦਭਾਵਨਾ ਯਕੀਨੀ ਬਣਾਉਣਾ ਚਾਹੁੰਦਾ ਹਾਂ ਜੋ ਕਿ ਵਿਕਾਸ ਤੇ ਪ੍ਰਗਤੀ ਲਈ ਮੁਢਲੀ ਸ਼ਰਤ ਹੈ। ਇਸ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਅਸਲ ਵਿਚ ਪੰਜਾਬੀਆਂ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ,ਜਦੋਂਕਿ ਕਾਂਗਰਸ ਤੇ ਆਪ ਅੰਗਰੇਜ਼ਾਂ ਦੀ ਤਰ੍ਹਾਂ ਇੱਥੇ ਰਾਜ ਕਰਨ ਤੇ ਲੁੱਟਣ ਆਈਆਂ ਹਨ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰਾਂ ਨੂੰ ਸਮਰਥਨ ਦੇਣ ਦੀ ਅਪੀਲ ਕਰਦਿਆਂ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ’ਤੇ ਲਿਜਾਣ ਦਾ ਭਰੋਸਾ ਦਿਵਾਇਆ।
Share the post "ਲੰਬੀ ਹਲਕੇ ਤੋਂ ਪਹਿਲੀ ਵਾਰ ਗਰਜ਼ੇ ਸਾਬਕਾ ਮੁੱਖ ਮੰਤਰੀ: ਆਪ ਨੂੰ ਵੋਟਾਂ ਨਾ ਪਾਉਣ ਕੀਤੀ ਅਪੀਲ"