ਸੁਖਜਿੰਦਰ ਮਾਨ
ਚੰਡੀਗੜ੍ਹ, 10 ਮਾਰਚ: ਸੂਬੇ ’ਚ ਪਹਿਲੀ ਵਾਰ ਇਤਿਹਾਸਕ ਜਿੱਤ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਇਸ ਲਹਿਰ ਨੇ ਕਈ ਨਵੇਂ ਰਿਕਾਰਡ ਬਣਾ ਦਿੱਤੇ ਹਨ। 20 ਫ਼ਰਵਰੀ ਨੂੰ ਹੋਈਆਂ ਇੰਨ੍ਹਾਂ ਚੋਣਾਂ ਵਿਚ ਮੈਦਾਨ ’ਚ ਨਿੱਤਰੇ ਹੋਏ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਹਿਤ ਤਿੰਨ ਸਾਬਕਾ ਮੁੱਖ ਮੰਤਰੀ ਚੋਣਾਂ ਵਿਚ ਹਾਰ ਗਏ ਹਨ। ਹਾਰਨ ਵਾਲਿਆਂ ਵਿਚ ਪੰਜ ਦਫ਼ਾ ਮੁੱਖ ਮੰਤਰੀ ਦੀ ਸਹੁੰ ਚੁੱਕਣ ਵਾਲੇ ਪ੍ਰਕਾਸ਼ ਸਿੰਘ ਬਾਦਲ, ਦੋ ਦਫ਼ਾ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਤੇ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਰਹੀ ਬੀਬੀ ਰਜਿੰਦਰ ਕੌਰ ਭੱਠਲ ਦਾ ਨਾਮ ਸ਼ਾਮਲ ਹਨ। ਵੱਡੀ ਗੱਲ ਇਹ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋ ਵਿਧਾਨ ਸਭਾ ਹਲਕਿਆਂ ਚਮਕੌਰ ਸਾਹਿਬ ਤੇ ਭਦੋੜ ਹਲਕੇ ਤੋਂ ਚੋਣ ਲੜ ਰਹੇ ਸਨ ਪ੍ਰੰਤੂ ਦੋਵਾਂ ਥਾਵਾਂ ’ਤੇ ਵੋਟਰਾਂ ਨੇ ਉਨ੍ਹਾਂ ਨੂੰ ਕਰਾਰੀ ਹਾਰ ਦਿੱਤੀ ਹੈ। ਦਸਣਾ ਬਣਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਕਾਲੀਆਂ ਦਾ ਗੜ੍ਹ ਮੰਨੇ ਜਾਂਦੇ ਲੰਬੀ ਵਿਧਾਨ ਸਭਾ ਹਲਕੇ ਤੋਂ 11357 ਵੋਟਾਂ ਦੇ ਅੰਤਰ ਨਾਲ ਪਹਿਲੀ ਵਾਰ ਚੋਣ ਲੜਣ ਵਾਲੇ ਗੁਰਮੀਤ ਸਿੰਘ ਖੁੱਡੀਆ ਹੱਥੋਂ ਹਾਰ ਗਏ ਹਨ। ਇਸੇ ਤਰ੍ਹਾਂ ਬੀਬੀ ਰਜਿੰਦਰ ਕੌਰ ਭੱਠਲ ਵੀ ਰਿਕਾਰਡਤੋੜ ਵੋਟਾਂ ਦੇ ਅੰਤਰ ਨਾਲ ਆਪ ਦੇ ਨਵੇਂ ਸਿਆਸੀ ਖਿਲਾੜੀ ਬਰਿੰਦਰ ਕੁਮਾਰ ਗੋਇਲ ਦੇ ਹੱਥੋਂ ਅਤੇ ਕੈਪਟਨ ਅਮਰਿੰਦਰ ਸਿੰਘ ਅਪਣੇ ਜੱਦੀ ਹਲਕੇ ਪਟਿਆਲਾ ਸ਼ਹਿਰੀ ਤੋਂ ਵੀ ਆਪ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਵੀ 19,873 ਵੋਟਾਂ ਨਾਲ ਹਰਾ ਦਿੱਤਾ ਹੈ। ਉਧਰ ਸੂਬੇ ’ਚ ਵਿਧਾਨ ਸਭਾ ਚੋਣਾਂ ਲੜ ਰਹੇ ਦੋ ਮੌਜੂਦਾ ਉਪ ਮੁੱਖ ਮੰਤਰੀਆਂ ਤੇ ਇੱਕ ਸਾਬਕਾ ਮੁੱਖ ਮੰਤਰੀ ਵਿਚੋਂ ਸਿਰਫ਼ ਇੱਕ ਮੌਜੂਦਾ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੀ ਵਿਧਾਨ ਸਭਾ ਚੋਣਾਂ ਦੀਆਂ ਮੁੜ ਪੋੜੀਆਂ ਚੜ੍ਹਣ ਵਿਚ ਕਾਮਯਾਬ ਹੋ ਸਕੇ ਹਨ। ਜਦੋਂਕਿ ਓਮ ਪ੍ਰਕਾਸ਼ ਸੋਨੀ ਤੇ ਸੁਖਬੀਰ ਸਿੰਘ ਬਾਦਲ ਵੀ ਆਪ ਉਮੀਦਵਾਰਾਂ ਹੱਥੋਂ ਮਾਤ ਖਾ ਗਏ ਹਨ। ਜੇਕਰ ਗੱਲ ਪਾਰਟੀਆਂ ਦੇ ਪ੍ਰਧਾਨਾਂ ਦੀ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮਿ੍ਰਤਸਰ ਪੂਰਬੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਾਲਬਾਦ ਹਲਕੇ ਤੋਂ ਹਾਰ ਗਏ ਹਨ। ਜਦੋਂ ਕਿ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੀ ਹਾਰ ਗਏ ਹਨ।ਹਾਲਾਂਕਿ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਇਕਲੌਤੀ ਸੀਟ ਜਿੱਤ ਕੇ ਅਪਣੀ ਤੇ ਪਾਰਟੀ ਦੀ ਇੱਜਤ ਬਚਾਉਣ ਵਿਚ ਸਫ਼ਲ ਹੋ ਗਏ ਹਨ।
Share the post "ਵਿਧਾਨ ਸਭਾ ਚੋਣਾਂ: ਪਹਿਲੀ ਵਾਰ ਮੌਜੂਦਾ ਮੁੱਖ ਮੰਤਰੀ ਤੇ ਤਿੰਨ ਸਾਬਕਾ ਮੁੱਖ ਮੰਤਰੀ ਹਾਰੇ"