ਝੂਠੇ ਕੇਸ ’ਚ ਫ਼ਸਾਉਣ ਦੀ ਧਮਕੀ ਦੇ ਕੇ ਮੰਗੇ ਸੀ 50 ਹਜ਼ਾਰ, 20 ਹਜ਼ਾਰ ਲੈ ਚੁੱਕਿਆ ਸੀ ਤੇ 30,000 ਰੂਪੈ ਲੈਂਦੇ ਰੰਗੇ ਹੱਥੀ ਗ੍ਰਿਫਤਾਰ
ਸੁਖਜਿੰਦਰ ਮਾਨ
ਬਠਿੰਡਾ, 29 ਦਸੰਬਰ : ਝੂਠੇ ਕੇਸ ’ਚ ਨਾਮਜਦ ਕਰਨ ਦਾ ਡਰਾਵਾ ਦੇ ਕੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਵਾਲੇ ਪੰਜਾਬ ਪੁਲਿਸ ਦੇ ਥਾਣੇਦਾਰ ਨੂੰ ਵਿਜੀਲੈਂਸ ਬਿਊਰੋ ਨੇ ਅੱਜ ਰੰਗੇ ਹੱਥੀ ਕਾਬੂ ਕੀਤਾ ਹੈ। ਕਕਿਤ ਦੋਸ਼ੀ 20 ਹਜ਼ਾਰ ਰੁਪਏ ਦੀ ਰਿਸ਼ਵਤ ਅੱਜ ਸਵੇਰੇ ਲੈ ਚੁੱਕਾ ਸੀ ਤੇ ਬਾਕੀ 30 ਹਜ਼ਾਰ ਰੁਪਏ ਲੈਂਦੇ ਹੋਏ ਮਾਨਸਾ ਰੋਡ ਤੋਂ ਕਾਬੂ ਕੀਤਾ ਗਿਆ ਹੈ। ਇਸ ਸਬੰਧ ਵਿਚ ਵਿਜੀਲੈਂਸ ਕੋਲ ਰਾਕੇਸ਼ ਕੁਮਾਰ ਪੁੱਤਰ ਸ੍ਰੀ ਹੰਸ ਰਾਜ ਵਾਸੀ ਪ੍ਰਤਾਪ ਨਗਰ ਜਿਲ੍ਹਾ ਬਠਿੰਡਾ ਨੇ ਸਿਕਾਇਤ ਕੀਤੀ ਸੀ। ਜਿਸ ਵਿਚ ਉਸਨੇ ਦੋਸ਼ ਲਗਾਇਆ ਸੀ ਕਿ ਉਸਦਾ ਜੀਜਾ ਅੰਮ੍ਰਿਤਪਾਲ ਜੋ ਕਿ ਮੋੜ ਮੰਡੀ ਵਿਖੇ ਰਹਿੰਦੇ ਹਨ, ਦੇ ਪਰਿਵਾਰ ਦਾ ਕਮਿਸ਼ਨ ਏਜੰਟ/ਆੜਤ ਦਾ ਕੰਮ ਹੈ। ਇਸ ਦੌਰਾਨ ਹੀ ਉਨ੍ਹਾਂ ਦੇ ਭਾਣਜੇ ਜੀਵਨ ਕੁਮਰ ਦੀ ਮੌਤ ਹੋ ਗਈ ਤੇ ਆੜਤ ਦਾ ਕੰਮ ਬੰਦ ਹੋ ਗਿਆ ਹੈ।ਇਸੇ ਕਰਕੇ ਉਨ੍ਹਾਂ ਦੀ ਆੜਤ ਨਾਲ ਸਬੰਧਤ ਜਿਮੀਦਾਰਾ ਦੇ ਪੈਸੇ ਸਬੰਧੀ ਲੇਣ/ਦੇਣ ਦਾ ਰੋਲਾ ਪੈ ਗਿਆ। ਇਸ ਸਬੰਧ ਵਿਚ ਕਿਸਾਨਾਂ ਵਲੋਂ ਸਿਕਾਇਤਕਰਤਾ ਦੇ ਜੀਜੇ ਅੰਮ੍ਰਿਤਪਾਲ , ਉਸਦੇ ਭਰਾ ਰੇਵਤੀ ਕੁਮਾਰ, ਰਾਜਨ ਬਾਸਲ(ਵੱਡਾ ਭਾਣਜਾ) ਅਤੇ ਮੁਦਈ ਰਾਕੇਸ਼ ਕੁਮਾਰ ’ਤੇ ਮੁੱਕਦਮਾ ਨੰਬਰ 105 ਮਿਤੀ 26.09.2022 ਥਾਣਾ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਵਿਚ ਦਰਜ ਹੋ ਗਿਆ ਸੀ। ਇਸ ਕੇਸ ਵਿਚ ਮੁਦਈ ਦੀ ਜਮਾਨਤ ਨਵੰਬਰ ਮਹੀਨੇ ਵਿੱਚ ਹੋ ਗਈ ਸੀ । ਇਸ ਦੌਰਾਨ ਹੀ ਹਰਬੰਸ ਲਾਲ ਵਾਸੀ ਮੋੜ ਮੰਡੀ ਵੱਲੋਂ ਉਸਤੋਂ ਇਲਾਵਾ ਉਸਦੇ ਜੀਜੇ ਅੰਮ੍ਰਿਤਪਾਲ ਅਤੇ ਭਰਾ ਰੇਵਤੀ ਕੁਮਾਰ, ਭੈਣ ਮੰਜ਼ੂ ਰਾਣੀ ਖਿਲਾਫ ਐਸ.ਐਸ.ਪੀ. ਦੇ ਦਫਤਰ ਵਿਖੇ ਇਕ ਦਰਖਾਸਤ ਦਿੱਤੀ ਸੀ, ਜਿਸ ਦੀ ਪੜਤਾਲ ਉਪ ਕਪਤਾਨ ਪੁਲਿਸ ਪੀ.ਬੀ.ਆਈ.ਬਠਿੰਡਾ ਵੱਲੋਂ ਕਰਨ ਤੇ ਡੀ.ਏ.ਲੀਗਲ ਦੀ ਰਾਇ ਲੈਣ ਉਪਰੰਤ ਮੁਦਈ ਦੇ ਜੀਜੇ ਅੰਮ੍ਰਿਤਪਾਲ ਅਤੇ ਮੁਦਈ ਦੇ ਭਰਾ ਰੇਵਤੀ ਕੁਮਾਰ ਖਿਲਾਫ ਮੁਕੱਦਮਾ 133 ਮਿਤੀ 20.12.2022 ਥਾਣਾ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਦਰਜ ਹੋ ਗਿਆ ਹੈ। ਇਸ ਕੇਸ ਦੀ ਤਫਤੀਸ਼ ਥਾਣੇਦਾਰ ਬਲਜੀਤਪਾਲ ਵਲੋਂ ਕੀਤੀ ਜਾ ਰਹੀ ਸੀ, ਜਿਸਦੇ ਵਲੋ ਲਗਾਤਾਰ ਮੁੱਦਈ ਨੂੰ ਅਤੇ ਉਸਦੀ ਭੈਣ ਮੰਜੂ ਰਾਣੀ ਨੂੰ ਪਰਚੇ ਵਿੱਚ ਨਾਮਜ਼ਦ ਕਰਨ ਦਾ ਡਰਾਵਾ ਦੇ ਕੇ 2 ਲੱਖ ਰੂਪੈ ਦੀ ਮੰਗ ਕੀਤੀ ਜਾ ਰਹੀ ਸੀ। ਇਸ ਉਪਰੰਤ ਉਸਨੇ ਮੁੱਦਈ ਉਕਤ ਨੂੰ ਅੱਜ ਭੁੱਚੋ ਮੰਡੀ ਜਿਲ੍ਹਾ ਬਠਿੰਡਾ ਦੇ ਟੋਲ ਪਲਾਜਾ ਵਿਖੇ ਬੁਲਾਇਆ ਅਤੇ ਕਿਹਾ ਕਿ ਮੇਰੀ ਬਦਲੀ ਥਾਣਾ ਮੋੜ ਤੋ ਥਾਣਾ ਸਦਰ ਰਾਮਪੁਰਾ ਦੀ ਹੋਈ ਹੈ ਅਤੇ ਮੈਂ ਜਾਂਦਾ ਜਾਂਦਾ ਤੁਹਾਨੂੰ ਇਸ ਪਰਚੇ ਵਿੱਚ ਨਾਮਜਦ ਕਰ ਦੇਵਾਂਗਾਂ ਨਹੀਂ ਤਾ ਮੈਨੂੰ 50,000/—ਰੁਪਏ ਰਿਸ਼ਵਤ ਦਿਉ ਅਤੇ ਕਿਹਾ ਕਿ ਜੇਕਰ ਤੂੰ ਇਹ ਪੈਸੇ ਅੱਜ ਮੈਨੂੰ ਨਾਂ ਦਿੱਤੇ ਤਾਂ ਮੈਂ ਤੈਨੂੰ ਇਸ ਪਰਚੇ ਵਿੱਚ ਨਾਮਜ਼ਦ ਕਰ ਦੇਵਾਗਾ। ਜਿਸ ਡਰ ਦੇ ਮਾਰੇ ਮੁੱਦਈ ਨੇ ਉਸ ਪਾਸ ਜੋ 20,000/— ਰੁਪਏ ਮੋਜੂਦ ਸੀ, ਉਹ ਥਾਣੇਦਾਰ ਬਲਜੀਤਪਾਲ ਥਾਣਾ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਨੂੰ ਦੇ ਦਿੱਤੇ ਅਤੇ ਬਾਕੀ ਰਹਿੰਦੀ ਰਕਮ 30,000/— ਰੁਪਏ ਸ਼ਾਮ ਨੂੰ ਦੇਣ ਦਾ ਝੂਠਾ ਵਾਅਦਾ ਕਰ ਲਿਆ ਸੀ। ਮੁੱਦਈ ਰਾਕੇਸ਼ ਕੁਮਾਰ ਵੱਲੋਂ ਇਸ ਗੱਲਬਾਤ ਦੀ ਰਿਕਾਰਡਿੰਗ ਕਰ ਲਈ ਸੀ ਅਤੇ ਇਸ ਸਬੰਧੀ ਸ਼ਿਕਾਇਤ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਪਾਸ ਕਰ ਦਿੱਤੀ ਗਈ। ਬੁਲਾਰੇ ਨੇ ਦੱਸਿਆ ਕਿ ਇਸ ਸੰਬੰਧੀ ਸਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਯੁਨਿਟ ਬਠਿੰਡਾ ਦੀ ਟੀਮ ਨੇ ਦੋਸ਼ੀ ਥਾਣੇਦਾਰ ਬਲਜੀਤਪਾਲ ਥਾਣਾ ਮੋੜ, ਜਿਲ੍ਹਾ ਬਠਿੰਡਾ ਨੂੰ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ 30,000/— ਰੁਪਏ ਰਿਸ਼ਵਤ ਲੈਦਿੰਆ ਗ੍ਰਿਫਤਾਰ ਕੀਤਾ ਗਿਆ,ਇਸ ਉਪਰੰਤ ਦੋਸ਼ੀ ਉਕਤ ਦੀ ਜਾਮਾਤਲਾਸ਼ੀ ਸਮੇਂ ਅੱਜ ਸਵੇਰੇ ਦਿੱਤੇ ਗਏ 20,000/—ਰੁਪੈ ਦੋਸ਼ੀ ਥਾਣੇਦਾਰ ਬਲਜੀਤਪਾਲ ਦੀ ਕੋਟ ਦੀ ਜੇਬ ਵਿੱਚੋਂ ਬਰਾਮਦ ਕੀਤੇ ਗਏ।ਇਸ ਸਬੰਧੀ ਉਕਤ ਦੋਸ਼ੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਮੁਕੱਦਮਾਂ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
Share the post "ਵਿਜੀਲੈਂਸ ਬਿਊਰੋ ਨੇ ਮੋੜ ਥਾਣੇ ’ਚ ਤੈਨਾਤ ਥਾਣੇਦਾਰ ਬਲਜੀਤਪਾਲ ਨੂੰ ਰਿਸ਼ਵਤ ਲੈਂਦੇ ਕੀਤਾ ਕਾਬੂ"