ਕੀਤਾ ਦਾਅਵਾ ਕਿ ਸਰੂਪ ਸਿੰਗਲਾ ਨੇ ਲਗਾਤਾਰ ਹਾਰ ਦੀ ਨਿਰਾਸ਼ਾ ਕਾਰਨ ਕੀਤੀ ਹੈ ਸਿਕਾਇਤ
ਇਹ ਵੀ ਕਿਹਾ ਕਿ ਮੁੱਖ ਮੰਤਰੀ ਨੇ ਵੀ ਸਿਆਸੀ ਰੰਜਿਸ਼ ਕਾਰਨ ਸ਼ੁਰੂੁ ਕਰਵਾਈ ਹੈ ਝੂਠੀ ਸਿਕਾਇਤ ’ਤੇ ਜਾਂਚ
ਪੇਸ਼ੀ ਦੌਰਾਨ ਸਮਰਥਕਾਂ ਦਾ ਕੀਤਾ ਵੱਡਾ ਇਕੱਠ
ਸੁਖਜਿੰਦਰ ਮਾਨ
ਬਠਿੰਡਾ, 24 ਜੁਲਾਈ : ਬਠਿੰਡਾ ਸ਼ਹਿਰ ਦੇ ਪੌਸ਼ ਇਲਾਕੇ ’ਚ ਵਾਪਰਕ ਪਲਾਟ ਨੂੰ ਰਿਹਾਇਸ਼ੀ ਕਰਵਾ ਕੇ ਖ਼ਰੀਦਣ ਦੇ ਮਾਮਲੇ ’ਚ ਸੋਮਵਾਰ ਨੂੰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਜੀਲੈਂਸ ਅੱਗੇ ਪੇਸ਼ ਹੋਏ। ਹਾਲਾਂਕਿ ਇਸ ਮੌਕੇ ਉਨ੍ਹਾਂ ਦੇ ਸਮਰਥਕਾਂ ਦਾ ਵੱਡਾ ਇਕੱਠ ਇੱਥੇ ਮੌਜੂਦ ਸੀ ਪ੍ਰੰਤੂ ਵਿਜੀਲੈਂਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਕੱਲਿਆਂ ਹੀ ਅੰਦਰ ਜਾਣ ਦਿੱਤਾ। ਉਂਜ ਕੁੱਝ ਸਮੇਂ ਬਾਅਦ ਉਨ੍ਹਾਂ ਦੇ ਵਕੀਲ ਨੂੰ ਵੀ ਬੁਲਾ ਲਿਆ ਗਿਆ। ਕਰੀਬ ਸਾਢੇ 11 ਵਜੇਂ ਵਿਜੀਲੈਂਸ ਦਫ਼ਤਰ ਦੇ ਅੰਦਰ ਪੁੱਜੇ ਮਨਪ੍ਰੀਤ ਬਾਦਲ ਕੋਲੋਂ ਅਧਿਕਾਰੀਆਂ ਨੇ ਲਗਾਤਾਰ ਪੰਜ ਘੰਟੇ ਕਰੀਬ ਸਾਢੇ ਚਾਰ ਵਜੇਂ ਤੱਕ ਪੁੱਛਗਿਛ ਕੀਤੀ। ਸੂਤਰਾਂ ਮੁਤਾਬਕ ਵਿਜੀਲੈਂਸ ਦੇ ਜਾਂਚ ਅਧਿਕਾਰੀਆਂ ਵਲੋਂ ਸਾਬਕਾ ਵਿਤ ਮੰਤਰੀ ਕੋਲੋਂ ਅਪਣਾ ਪ੍ਰਭਾਵ ਵਰਤ ਕੇ ਬੀਡੀਏ ਦੇ ਵਪਾਰਕ ਪਲਾਟ ਨੂੰ ਰਿਹਾਇਸ਼ੀ ਕਰਵਾਉਣ ਲਈ ਕਰਵਾਏ ਸੀਐਲਯੂ ਅਤੇ ਪਲਾਟ ਦੀ ਬੋਲੀ ਸਮੇਂ ਅਪਣੇ ਵਿਅਕਤੀ ਖੜੇ ਕਰਨ ਅਤੇ ਕਿਸੇ ਹੋਰ ਨੂੰ ਬੋਲੀ ਦੇਣ ਤੋਂ ਰੋਕਣ ਸਬੰਧੀ ਸਵਾਲ ਕੀਤੇ ਗਏ। ਉਧਰ ਪੁਛਗਿਛ ਤੋਂ ਬਾਅਦ ਸਥਾਨਕ ਸਰਕਟ ਹਾਊਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਦਲ ਨੇ ਜਿੱਥੇ ਸਿਕਾਇਤਕਰਤਾ ਤੇ ਭਾਜਪਾ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਉਪਰ ਅਪਣੇ ਕੋਲੋਂ ਮਿਲੀਆਂ ਲਗਾਤਾਰ ਹਾਰਾਂ ਦੀ ਨਿਰਾਸ਼ਾ ਕਾਰਨ ਝੂਠੀ ਸਿਕਾਇਤ ਦੇਣ ਦਾ ਦੋਸ਼ ਲਗਾਇਆ, ਉਥੇ ਸਿੱਧੇ ਢੰਗ ਨਾਲ ਮੁੱਖ ਮੰਤਰੀ ਉਪਰ ਵੀ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਲੱਗਦਾ ਹੈ ਕਿ ਉਨਾਂ ਵੀ ਕਿਸੇ ਨਿੱਜੀ ਸਿਆਸੀ ਰੰਜਿਸ਼ ਕੱਢਣ ਕਾਰਨ ਝੂਠੀ ਸਿਕਾਇਤ ਉਪਰ ਜਾਂਚ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਭਗਵੰਤ ਮਾਨ ਨੂੰ ਵੀ ਚੁਣੌਤੀ ਦਿੱਤੀ ਕਿ ਇਸ ਕੇਸ ਵਿਚੋਂ ਕੁੱਝ ਨਹੀਂ ਨਿਕਲਣਾ ਤੇ ਜੇਕਰ ਉਸ ਵਿਚ ਹਿੰਮਤ ਹੈ ਤਾਂ ਉਹ ਕੋਈ ਹੋਰ ਝੂਠਾ ਕੇਸ ਬਣਾ ਕੇ ਉਸਨੂੰ ਅੰਦਰ ਕਰਵਾ ਦੇਣ। ਪ੍ਰੈਸ ਕਾਨਫਰੰਸ ਦੌਰਾਨ ਕਾਫ਼ੀ ਗਰਮ ਲਹਿਜੇ ’ਚ ਨਜ਼ਰ ਆਏ ਸਾਬਕਾ ਮੰਤਰੀ ਨੇ ਕਿਹਾ ਕਿ ਜਿਸ ਪਲਾਟ ਦੇ ਮਾਮਲੇ ’ਚ ਬੁਲਾਇਆ ਸੀ, ਉਸ ਪਲਾਟ ਨੂੰ ਵਪਾਰਕ ਤੋਂ ਰਿਹਾਇਸ਼ੀ ਉਸਨੇ ਅਪਣੀ ਸਰਕਾਰ ਦੌਰਾਨ ਨਹੀਂ, ਬਲਕਿ ਸਾਲ 2012 ਵਿਚ ਅਕਾਲੀ ਸਰਕਾਰ ਦੌਰਾਨ ਕੀਤਾ ਗਿਆ ਸੀ ਜਦ ਸਰੂਪ ਚੰਦ ਸਿੰਗਲਾ ਪੰਜਾਬ ਸਰਕਾਰ ਵਿਚ ਬਤੌਰ ਮੁੱਖ ਪਾਰਲੀਮਾਨੀ ਸਕੱਤਰ ਸਨ। ਇਸਤੋਂ ਇਲਾਵਾ ਉਸ ਵਲੋਂ ਪ੍ਰੀਮੀਅਮ ਦੇ ਕੇ ਖ਼ਰੀਦੇ ਇਸ ਪਲਾਟ ਦੇ ਬਿਲਕੁੱਲ ਨਾਲ ਲੱਗਦੇ ਪਲਾਟ ਨੂੰ ਮੌਜੂਦਾ ਆਪ ਸਰਕਾਰ ਨੇ ਉਸਦੀ ਰਾਖ਼ਵੀਂ ਕੀਮਤ ਉਸਦੇ ਪਲਾਟ ਨਾਲੋਂ ਵੀ ਘੱਟ ਕਰਕੇ ਵੇਚਿਆ ਹੈ। ਮਨਪ੍ਰੀਤ ਨੇ ਦਾਅਵਾ ਕੀਤਾ ਕਿ ਇਹ ਪਲਾਟ ਉਸਨੇ ਬਠਿੰਡਾ ’ਚ ਅਪਣੀ ਰਿਹਾਇਸ ਬਣਾਉਣ ਲਈ ਖਰੀਦਿਆਂ ਸੀ ਤੇ ਇਹ ਪਲਾਟ ਖਰੀਦਣ ਲਈ ਉਸ ਵਲੋਂ ਗੜਗਾਊ ’ਚ ਅਪਣੇ ਇੱਕ ਫਲੈਟ ਨੂੰ ਕਰੀਬ ਸਾਢੇ ਸੱਤ ਕਰੋੜ ਦਾ ਵੇਚਿਆ ਸੀ। ਜਿਸਦੇ ਚੱਲਦੇ ਇਹ ਬਿਨ੍ਹਾਂ ਤੱਥਾਂ ਤੋਂ ਕੀਤੀ ਹੋਈ ਸਿਕਾਇਤ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਿਕਾਇਤ ਵਿਚ ਦਾਅਵਾ ਕੀਤਾ ਹੈ ਕਿ ਉਸਨੈ ਕਿਸੇ ਹੋਰ ਨੂੰ ਇਸ ਪਲਾਟ ਦੀ ਬੋਲੀ ਦੇਣ ਤੋਂ ਰੋਕਣ ਦਾ ਕੰਮ ਕੀਤਾ, ਵੀ ਕਾਫ਼ੀ ਹੈਰਾਨੀਜਨਕ ਹੈ ਕਿਉਂਕਿ ਇਸ ਪਲਾਟ ਦੀ ਬੋਲੀ ਆਨ-ਲਾਈਨ ਹੋਈ ਸੀ, ਜਿਸ ਵਿਚ ਕੋਈ ਬਾਹਰ ਤੋਂ ਬੈਠਾ ਵੀ ਹਿੱਸਾ ਲੈ ਸਕਦਾ ਸੀ। ਇਸਤੋਂ ਇਲਾਵਾ ਇਸ ਪਲਾਟ ਦੀ ਬੋਲੀ ਲਈ ਇਸਤਿਹਾਰ ਪੰਜਾਬ ਦੇ ਪ੍ਰਮੁੱਖ ਅਖ਼ਬਾਰਾਂ ਵਿਚ ਦਿੱਤਾ ਗਿਆ ਸੀ ਤੇ ਉਨ੍ਹਾਂ ਅੱਗੇ ਕਿਸੇ ਹੋਰ ਤੋਂ ਇਹ ਪਲਾਟ ਖ਼ਰੀਦਿਆਂ ਸੀ। ਉਨਾਂ ਇਹ ਵੀ ਦਾਅਵਾ ਕੀਤਾ ਕਿ ਵਿਜੀਲੈਂਸ ਨੂੰ ਸਿਕਾਇਤ ਦੇਣ ਤੋਂ ਪਹਿਲਾਂ ਸ਼੍ਰੀ ਸਿੰਗਲਾ ਨੇ ਇਸਦੀ ਸਿਕਾਇਤ ਲੋਕਪਾਲ ਪੰਜਾਬ ਕੋਲ ਵੀ ਕੀਤੀ ਸੀ, ਜਿਸਨੇ ਇਸ ਸਿਕਾਇਤ ਨੂੰ 13 ਸਤੰਬਰ 2022 ਨੂੰ ਖ਼ਾਰਜ ਕਰ ਦਿੱਤਾ ਸੀ। ਸ਼੍ਰੀ ਬਾਦਲ ਨੇ ਕਿਹਾ ਕਿ ਉਸਨੂੰ ਅੱਜ ਇਸ ਗੱਲ ਦਾ ਦੁੱਖ ਹੈ ਕਿ 9 ਸਾਲ ਵਿਤ ਮੰਤਰੀ ਤੇ 25 ਸਾਲ ਵਿਧਾਇਕ ਰਹਿਣ ਦੇ ਬਾਵਜੂਦ ਅੱਜ ਤੱਕ ਸਰਕਾਰ ਤੋਂ ਗੱਡੀ, ਤੇਲ, ਮੈਡੀਕਲ ਬਿੱਲ ਸਹਿਤ ਇੱਕ ਚਾਹ ਦਾ ਕੱਪ ਵੀ ਸਰਕਾਰੀ ਖ਼ਜਾਨੇ ਵਿਚੋਂ ਨਹੀਂ ਪੀਤਾ ਪ੍ਰੰਤੂ ਅੱਜ ਉਸਨੂੰ ਜਵਾਬ ਉਨ੍ਹਾਂ ਬੰਦਿਆਂ ਨੂੰ ਦੇਣਾ ਪੈ ਰਿਹਾ ਹੈ ਜਿਹੜੇ ਅਪਣੀ ਮਸਹੂਰੀ ਲਈ ਸਰਕਾਰ ਦੇ ਖ਼ਜਾਨੇ ਵਿਚੋਂ ਕਰੋੜਾਂ ਰੁਪਏ ਖਰਚ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਉਹ ਨਾਂ ਤਾਂ ਉਸਤੋਂ ਡਰਦੇ ਹਨ ਤੇ ਨਾ ਹੀ ਵਿਜੀਲੈਂਸ ਕੋਲੋ ਡਰਦੇ ਹਨ। ਸਾਬਕਾ ਵਿਤ ਮੰਤਰੀ ਨੇ ਅਪਣੇ ਸਿਆਸੀ ਵਿਰੋਧੀ ਰਾਜਾ ਵੜਿੰਗ ’ਤੇ ਵੀ ਵਿਅੰਗ ਕਸਦਿਆਂ ਕਿਹਾ ਕਿ ਉਹ ਉਸ ਦੀ ਤਰ੍ਹਾਂ ਅੱਧੀ ਰਾਤ ਨੂੰ ਮੁੱਖ ਮੰਤਰੀ ਦੇ ਗੋਡੇ ਹੱਥ ਨਹੀਂ ਲਗਾਉਣਗੇ, ਬੇਸ਼ੱਕ ਇਸਦੇ ਲਈ ਜਿਸਨੇ ਜੋ ਕਰਨਾ ਹੈ ਉਹ ਕਰ ਲਵੇ। ਇਸ ਦੌਰਾਨ ਉਨ੍ਹਾਂ ਸਾਬਕਾ ਵਿਧਾਇਕ ਸਰੂਪ ਸਿੰਗਲਾ ਵਲੋਂ ਕੱਟੀਆਂ ਕਲੌਨੀਆਂ ਤੇ ਕੀਤੇ ਹੋਰ ਕੰਮਾਂ ਨੂੰ ਗਿਣਾਉਂਦਿਆਂ ਕਿਹਾ ਕਿ ਜੇਕਰ ਉਹ ਚਾਹੁੰਦੇ ਤਾਂ ਜਾਂਚ ਕਰਵਾ ਸਕਦੇ ਸਨ ਪ੍ਰੰਤੂ ਉਹ ਜਾਤੀ ਰਾਜਨੀਤੀ ਵਿਚ ਨਹੀਂ ਉਲਝਣਾ ਚਾਹੁੰਦੇ। ਆਖ਼ਰ ਵਿਚ ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਜੇਕਰ ਮਨਪ੍ਰੀਤ ਬਾਦਲ ਨੇ ਪੰਜਾਬ ਦੇ ਖ਼ਜਾਨੇ ਦਾ ਇੱਕ ਪੈਸਾ ਵੀ ਵਰਤਿਆਂ ਤਾਂ ਵਿਜੀਲੈਂਸ ਜਾਂਚ ਦੀ ਵੀ ਲੋੜ ਨਹੀਂ, ਬਲਕਿ ਉਸਨੂੰ ਚੌਕ ਵਿਚ ਖ਼ੜਾ ਕਰਕੇ ਗੋਲੀ ਮਾਰ ਦਿਓ। ਮਨਪ੍ਰੀਤ ਨੇ ਦਾਅਵਾ ਕੀਤਾ ਕਿ ਵਿਜੀਲੈਂਸ ਵਲੋਂ ਇਸਤੋਂ ਪਹਿਲਾਂ ਉਸ ਵਲੋਂ ਕਰਵਾਏ ਵਿਕਾਸ ਕਾਰਜ਼ਾਂ ਦੀ ਵੀ ਪੜਤਾਲ ਕਰਵਾਈ ਜਾ ਚੁੱਕੀ ਹੈ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ।
Share the post "ਵਪਾਰਕ ਪਲਾਟ ਨੂੰ ਰਿਹਾਇਸੀ ਕਰਵਾਉਣ ਦੇ ਮਾਮਲੇ ’ਚ ਵਿਜੀਲੈਂਸ ਅੱਗੇ ਪੇਸ਼ ਹੋਏ ਮਨਪ੍ਰੀਤ ਬਾਦਲ"