ਗ੍ਰਹਿ ਵਿਭਾਗ ਵਲੋਂ ਜਾਂਚ ਤੋਂ ਬਾਅਦ ਬਠਿੰਡਾ ਦੇ ਇੰਸਪੈਕਟਰ ਸਹਿਤ ਪੰਜ ਮੁਲਾਜਮਾਂ ਨੂੰ ਮੁਅੱਤਲ ਕਰਨ ਦੇ ਹੁਕਮ
ਵਿਭਾਗੀ ਜਾਂਚ ਵੀ ਖੁੱਲੇਗੀ, ਕਈ ਉੱਚ ਅਧਿਕਾਰੀਆਂ ਦੇ ਨਾਂ ਵੀ ਸਾਹਮਣੇ ਆਉਣ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 2 ਜੂਨ: ਬਠਿੰਡਾ ’ਚ ਗਣਤੰਤਰਾ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਤੋਂ ਮਹਿਜ਼ ਇੱਕ ਦਿਨ ਪਹਿਲਾਂ ਚੰਡੀਗੜ੍ਹ ਤੋਂ ਫ਼ੜ ਕੇ ਲਿਆਂਦੇ ਪ੍ਰਭਾਵਸ਼ਾਲੀ ਮੁਜਰਿਮਾਂ ਨੂੰ ‘ਵੱਡੇ ਸਾਹਿਬਾਂ’ ਦੇ ਦਬਾਅ ਹੇਠ ਆ ਕੇ ਛੱਡਣ ਵਾਲੇ ਬਠਿੰਡਾ ਪੁਲਿਸ ਦੇ ਇੱਕ ਸੀਨੀਅਰ ਇੰਸਪੈਕਟਰ ਸਹਿਤ ਪੰਜ ਮੁਲਾਜਮ ਬੁਰੀ ਤਰ੍ਹਾਂ ਫ਼ਸ ਗਏ ਹਨ। ਇਸ ਮਾਮਲੇ ਵਿਚ ਹੋਈ ਉੱਚ ਪੱਧਰੀ ਜਾਂਚ ਤੋਂ ਬਾਅਦ ਸੂਬੇ ਦੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਵਲੋਂ ਡੀਜੀਪੀ ਗੌਰਵ ਯਾਦਵ ਨੂੰ ਇੱਕ ਪੱਤਰ (ਮੀਮੋ ਨੰਬ 8/22/23-3ਗ3/3010 ਮਿਤੀ 30-5-2023) ਲਿਖਕੇ ਤੁਰੰਤ ਇੰਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਇੰਨ੍ਹਾਂ ਵਿਰੁਧ ਮੁਜਰਮਾਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਅਪਣੇ ਅਹੁਦੇ ਦੀ ਗਲਤ ਵਰਤੋਂ ਕਰਕੇ ਉਨ੍ਹਾਂ ਨੂੰ ਗੈਰ ਕਾਨੂੰਨੀ ਲਾਭ ਪਹੁੰਚਾਉਣ ਦੇ ਮਾਮਲੇ ਵਿਚ ਵਿਭਾਗੀ ਕਾਰਵਾਈ ਖੋਲਣ ਲਈ ਕਿਹਾ ਹੈ। ਇੰਨ੍ਹਾਂ ਪੁਲਿਸ ਕਰਮਚਾਰੀਆਂ ਵਿਚ ਤਤਕਾਲੀ ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਸਰਾਂ, ਥਾਣੇਦਾਰ ਗੁਰਦਿੱਤ ਸਿੰਘ, ਹੌਲਦਾਰ ਮਹੇਸ਼ਇੰਦਰ ਸਿੰਘ, ਹੌਲਦਾਰ ਹਰਦੇਵ ਸਿੰਘ ਤੇ ਮਹਿਲਾ ਪੁਲਿਸ ਮੁਲਾਜਮ ਦਵਿੰਦਰ ਕੌਰ ਦੇ ਨਾਂ ਸ਼ਾਮਲ ਹਨ। ਬਠਿੰਡਾ ਦੇ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਇਸ ਸਬੰਧੀ ਪੱਤਰ ਜਾਰੀ ਹੋਣ ਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਹਾਲੇ ਤੱਕ ਅਧਿਕਾਰਤ ਤੌਰ ’ਤੇ ਉਨ੍ਹਾਂ ਕੋਲ ਮਾਮਲੇ ਦੀ ਫ਼ਾਈਲ ਨਹੀਂ ਪੁੱਜੀ, ਜਿਸਦੇ ਚੱਲਦੇ ਇਹ ਫਾਈਲ ਪੁੱਜਣ ਤੋਂ ਬਾਅਦ ਅਗਲੇਰੀ ਕਾਰਵਾਈ ਹੋਵੇਗੀ। ’’ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ (ਜਿੰਨ੍ਹਾਂ ਕੋਲ ਗ੍ਰਹਿ ਵਿਭਾਗ ਦਾ ਵਿਭਾਗ ਵੀ ਹੈ) ਨੇ ਇਸ ਮਾਮਲੇ ਪ੍ਰਤੀ ਗੰਭੀਰਤਾ ਦਿਖ਼ਾਈ ਤਾਂ ਇਸ ਮਾਮਲੇ ਵਿਚ ਇੱਕ ਏਡੀਜੀਪੀ, ਇੱਕ ਐਸ.ਐਸ.ਪੀ ਰੈਂਕ ਦਾ ਅਧਿਕਾਰੀ ਅਤੇ ਇੱਕ ਸੀਨੀਅਰ ਆਈ.ਏ.ਐਸ ਅਧਿਕਾਰੀ ਸਹਿਤ ਇੱਕ ਸਾਬਕਾ ਉਚ ਪੁਲਿਸ ਅਧਿਕਾਰੀ ਦਾ ਪੁੱਤਰ ਵੀ ਕੁੜਿੱਕੀ ਵਿਚ ਆ ਸਕਦਾ ਹੈ ਕਿਉਕਿ ਸਿਕਾਇਤਕਰਤਾ ਵਲੋਂ ਇਕੱਤਰ ਕੀਤੇ ਤੱਥਾਂ ਵਿਚ ਇੰਨ੍ਹਾਂ ਦੇ ਨਾਂ ਵੀ ਬੋਲਦੇ ਹਨ। ਪਤਾ ਚੱਲਿਆ ਹੈ ਕਿ ਗ੍ਰਹਿ ਵਿਭਾਗ ਦੇ ਹੁਕਮਾਂ ’ਤੇ ਇੱਕ ਆਈਪੀਐਸ ਅਧਿਕਾਰੀ ਵਲੋਂ ਕੀਤੀ ਜਾਂਚ ਦੌਰਾਨ ਉਕਤ ਪ੍ਰਭਾਵਸ਼ਾਲੀ ਅਧਿਕਾਰੀਆਂ ਵਲੋਂ ਇੰਸਪੈਕਟਰ ਅਤੇ ਉਸਦੇ ਸਾਥੀਆਂ ਨੂੰ ਉਸ ਦਿਨ ਤੇ ਰਾਤ ਨੂੰ ਦਰਜ਼ਨਾਂ ਫ਼ੋਨ ਕਾਲਾਂ ਕੀਤੀਆਂ ਹੋਈਆਂ ਹਨ, ਜਿਹੜੀਆਂ ਸ਼ੱਕ ਪੈਦਾ ਕਰਦੀਆਂ ਹਨ। ਇਸ ਮਾਮਲੇ ਵਿਚ ਇੰਨ੍ਹਾਂ ਵਿਰੁਧ ਕਾਰਵਾਈ ਕਰਵਾਉਣ ਲਈ ਸਿਕਾਇਤਕਰਤਾ ਨੇ ਤਿਆਰੀਆਂ ਖਿੱਚ ਲਈਆਂ ਹਨ, ਕਿਉਂਕਿ ਉਸਦੇ ਕੋਲ ਨਾ ਸਿਰਫ਼ ਹਰਿਆਣਾ ਦੇ ਪੰਚਕੂਲਾ ਵਿਚ ਮੁਜਰਮਾਂ ਦੀਆਂ ਹੋਈਆਂ ਗ੍ਰਿਫਤਾਰੀਆਂ ਦੀ ਵੀਡੀਓ ਹੈ, ਬਲਕਿ ਮੁਜਰਮਾਂ ਨੂੰ ਬਨੂੜ ਕੋਲ ਇਕ ਢਾਬੇ ਵਿਚ ਖਾਣਾ ਖਵਾਉਣ ਅਤੇ ਥਾਣੇ ਲਿਆਉਣ ਤੋਂ ਬਾਅਦ ਬਠਿੰਡਾ ਸ਼ਹਿਰ ਦੇ ਇੱਕ ਚਾਰ ਤਾਰਾਂ ਹੋਟਲ ਵਿਚ ਠਹਿਰਾਉਣ ਦੀਆਂ ਸੀਸੀਟੀਵੀ ਫੁਟੇਜ ਵੀ ਮੌਜੂਦ ਹੈ। ਮਾਮਲਾ ਕੁੱਝ ਇਸ ਤਰ੍ਹਾਂ ਦਾ ਹੈ ਕਿ ਸਾਲ 2012 ਵਿਚ ਅਕਾਲੀ ਸਰਕਰ ਦੇ ਸਮੇਂ ਕੁੱਝ ਲੋਕਾਂ ਵਲੋਂ ਪਿੰਡ ਮਹਿਤਾ ’ਚ ਪਨਸਪ ਦੇ ਅਨਾਜ ਗੋਦਾਮ ਬਣਾਏ ਸਨ। ਇੰਨ੍ਹਾਂ ਗੋਦਾਮਾਂ ਨੂੰ ਬਣਾਉਣ ਸਮੇਂ ਬਠਿੰਡਾ ਸ਼ਹਿਰ ਦੇ ਪ੍ਰਮੁੱਖ ਸਿਆਸੀ ਆਗੂ ਅਨਿਲ ਭੋਲਾ ਦੇ ਖੇਤ ਨੂੰ ਜਾਂਦਾ ਪੱਕਾ ਖ਼ਾਲਾ ਬੰਦ ਕਰ ਦਿੱਤਾ , ਜਿਸ ਕਾਰਨ ਖੇਤਾਂ ਨੂੰ ਪਾਣੀ ਲੱਗਣੋਂ ਬੰਦ ਹੋ ਗਿਆ। ਸਿਕਾਇਤਕਰਤਾ ਮੁਤਾਬਕ ਇੰਨ੍ਹਾਂ ਗੋਦਾਮਾਂ ਨੂੰ ਬਣਾਉਣ ਵਾਲਿਆਂ ਦੇ ਪਿੱਛੇ ਇੱਕ ਸੀਨੀਅਰ ਆਈ.ਏ.ਐਸ ਅਧਿਕਾਰੀ ਤੇ ਇੱਕ ਸਾਬਕਾ ਪੁਲਿਸ ਅਫ਼ਸਰ ਦੇ ਬੇਟੇ ਦੀ ਤਾਕਤ ਸੀ, ਜਿਸਦੇ ਚੱਲਦੇ ਉਸ ਵਲੋਂ ਖਾਲ ਨੂੰ ਦੁਬਾਰਾ ਚਾਲੂ ਕਰਨ ਦੀ ਮੰਗ ਨੂੰ ਅਣਗੋਲਿਆ ਕਰ ਦਿੱਤਾ ਗਿਆ। ਜਿਸ ਕਾਰਨ ਉਸ ਵਲੋਂ ਇਸਦੀ ਸਿਕਾਇਤ ਨਹਿਰੀ ਵਿਭਾਗ ਕੋਲ ਕੀਤੀ ਗਈ। ਵਿਭਾਗ ਦੇ ਬਠਿੰਡਾ ਵਿਖੇ ਤੈਨਾਤ ਤਤਕਾਲੀ ਐਕਸੀਅਨ ਨਿਰਮਲ ਸਿੰਘ ਬਰਾੜ ਕੋਲ ਇਸਦੀ ਸਿਕਾਇਤ ਕੀਤੀ ਗਈ, ਜਿਸਦੀ ਜਾਂਚ ਵਿਚ ਇਹ ਖ਼ਾਲ ਬੰਦ ਕਰਨਾ ਸਿੱਧ ਹੋ ਗਿਆ। ਇਸ ਮਾਮਲੇ ਦੀ ਇੱਕ ਏਡੀਸੀ ਵਲੋਂ ਵੀ ਪੜਤਾਲ ਕੀਤੀ ਗਈ। ਪਰ ਮੁੜ ਖਾਲ ਚਾਲੂ ਨਾ ਕਰਨ ਦੇ ਚੱਲਦੇ ਉਸ ਵਲੋਂ ਉਚ ਅਧਿਕਾਰੀਆਂ ਨੂੰ ਸਿਕਾਇਤ ਕੀਤੀ ਗਈ। ਇਸ ਸਿਕਾਇਤ ਦੀ ਹੋਈ ਉੱਚ ਪੱਧਰੀ ਜਾਂਚ ਤੋਂ ਬਾਅਦ ਥਾਣਾ ਸੰਗਤ ਵਿਖੇ ਪੌਣੀ ਦਰਜ਼ਨ ਦੇ ਕਰੀਬ ਵਿਅਕਤੀਆਂ, ਜਿੰਨ੍ਹਾਂ ਵਿਚ ਐਕਸੀਅਨ ਨਿਰਮਲ ਸਿੰਘ ਬਰਾੜ, ਐਸ.ਡੀ.ਓ ਸ਼ਮੀ ਸਿੰੰਗਲਾ, ਗੋਦਾਮ ਬਣਾਉਣ ਵਾਲੇ ਅਮਰ ਪ੍ਰਭੂ ਤੇ ਉਸਦੀ ਪਤਨੀ ਸਿਮਰਨ ਸਿੰਗਲਾ ਸਹਿਤ ਕਰੀਬ ਪੌਣੀ ਦਰਜ਼ਨ ਵਿਅਕਤੀਆਂ ਵਿਰੁਧ 29 ਜੂਨ 2013 ਨੂੰ ਮੁਕੱਦਮਾ ਨੰਬਰ 63 ਅਧੀਨ ਧਾਰਾ 167,430,465,466,467,471,120 ਬੀ ਅਤੇ ਅਧੀਨ ਧਾਰਾ 3 ਆਫ਼ ਪ੍ਰੋਵੈਸ਼ਨ ਆਫ਼ ਡੈਮੇਜ ਟੂ ਪਬਲਿਕ ਪ੍ਰੋਪਟੀ ਐਕਟ 1984 ਤਹਿਤ ਦਰਜ਼ ਕੀਤਾ ਗਿਆ। ਸਿਕਾਇਤਕਰਤਾ ਮੁਤਾਬਕ ਇਸ ਮਾਮਲੇ ਵਿਚ ਬਾਕੀ ਸਾਰੇ ਮੁਜਰਮ ਗ੍ਰਿਫਤਾਰ ਕਰ ਲਏ ਗਏ ਪ੍ਰੰਤੂ ਉੂਕਤ ਚਾਰਾਂ ਨੂੰ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਭਗੋੜਾ ਕਰਾਰ ਦੇ ਦਿੱਤਾ। ਪਰ ਪੁਲਿਸ ਦੀ ਕਾਰਵਾਈ ਢਿੱਲੀ ਰਹੀ। ਇਸ ਦੌਰਾਨ ਉਸਨੇ ਅਪਣੇ ਪੱਧਰ ’ਤੇ ਕਾਰਵਾਈ ਜਾਰੀ ਰੱਖੀ ਤੇ ਇੰਨ੍ਹਾਂ ਭਗੋੜਿਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਉਹ 24 ਜਨਵਰੀ 2023 ਨੂੰ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਹਰਿਆਣਾ ਦੇ ਪੰਚਕੂਲਾ ’ਚ ਪੁੱਜਿਆ, ਜਿੱਥੇ ਅਮਰ ਪ੍ਰਭੂ ਨੂੰ ਹਿਰਾਸਤ ਵਿਚ ਲੈ ਲਿਆ, ਜਿਸਦੀ ਰੀਪੋਰਟ ਹਰਿਆਣਾ ਪੁਲਿਸ ਦੇ ਮਨਸਾ ਦੇਵੀ ਕੰਪਲੈਕਸ ਥਾਣੇ ਵਿਚ ਵੀ ਪਾਈ ਗਈ। ਇਸਤੋਂ ਬਾਅਦ ਨਹਿਰੀ ਵਿਭਾਗ ਦੇ ਅਧਿਕਾਰੀ ਸਮੀ ਸਿੰਗਲਾ ਨੂੰ ਚੰਡੀਗੜ੍ਹ ਦੇ 18 ਸੈਕਟਰ ਤੋਂ ਹਿਰਾਸਤ ਵਿਚ ਲਿਆ ਗਿਆ ਤੇ ਦੋਨਾਂ ਨੂੰ ਥਾਣਾ ਸੰਗਤ ਵਿਖੇ ਲਿਆਂਦਾ ਗਿਆ ਪ੍ਰੰਤੂ ਇਸ ਦੌਰਾਨ ਕਿਸੇ ਦਬਾਅ ਹੇਠ ਆ ਕੇ ਇੰਨ੍ਹਾਂ ਮੁਜਰਮਾਂ ਦੀ ਗ੍ਰਿਫਤਾਰੀ ਪਾ ਕੇ ਥਾਣੇ ਵਿਚ ਰੱਖਣ ਦੀ ਬਜਾਏ ਪੁਲਿਸ ਟੀਮ ਉਨ੍ਹਾਂ ਨੂੰ ਬਠਿੰਡਾ ਸ਼ਹਿਰ ਦੇ ਬੀਬੀਵਾਲਾ ਰੋਡ ’ਤੇ ਸਥਿਤ ਇੱਕ ਆਲੀਸ਼ਾਨ ਹੋਟਲ ਵਿਚ ਲੈ ਆਈ, ਜਿੱਥੇ ਰਾਤ ਨੂੰ ਇੱਥੇ ਹੀ ਠਹਿਰਾਇਆ ਗਿਆ ਅਤੇ ਦੂਜੇ ਦਿਨ ਸਵੇਰੇ ਉਹ ਵਾਪਸ ਚਲੇ ਗਏ। ਸਿਕਾਇਤਕਰਤਾ ਨੇ ਦਸਿਆ ਕਿ ਇਸ ਸਬੰਧ ਵਿਚ ਉਸਦੇ ਕੋਲ ਸਾਰੇ ਸਬੂਤ ਸਨ ਤੇ ਪੁਲਿਸ ਦੀ ਇਸ ਕਾਰਵਾਈ ਦੇ ਵਿਰੁਧ ਉਨ੍ਹਾਂ ਮੁੱਖ ਮੰਤਰੀ ਨੂੰ ਸਿਕਾਇਤ ਕੀਤੀ ਸੀ ਕਿਉਂਕਿ ਗਣਤੰਤਰਾ ਦਿਵਸ ਮੌਕੇ ਝੰਡਾ ਲਹਿਰਾਉਣ ਲਈ 25 ਜਨਵਰੀ ਨੂੰ ਹੀ ਭਗਵੰਤ ਮਾਨ ਬਠਿੰਡਾ ਪੁੱਜ ਗਏ ਸਨ ਤੇ 24 ਜਨਵਰੀ ਦੀ ਰਾਤ ਨੂੰ ਪੁਲਿਸ ਨੇ ਇਹ ਕਾਰਵਾਈ ਕਰ ਦਿੱਤੀ। ਹੁਣ ਜਾਂਚ ਤੋਂ ਬਾਅਦ ਜਿੱਥੇ ਇੰਨ੍ਹਾਂ ਮੁਜਰਮਾਂ ਨੂੰ ਹਿਰਾਸਤ ਵਿਚ ਲੈਣ ਵਾਲੇ ਪੁਲਿਸ ਮੁਲਾਜਮਾਂ ਵਿਰੁਧ ਕਾਰਵਾਈ ਤਾਂ ਹੋ ਗਈ ਹੈ ਪ੍ਰੰਤੂ ਸਿਕਾਇਤਕਰਤਾ ਮੁਤਾਬਕ ਜਿੰਨ੍ਹਾਂ ਸਮਾਂ ਇੰਨ੍ਹਾਂ ਮੁਲਾਜਮਾਂ ਉਪਰ ਦਬਾਅ ਪਾਉਣ ਵਾਲੇ ਸੀਨੀਅਰ ਅਧਿਕਾਰੀਆਂ ਵਿਰੁਧ ਕਾਰਵਾਈ ਨਹੀਂ ਹੁੰਦੀ ਉਹ ਚੁੱਪ ਹੋ ਕੇ ਨਹੀਂ ਬੈਠਣਗੇ।
Share the post "ਵੱਡੇ ‘ਸਾਹਿਬਾਂ’ ਦੇ ਪ੍ਰਭਾਵ ਹੇਠ ਮੁਜਰਿਮਾਂ ਨੂੰ ਹਿਰਾਸਤ ’ਚ ਲੈਣ ਤੋਂ ਬਾਅਦ ਛੱਡਣ ਵਾਲੇ ਪੁਲਿਸ ਅਧਿਕਾਰੀ ਬੁਰੇ ਫ਼ਸੇ"