ਤਿੱਖੇ ਘੋਲ ਦਾ ਸੇਕ ਝੱਲਣ ਲਈ ਤਿਆਰ ਰਹਿਣ ਦੀ ਦਿੱਤੀ ਚਿਤਾਵਨੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ,11 ਅਕਤੂਬਰ-ਦਿਹਾਤੀ ਮਜਦੂਰ ਸਭਾ ਪੰਜਾਬ ਦੀ ਬਠਿੰਡਾ ਜਿਲਾ ਕਮੇਟੀ ਵੱਲੋਂ ਅੱਜ ਮੁੱਖ ਮੰਤਰੀ ਪੰਜਾਬ ਦੀ ਵਾਅਦਾ ਖਿਲਾਫੀ ਵਿਰੁੱਧ ਰੋਸ ਵਜੋਂ ਜਿਲੇ ਦੇ ਵੱਖੋ-ਵੱਖ ਪਿੰਡਾਂ ਵਿੱਚ ਸੀ.ਐਮ. ਦੇ ਪੁਤਲੇ ਫੂਕ ਕੇ ਜਬਰਦਸਤ ਰੋਸ ਮੁਜਾਹਰੇ ਕੀਤੇ ਗਏ। ਉਕਤ ਜਾਣਕਾਰੀ ਜਾਰੀ ਇੱਕ ਬਿਆਨ ਰਾਹੀਂ ਸਭਾ ਦੇ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ ਨੇ ਦਿੱਤੀ। ਮਜਦੂਰ ਆਗੂਆਂ ਨੇ ਦੱਸਿਆ ਕਿ ਬੁਲਾਢੇ ਵਾਲਾ, ਬਹਿਮਣ ਦੀਵਾਨਾ, ਚੁੱਘੇ ਖੁਰਦ, ਚੁੱਘੇ ਕਲਾਂ, ਝੁੰਬਾ, ਜੰਗੀਰਾਣਾ, ਕਾਲਝਰਾਣੀ, ਘੁੱਦਾ, ਲਹਿਰਾ ਧੂੜਕੋਟ, ਕਲਿਆਣ, ਤੁੰਗਵਾਲੀ ਆਦਿ ਵਿਖੇ ਭਰਵੇਂ ਇੱਕਠ ਕਰਕੇ ਮੁੱਖ ਮੰਤਰੀ ਦੇ ਮਜਦੂਰ ਵਿਰੋਧੀ ਕਿਰਦਾਰ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ ਗਿਆ। ਉਕਤ ਇਕੱਠਾਂ ਨੂੰ ਸੰਬੋਧਨ ਕਰਦਿਆਂ ਮਜਦੂਰ ਆਗੂਆਂ ਮਿੱਠੂ ਸਿੰਘ ਘੱਦਾ, ਪ੍ਰਕਾਸ਼ ਸਿੰਘ ਨੰਦਗੜ, ਮੱਖਣ ਸਿੰਘ ਤਲਵੰਡੀ ਸਾਬੋ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਕੂਕਾ ਸਿੰਘ ਨਥਾਣਾ, ਮੱਖਣ ਸਿੰਘ ਪੂਹਲੀ, ਸੁਖਦੇਵ ਸਿੰਘ ਰਾਜਗੜ ਕੁੱਬੇ, ਜੁਗਿੰਦਰ ਸਿੰਘ ਕਲਿਆਣ, ਮੇਜਰ ਸਿੰਘ ਤੁੰਗਵਾਲੀ ਅਤੇ ਹੋਰਨਾਂ ਨੇ ਸੰਬੋਧਨ ਕੀਤਾ।
ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਪੰਜਾਬ ਨੇ ਬੇਜਮੀਨੇ-ਸਾਧਨਹੀਨ ਪੇਂਡੂ ਕਿਰਤੀਆਂ ਦੀਆਂ ਜਾਇਜ ਮੰਗਾਂ ਦੇ ਨਿਪਟਾਰੇ ਲਈ ‘ਸਾਂਝੇ ਮਜਦੂਰ ਮੋਰਚੇ‘ ਦੇ ਆਗੂਆਂ ਨਾਲ ਰੱਖੀ 4 ਅਕਤੂਬਰ ਦੀ ਪੈਨਲ ਮੀਟਿੰਗ ਬਿਨਾਂ ਕਾਰਨ ਤੋਂ, ਬਿਨਾਂ ਕੋਈ ਅਗਾਊਂ ਸੂਚਨਾ ਦਿੱਤਿਆਂ ਰੱਦ ਕਰ ਦਿੱਤੀ ਅਤੇ ਹੁਣ ਅਗਲੀ ਮੀਟਿੰਗ ਲਈ ਸਮਾਂ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਆਗੂਆਂ ਨੇ ਐਲਾਨ ਕੀਤਾ ਕਿ 18 ਅਕਤੂਬਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਆਮਦ ਮੌਕੇ ਜਿਲੇ ‘ਚ ਕੀਤੇ ਜਾਣ ਵਾਲੇ ਜਨਤਕ ਸਮਾਗਮਾਂ ਮੌਕੇ ਵੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਜਿਕਰਯੋਗ ਹੈ ਕਿ ਉਕਤ ਅਰਥੀ ਫੂਕ ਮੁਜਾਹਰਿਆਂ ਦਾ ਸੱਦਾ ‘ਪੇਂਡੂ ਤੇ ਖੇਤ ਮਜਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ‘ ਵੱਲੋਂ ਦਿੱਤਾ ਗਿਆ ਸੀ।
ਵਾਅਦਾ ਖਿਲਾਫੀ ਤੋਂ ਭੜਕੇ ਮਜਦੂਰਾਂ ਨੇ ਫੂਕੇ ਮੁੱਖ ਮੰਤਰੀ ਦੇ ਪੁਤਲੇ
6 Views