ਸੁਖਜਿੰਦਰ ਮਾਨ
ਬਠਿੰਡਾ, 24 ਸਤੰਬਰ: ਭ੍ਰਿਸ਼ਟਾਚਾਰੀਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ ਬੀਤੀ ਰਾਤ ਇਕ ਵੱਡੀ ਕਾਰਵਾਈ ਕਰਦਿਆਂ ਸੇਲ ਟੈਕਸ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਦਿੱਲੀ ਤੋਂ ਦੋ ਨੰਬਰ ਵਿੱਚ ਮਾਲ ਲਿਆਉਣ ਵਾਲੇ ਇਕ ਟਰਾਂਸਪੋਟਰ ਸਹਿਤ ਚਾਰ ਜਣਿਆਂ ਨੂੰ ਕਾਬੂ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਇਸ ਮਾਮਲੇ ਵਿਚ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਪਰਚੇ ਚ ਐਕਸਾਈਜ਼ ਅਤੇ ਸੇਲ ਟੈਕਸ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਜੱਗ ਜ਼ਾਹਰ ਕਰਦਿਆਂ ਆਉਣ ਵਾਲੇ ਦਿਨਾਂ ਵਿਚ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾਉਣ ਵਾਲੀਆਂ ਵੱਡੀਆਂ ਮੱਛੀਆਂ ਨੂੰ ਕਾਬੂ ਕਰਨ ਦੀ ਵਿਉਂਤਬੰਦੀ ਕਰ ਲਈ ਹੈ।ਵਿਜੀਲੈਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਭਰੋਸੇਯੋਗ ਸੂਤਰਾਂ ਰਾਹੀਂ ਜਾਣਕਾਰੀ ਹਾਸਲ ਹੋ ਰਹੀ ਸੀ ਕਿ ਹਰਿਆਣਾ ਦਿੱਲੀ ਸਾਈਡ ਤੋਂ ਸਥਾਨਕ ਸਹਿਰ ਵਿੱਚ ਰਹਿਣ ਵਾਲਾ ਇੱਕ ਟ੍ਰਾਂਸਪੋਟਰ ਜਗਸੀਰ ਸਿੰਘ ਅਤੇ ਉਸਦਾ ਲੜਕਾ ਮਨਦੀਪ ਸਿੰਘ ਆਪਣੀ ਦਿੱਲੀ ਮਾਲਵਾ ਟਰਾਂਸਪੋਰਟ ਰਾਹੀਂ ਬਿਨ੍ਹਾਂ ਬਿੱਲਾਂ ਤੋਂ ਗੱਡੀਆਂ ਰਾਹੀਂ ਸਮਾਨ ਲੁਕਾ ਛੁਪਾ ਕੇ ਸਰਕਾਰ ਦਾ ਟੈਕਸ ਚੋਰੀ ਕਰ ਰਹੇ ਹਨ ਅਤੇ ਇਸ ਗੌਰਖਧੰਦੇ ਵਿੱਚ ਐਕਸਾਈਜ ਅਤੇ ਟੈਕਸਟੇਸ਼ਨ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਵੀ ਮਿਲੀਭੁਗਤ ਹੈ। ਅਜਿਹਾ ਕਰਕੇ ਸਰਕਾਰੀ ਕਰਮਚਾਰੀ/ਅਧਿਕਾਰੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਪ੍ਰਾਈਵੇਟ ਵਿਅਕਤੀਆਂ ਪਾਸੋਂ ਆਪਣੇ ਨਿੱਜੀ ਫਾਇਦੇ ਦੇ ਲਈ ਕੁਰੱਪਸ਼ਨ ਦੇ ਪੈਸੇ ਹਾਸਲ ਕਰਦੇ ਹਨ।ਇਸ ਇਤਲਾਹ ਦੇ ਆਧਾਰ ‘ਤੇ ਬੀਤੀ ਰਾਤ ਵਿਜੀਲੈਂਸ ਦੇ ਡੀਐਸਪੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਤਿੰਨ ਪੁਲਿਸ ਚੈਕਿੰਗ ਪਾਰਟੀਆਂ ਬਣਾ ਕੇ ਗੱਡੀ ਨੰਬਰ DL 16E 0476 ਮਾਰਕਾਂ ਕੈਂਟਰ ਡਰਾਈਵਰ ਸੰਜੇ ਕੁਮਾਰ ਵਾਸੀ ਪਿੰਡ ਕਾਵੇਲੀ ਤਹਿਸੀਲ ਬਦਲਾਪੁਰ ਜਿਲ੍ਹਾ ਜੌਨਪੁਰ (ਉੱਤਰਪ੍ਰਦੇਸ਼), ਗੱਡੀ ਨੰਬਰ PB 03BH 6582 ਮਾਰਕਾਂ ਕੈਂਟਰ ਡਰਾਈਵਰ ਗੁਰਦਾਸ ਸਿੰਘ ਵਾਸੀ ਪਿੰਡ ਬਲਾਹੜ ਵਿੰਝੂ ਜਿਲ੍ਹਾ ਬਠਿੰਡਾ ਅਤੇ ਗੱਡੀ ਨੰਬਰ HR 57A 8522 ਮਾਰਕਾਂ ਕੈਂਟਰ ਡਰਾਈਵਰ ਜਗਸੀਰ ਸਿੰਘ ਵਾਸੀ ਪਿੰਡ ਸਿਕੰਦਰਪੁਰ ਖੇੜ ਤਹਿਸੀਲ ਤੇ ਜਿਲ੍ਹਾ ਸਿਰਸਾ (ਹਰਿਆਣਾ) ਅਤੇ ਪਾਸਰ ਰਿੰਕੂ ਮਕਾਨ ਨੰਬਰ MCB 28 3023 ਗਲੀ ਨੰਬਰ (08 ਬਾਬਾ ਦੀਪ ਸਿੰਘ ਨਗਰ ਬਠਿੰਡਾ ਨੂੰ ਉਸਦੀ ਗੱਡੀ ਨੰਬਰ PB 03BA 653 ਲੀਵਾ ਰੋਕ ਕੇ ਸਰਕਾਰੀ ਗਵਾਹਾਂ ਨੂੰ ਨਾਲ ਲੈ ਕੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਗੱਡੀ ਨੰਬਰ HR 57A 8522 ਵਿੱਚ ਮੌਜੂਦ 172 ਨਗ ਬਿੱਲਾਂ ਅਨੁਸਾਰ ਪਾਏ ਗਏ ਅਤੇ 64 ਨਗ ਬਿਨ੍ਹਾਂ ਬਿਲਟੀ ਤੋਂ ਪਾਏ ਗਏ, ਗੱਡੀ ਨੰਬਰ PB 03BH 6582 ਦੀ ਭੌਤਿਕ ਪੜਤਾਲ ਤੋਂ 136 ਨਗ ਬਿੱਲਾਂ ਅਨੁਸਾਰ ਅਤੇ 05 ਨਗ ਬਿਨ੍ਹਾਂ ਬਿੱਲ ਬਿਲਟੀ ਤੋਂ ਪਾਏ ਗਏ ਅਤੇ ਗੱਡੀ ਨੰਬਰ DL 1GE 0476 ਦੀ ਭੌਤਿਕ ਪੜਤਾਲ ਤੋਂ 227 ਨਗ ਬਿੱਲਾਂ ਅਨੁਸਾਰ ਅਤੇ 02 ਨਗ ਬਿਨ੍ਹਾਂ ਬਿੱਲ ਬਿਲਟੀ ਤੋਂ ਪਾਏ ਗਏ। ਵਿਜੀਲੈਸ ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਥਿਤ ਦੋਸ਼ੀ ਟ੍ਰਾਂਸਪੋਟਰ ਵਪਾਰੀਆਂ ਤੇ ਸਬੰਧਤ ਵਿਭਾਗ ਦੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲਕੇ ਲੰਮੇ ਸਮੇਂ ਤੋਂ ਅਪਣੀਆਂ ਗੱਡੀਆਂ ਰਾਹੀਂ ਬਿਨਾਂ ਬਿੱਲ ਤੋਂ ਮਾਲ ਲਿਆ ਕੇ ਸਰਕਾਰ ਦਾ ਟੈਕਸ ਚੋਰੀ ਕਰ ਰਹੇ ਸਨ। ਇਸ ਵਿੱਚ ਸੇਲ ਟੈਕਸ ਅਤੇ ਮੋਬਾਇਲ ਵਿੰਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਵੀ ਭੂਮਿਕਾ ਵੀ ਸੱਕੀ ਜਾਪ ਰਹੀ ਹੈ, ਜਿਸਦੇ ਚੱਲਦੇ ਉਨ੍ਹਾਂ ਦੀ ਵੀ ਜਾਂਚ ਕੀਤੀ ਜਾਵੇਗੀ। ਵਿਜੀਲੈਸ ਅਧਿਕਾਰੀਆਂ ਨੇ ਦਸਿਆ ਕਿ ਟਰਾਂਸਪੋਰਟਰ ਦੇ ਪੁੱਤਰ ਮਨਦੀਪ ਸਿੰਘ, ਪਾਸਰ ਰਿੰਕੂ ਤੋਂ ਇਲਾਵਾ ਡਰਾਈਵਰ ਜਗਸੀਰ ਸਿੰਘ, ਗੁਰਦਾਸ ਸਿੰਘ ਅਤੇ ਸੰਜੇ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਟਰਾਂਸਪੋਰਟਰ ਜਗਸੀਰ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਵਿਰੁੱਧ ਅ/ਧ 7,13 ਪੀ.ਸੀ.ਐਕਟ 1988 (ਅਮੈਂਡਮੈਂਟ) 2018 ਅਤੇ 420, 120-ਬੀ ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਕਥਿਤ ਦੋਸ਼ੀਆਂ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।
Share the post "ਵਿਜੀਲੈਂਸ ਬਿਊਰੋ ਬਠਿੰਡਾ ਵਲੋਂ ਵੱਡੀ ਕਾਰਵਾਈ: ਸੇਲ ਟੈਕਸ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਦੋ ਨੰਬਰ ਵਿੱਚ ਮਾਲ ਲਿਆਉਣ ਵਾਲੇ ਕਾਬੂ "