30 ਸਾਲ ਤੋਂ ਉਪਰ ਹਰੇਕ ਵਿਅਕਤੀ ਸਾਲ ਵਿੱਚ ਦੋ ਵਾਰ ਆਪਣੇ ਸ਼ੂਗਰ ਅਤੇ ਬੀ. ਪੀ. ਦੀ ਜਾਂਚ ਜਰੂਰ ਕਰਵਾਉਣ:- ਜਗਤਾਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ।
ਸੁਖਜਿੰਦਰ ਮਾਨ
ਬਠਿੰਡਾ, 27 ਅਪ੍ਰੈਲ: ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਗੈਰ ਸੰਚਾਰੀਆਂ ਬਿਮਾਰੀਆਂ ਸੰਬੰਧੀ ਜਾਗਰੂਕ ਕਰਨ ਲਈ ਮਾਨਯੋਗ ਸਿਹਤ ਮੰਤਰੀ ਪੰਜਾਬ ਡਾ. ਵਿਜੇ ਸਿੰਗਲਾ ਵੱਲੋਂ ਮਿਤੀ 07-04-2022 ਨੂੰ ਮੁਹਾਲੀ ਤੋਂ 3 ਜਾਗਰੂਕਤਾ ਵੈਨ ਨੂੰ ਰਵਾਨਾ ਕੀਤਾ ਗਿਆ।ਇਸ ਲੜੀ ਤਹਿਤ ਅੱਜ ਸਿਹਤ ਵਿਭਾਗ ਬਠਿੰਡਾ ਵੱਲੋਂ ਪਹੁੰਚੀ ਜਾਗਰੂਕਤਾ ਵੈਨ ਨੂੰ ਸਿਵਲ ਸਰਜਨ ਬਠਿੰਡਾ ਡਾ. ਬਲਵੰਤ ਸਿੰਘ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੁਪਮਾ ਸ਼ਰਮਾ, ਜ਼ਿਲ੍ਹਾ ਸਿਹਤ ਅਫਸਰ ਡਾ. ਊਸ਼ਾ ਗੋਇਲ, ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਐਪੀਡਿਮਾਲੋਜਿਸਟ ਡਾ. ਮਯੰਕ ਜ਼ੋਤ ਸਿੰਘ , ਡਾ. ਪੁਨੀਤ , ਡਾ. ਮੁਨੀਸ਼ ਗੁਪਤਾ, ਸੁਪਰਡੈਂਟ ਮੱਖਣ ਸਿੰਘ ,ਐਫ.ਐਲ.ਓ. ਸਚਿਨ ਕੁਮਾਰ ਹਾਜ਼ਰ ਸਨ । ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਅੰਦਰ ਇਹ ਵੈਨ ਮਿਤੀ 27-04-22 ਅਤੇ 28-04-2022 ਨੂੰ ਸਿਹਤ ਬਲਾਕ ਨਥਾਣਾਂ ਅਤੇ ਗੋਨਿਆਣਾ ਅੰਦਰ ਲੋਕਾਂ ਨੂੰ ਵੱਖ ਵੱਖ ਪਿੰਡਾਂ ਵਿੱਚ ਜਾਕੇ ਗੈਰ ਸੰਚਾਰੀ ਬਿਮਾਰੀਆਂ ਜ਼ਿਵੇਂ( ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਕੈਂਸਰ ) ਆਦਿ ਸੰਬੰਧੀ ਜਾਗਰੂਕ ਕਰੇਗੀ । ਉਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾਂ ਅਨੁਸਾਰ ਸ਼ੂਗਰ ਦੇ ਸਭ ਤੋਂ ਵੱਧ ਮਾਮਲੇ ਭਾਰਤ ਵਿੱਚ ਹਨ। ਸਮਾਜ ਵਿੱਚ ਸ਼ੂਗਰ ਦੀ ਬਿਮਾਰੀ ਦਿਨ ਪ੍ਰਤੀ ਦਿਨ ਵਧ ਰਹੀ ਹੈ। ਜਿਸ ਦਾ ਮੁੱਖ ਕਾਰਣ ਸਾਡੇ ਖਾਣ ਪੀਣ ਦੀਆਂ ਮਾੜੀਆਂ ਆਦਤਾ, ਮੋਟਾਪਾ, ਖਾਨਦਾਨੀ ਸ਼ੂਗਰ, ਜ਼ਿਆਦਾ ਬਲੱਡ ਪ੍ਰੈਸ਼ਰ ਰਹਿਣਾ, ਕਸਰਤ ਨਾ ਕਰਨਾ, ਸੰਤੁਲਿਤ ਭੋਜਨ ਨਾ ਲੈਣਾ, ਜੀਵਨ ਵਿੱਚ ਤਨਾਅ ਦਾ ਹੋਣਾ, ਸਮੇਂ ਸਿਰ ਭੋਜਨ ਨਾ ਲੈਣਾ, ਤੰਬਾਕੂਨੋਸ਼ੀ ਅਤੇ ਸ਼ਰਾਬ ਦਾ ਇਸਤੇਮਾਲ ਆਦਿ ਕਾਰਨ ਹਨ। ਉਹਨਾ ਦੱਸਿਆ ਕਿ ਸ਼ੂਗਰ ਦੀ ਬਿਮਾਰੀ ਪੀੜੀ ਦਰ ਪੀੜੀ ਵੀ ਹੋਣ ਦੀ ਸੰਭਾਵਨਾ ਰਹਿੰਦੀ ਹੈ ਪ੍ਰੰਤੂ ਇਸ ਸਬੰਧੀ ਜਾਗਰੂਕ ਰਹਿ ਕੇ ਅਤੇ ਪ੍ਰਹੇਜ਼ ਨਾਲ ਬਚਿਆ ਜਾ ਸਕਦਾ ਹੈ। ਜੇਕਰ ਕਿਸੇ ਵੀ ਮਨੁੱਖ ਨੂੰ ਵਾਰ ਵਾਰ ਪਿਸ਼ਾਬ ਆਵੇ, ਅਚਾਨਕ ਭਾਰ ਘੱਟ ਜਾਵੇ, ਵਾਰ ਵਾਰ ਪਿਆਸ ਲੱਗੇ, ਬਹੁਤ ਜ਼ਿਆਦਾ ਭੁੱਖ ਲੱਗੇ, ਹੱਥਾ ਪੈਰ ਸੁੰਨ ਹੋਣ, ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਵੇ, ਚਮੜੀ ਅਤੇ ਪਿਸ਼ਾਬ ਨਾਲੀ ਵਿੱਚ ਵਾਰ ਵਾਰ ਇਨਫੈਕਸ਼ਨ ਹੋਵੇ ਤਾਂ ਨੇੜੇ ਦੇ ਸਿਹਤ ਸੰਸਥਾ ਤੋਂ ਆਪਣੇ ਸ਼ੂਗਰ ਸਬੰਧੀ ਟੈਸਟ ਕਰਵਾਉਣੇ ਚਾਹੀਦੇ ਹਨ। ਇਸ ਬਿਮਾਰੀ ਦੇ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨ.ਸੀ.ਡੀ. ਪ੍ਰੋਗ੍ਰਾਮ ਅਧੀਨ 30 ਸਾਲ ਤੋਂ ਉਪਰ ਹਰੇਕ ਵਿਅਕਤੀ ਦੇ ਸਾਲ ਵਿੱਚ ਇੱਕ ਵਾਰ ਸਰੀਰ ਦੇ ਜਰੂਰੀ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਉਹਨਾਂ ਆਮ ਲੋਕਾਂ ਨੁੰ ਅਪੀਲ ਕੀਤੀ ਕਿ ਕਿਸੇ ਵੀ ਕੰਮ ਵਾਲੇ ਦਿਨ ਸਰਕਾਰੀ ਹਸਪਤਾਲਾਂ ਅਤੇ ਸੀ.ਐਚ.ਸੀ. ਤੇ ਆਪਣੀ ਜਾਂਚ ਜਰੂਰ ਕਰਵਾਉਣ। ਸ਼ੂਗਰ ਦੀ ਬਿਮਾਰੀ ਤੋਂ ਬਚਣ ਲਈ ਸਿਹਤਮੰਦ ਭੋਜਨ ਲਵੋ, ਹਰੀਆਂ ਸਬਜੀਆਂ ਅਤੇ ਫਲਾਂ ਦੀ ਜ਼ਿਆਦਾ ਵਰਤੋਂ ਕਰੋ, ਚਰਬੀ ਵਾਲੇ ਭੋਜਨ ਦਾ ਘੱਟ ਇਸਤੇਮਾਲ ਕਰੋ, ਪਿਆਸ ਲੱਗਣ ਤੇ ਮਿੱਠੇ ਪਦਾਰਥਾ ਦੀ ਥਾਂ ਤੇ ਪਾਣੀ ਦਾ ਇਸਤੇਮਾਲ ਕਰੋ, ਰੋਜ਼ਾਨਾ ਸੈਰ ਅਤੇ ਕਸਰਤ ਕਰੋ, ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਨਾ ਕਰੋ, ਦਿਮਾਗੀ ਪ੍ਰੇਸ਼ਾਨੀ ਤੋਂ ਬਚੋ, ਆਦਰਸ਼ ਸਰੀਰਕ ਵਜ਼ਨ ਕਾਇਮ ਰੱਖ ਕੇ ਅਸੀਂ ਇਸ ਬਿਮਾਰੀ ਤੋਂ ਬਚ ਸਕਦੇ ਹਾਂ। ਇਸ ਮੌਕੇ ਬੀ.ਈ.ਈ. ਪਵਨਜੀਤ ਕੌਰ, ਗਗਨਦੀਪ ਸਿੰਘ ਭੁੱਲਰ , ਬਲਦੇਵ ਸਿੰਘ ਅਤੇ ਐਨ.ਸੀ.ਡੀ. ਸਟਾਫ ਹਾਜ਼ਰ ਸੀ।
Share the post "ਵਿਸ਼ਵ ਸਿਹਤ ਸੰਸਥਾ ਅਨੁਸਾਰ ਸ਼ੂਗਰ ਦੇ ਸਭ ਤੋਂ ਵੱਧ ਮਾਮਲੇ ਭਾਰਤ ਵਿੱਚ – ਸਿਵਲ ਸਰਜਨ"