ਸੁਖਜਿੰਦਰ ਮਾਨ
ਬਠਿੰਡਾ, 6 ਫ਼ਰਵਰੀ: ਕਾਂਗਰਸ ਦੀ ਟਿਕਟ ਨੂੰ ਲੈ ਕੇ ਚਰਚਾ ਵਿਚ ਆਏ ਬਠਿੰਡਾ ਦਿਹਾਤੀ ਹਲਕੇ ’ਚ ਚੋਣ ਮੁਕਾਬਲਾ ਰੌਚਕ ਹੁੰਦਾ ਜਾ ਰਿਹਾ ਹੈ। ਇਸ ਹਲਕੇ ’ਚ ਬੇਸ਼ੱਕ ਅਜਾਦ ਤੇ ਵੱਖ ਵੱਖ ਪਾਰਟੀਆਂ ਤੋਂ ਅੱਠ ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ ਪ੍ਰੰਤੂ ਹੁਣ ਤੱਕ ਸਿਆਸੀ ਮਾਹਰਾਂ ਵਲੋਂ ਕੱਢੇ ਵਿਸ਼ਲੇਸਣਾਂ ਮੁਤਾਬਕ ਮੁਕਾਬਲਾ ਕਾਂਗਰਸ ਬਨਾਮ ਆਪ ’ਚ ਬਣਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਅਕਾਲੀ ਦਲ ਦੇ ਉਮੀਦਵਾਰ ਪਿਛਲੇ ਕਈ ਮਹੀਨਿਆਂ ਤੋਂ ਇਸ ਹਲਕੇ ਵਿਚ ਮਿਹਨਤ ਕਰ ਰਹੇ ਹਨ ਪ੍ਰੰਤੂ ਹਲਕੇ ’ਚ ਉਨ੍ਹਾਂ ਦੀ ਪਕੜ ਹਾਲੇ ਮਜਬੂਤ ਬਣਨ ’ਚ ਸਮਾਂ ਲੱਗਦਾ ਦਿਖ਼ਾਈ ਦੇ ਰਿਹਾ ਹੈ। ਸੰਗਤ ਮੰਡੀ ਨੂੰ ਛੱਡ ਇਸ ਹਲਕੇ ਵਿਚ ਜਿਆਦਾਤਰ ਦਿਹਾਤੀ ਹਲਕਾ ਪੈਂਦਾ ਹੈ। ਇੱਥੇ ਦਸਣਾ ਬਣਦਾ ਹੈ ਕਿ ‘ਲੰਬੀ ਹਲਕੇ’ ਨਾਲ ਲੱਗਦੇ ਹਲਕਾ ਬਠਿੰਡਾ ਦਿਹਾਤੀ ਨੂੰ ਕਿਸੇ ਸਮੇਂ ਅਕਾਲੀਆਂ ਦਾ ਗੜ੍ਹ ਮੰਨਿਆਂ ਜਾਂਦਾ ਸੀ ਪ੍ਰੰਤੂ ਪਾਰਟੀ ਅੰਦਰ ਆਪਸੀ ਗੁੱਟਬੰਦੀ ਇਸ ਕਦਰ ਵਧਦੀ ਗਈ ਕਿ ਅਕਾਲੀਆਂ ਨੂੰ ਦਰਸ਼ਨ ਸਿੰਘ ਕੋਟਫੱਤਾ ਤੋਂ ਬਾਅਦ ਇੱਥੋਂ ਜਿੱਤ ਨਸ਼ੀਬ ਨਹੀਂ ਹੋਈ, ਜਿੰਨ੍ਹਾਂ ਨੂੰ ਪਾਰਟੀ ਨੇ ਭੁੱਚੋਂ ਮੰਡੀ ਹਲਕੇ ਵਿਚ ਭੇਜਿਆ ਹੋਇਆ ਹੈ। ਉਜ ਗੁੱਟਬੰਦੀ ਦੇ ਮਾਮਲੇ ਵਿਚ ਕਾਂਗਰਸ ਵੀ ਕੋਈ ਘੱਟ ਨਹੀਂ ਤੇ ਇੱਥੋਂ ਲਾਡੀ ਬਨਾਮ ਮਨਪ੍ਰੀਤ ਖੇਮਿਆ ਵਿਚ ਵੰਡੀ ਹੋਈ ਹੈ ਪ੍ਰੰਤੂ ਲਾਡੀ ਦੀ ਸਰੀਫ਼ਗੀ ਤੇ ਉਨ੍ਹਾਂ ਨਾਲ ਹੋਏ ਧੱਕੇ ਦੀ ਬਦੌਲਤ ਉਹ ਲੋਕਾਂ ਦੀਆਂ ਦਿਲਾਂ ਵਿਚ ਜਗ੍ਹਾਂ ਬਣਾਉਂਦੇ ਨਜ਼ਰ ਆ ਰਹੇ ਹਨ। ਗੌਰਤਲਬ ਹੈ ਕਿ ਲਾਡੀ ਦੇ ਵਿਰੋਧ ’ਚ ਖੜਾ ਮਨਪ੍ਰੀਤ ਧੜਾ ਬਠਿੰਡਾ ਦਿਹਾਤੀ ਦੀ ਬਜਾਏ ਬਠਿੰਡਾ ਸ਼ਹਿਰੀ ਹਲਕੇ ਵਿਚ ਚੋਣ ਮੁਹਿੰਮ ਚਲਾ ਰਿਹਾ ਹੈ। ਚਰਚਾ ਤਾਂ ਇਹ ਵੀ ਹੈ ਕਿ ਉਕਤ ਧੜੇ ਦੇ ਕੁੱਝ ਆਗੂਆਂ ਵਲੋਂ ਵਿਰੋਧੀਆਂ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ, ਜਿਸਦਾ ਦਾਅਵਾ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਵਲੋਂ ਵੀ ਖੁੱਲੇਆਮ ਕੀਤਾ ਜਾ ਚੁੱਕਿਆ ਹੈ। ਉਧਰ ਚੋਣ ਰਾਜਨੀਤੀ ਵਿਚ ਅੰਦਰੋਂ ‘ਮਾਹਰ’ ਤੇ ਉਪਰੋਂ ‘ਭੋਲੇ’ ਮੰਨੇ ਜਾਣ ਵਾਲੇ ਆਪ ਉਮੀਦਵਾਰ ਅਮਿਤ ਰਤਨ ਵੀ ਅੰਦਰੋਂ-ਅੰਦਰੀਂ ਵਿਰੋਧੀਆਂ ਨੂੰ ਖ਼ੋਰਾ ਲਗਾਉਂਦੇ ਨਜ਼ਰ ਆ ਰਹੇ ਹਨ। ਹਾਲਾਂਕਿ ਉਨ੍ਹਾਂ ਦੀ ਪਾਰਟੀ ਆਪ ਵੀ ਪਿਛਲੇ ਜਿੱਤੇ ਉਮੀਦਵਾਰ ਦੁਆਰਾ ਧੋਖਾ ਦੇਣ ਕਾਰਨ ਨਿਰਾਸ਼ ਦਿਖ਼ਾਈ ਦੇ ਰਹੀ ਹੈ ਪਰ ਪਹਿਲਾਂ ਦੀ ਤਰ੍ਹਾਂ ਮਾਲਵਾ ਪੱਟੀ ’ਚ ਆਪ ਦੇ ਵਧਦੇ ਪ੍ਰਭਾਵ ਦਾ ਵੀ ਫ਼ਾਈਦਾ ਇਸ ਉਮੀਦਵਾਰ ਨੂੰ ਹੁੰਦਾ ਦਿਖ਼ਾਈ ਦੇ ਰਿਹਾ ਹੈ। ਚਰਚਾ ਮੁਤਾਬਕ ਆਉਣ ਵਾਲੇ ਦੋ ਹਫ਼ਤੇ ਇਸ ਹਲਕੇ ’ਚ ਜਿੱਤ ਦਾ ਪ੍ਰਚਮ ਲਹਿਰਾਉਣ ਦੀ ਕੋਸ਼ਿਸ਼ ਵਿਚ ਜੁਟੀਆਂ ਤਿੰਨਾਂ ਹੀ ਪ੍ਰਮੁੱਖ ਪਾਰਟੀਆਂ ਲਈ ਮਹੱਤਵਪੂਰਨ ਰਹਿਣ ਵਾਲੇ ਹਨ। ਉਜ ਸਿਆਸੀ ਮਾਹਰਾਂ ਦਾ ਦਾਅਵਾ ਹੈ ਕਿ ਜੇਕਰ ਤਿੰਨਾਂ ਹੀ ਪਾਰਟੀਆਂ ਦੇ ਅੰਦਰੂਨੀ ‘ਵਿਭੀਸ਼ਣਾਂ’ ਨੇ ਅਪਣਾ ਧਰਮ ਨਿਭਾਇਆ ਤਾਂ ਨਤੀਜ਼ੇ ਹੈਰਾਨੀਜਨਕ ਸਾਹਮਣੇ ਆ ਸਕਦੇ ਹਨ।
ਵਿਧਾਨ ਸਭਾ ਚੋਣਾਂ: ਬਠਿੰਡਾ ਦਿਹਾਤੀ ’ਚ ਲਾਡੀ ਤੇ ਅਮਿਤ ਰਤਨ ’ਚ ਬਣੀ ਟੱਕਰ
5 Views