ਚਿੱਟਾ ਵੇਚਣ ਦਾ ਡਰਾਵਾ ਦੇ ਕੇ ਔਰਤ ਦੇ ਕੰਨਾਂ ਵਿਚੋਂ ਟਾਪਸ ਵੀ ਨਹੀਂ ਸਨ ਛੱਡੇ
ਸੁਖਜਿੰਦਰ ਮਾਨ
ਬਠਿੰਡਾ, 22 ਜੁਲਾਈ : ਬਠਿੰਡਾ ਦੇ ਸੀਆਈਏ-1 ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਅਪਣੇ ਹੀ ਮਹਿਕਮੇ ਦੇ ਇੱਕ ਹੌਲਦਾਰ ਤੇ ਹੋਮਗਾਰਡ ਜਵਾਨ ਸਹਿਤ ਅੱਧੀ ਦਰਜ਼ਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿੰਨ੍ਹਾਂ ਵਲੋਂ ਇੱਕ ਗਿਰੋਹ ਬਣਾ ਕੇ ਲੋਕਾਂ ਤੋਂ ਡਰਾ-ਧਮਕਾ ਕੇ ਪੈਸੇ ਬਟੋਰੇ ਜਾ ਰਹੇ ਸਨ। ਇਸ ਗਿਰੋਹ ਵਿਚ ਇੱਕ ‘ਚੋਰ’ ਵੀ ਸ਼ਾਮਲ ਹੈ, ਜਿਸਦੇ ਵਲੋਂ ਗੱਡੀਆਂ ਚੋਰੀ ਕਰਕੇ ਅੱਗੇ ਕਬਾੜੀਆਂ ਨੂੰ ਵੇਚ ਦਿੱਤੀਆਂ ਜਾਂਦੀਆਂ ਸਨ ਤੇ ਮੁੜ ਹੌਲਦਾਰ ਸਾਹਿਬ ਤੇ ਉਸਦਾ ਸਾਥੀ ਵਰਦੀ ਪਾ ਕੇ ਇਸ ਚੋਰ ਦੇ ਹੱਥਕੜੀ ਲਗਾ ਕੇ ਕਬਾੜੀਆਂ ਨੂੰ ਅੰਦਰ ਕਰਨ ਦੇ ਡਰਾਵੇ ਦੇ ਕੇ ਉਨ੍ਹਾਂ ਕੋਲੋਂ ਮੋਟੀ ਰਕਮ ਵਸੂਲਦੇ ਸਨ। ਪੈਸੇ ਦੇ ਲਾਲਚ ’ਚ ਇਹ ਪੁਲਿਸ ਜਵਾਨ ਇੰਨ੍ਹੇ ਅੰਨੇ ਸਨ ਕਿ ਕੁੱਝ ਸਮਾਂ ਪਹਿਲਾਂ ਜ਼ਿਲ੍ਹੇ ਦੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿਖੇ ਇੱਕ ਵਿਅਕਤੀ ਨੂੰ ਚਿੱਟਾ ਵੇਚਣ ਦੇ ਦੋਸ਼ਾਂ ਹੇਠ ਅੰਦਰ ਕਰਨ ਦਾ ਡਰਾਵਾ ਦੇ ਕੇ ਮੰਗੇ 80 ਹਜ਼ਾਰ ਰੂਪੇ ਨਾ ਮਿਲਣ ਕਾਰਨ ਉਸਦੀ ਘਰਵਾਲੀ ਦੇ ਕੰਨਾਂ ਵਿਚ ਪਾਏ ਟਾਪਸਾਂ ਨੂੰ ਹੀ ਉਤਾਰ ਲਿਆਏ ਸਨ। ਮਿਲੀ ਜਾਣਕਾਰੀ ਮੁਤਾਬਕ ਹੌਲਦਾਰ ਲਵਜੀਤ ਸਿੰਘ ਸਾਲ 2010 ਵਿਚ ਪੁਲਿਸ ’ਚ ਭਰਤੀ ਹੋਇਆ ਸੀ ਤੇ ਬਠਿੰਡਾ ਦੀ ਪੁਲਿਸ ਲਾਈਨ ਵਿਚ ਤੈਨਾਤ ਸੀ। ਇਸੇ ਤਰ੍ਹਾਂ ਹੋਮਗਾਰਡ ਜਵਾਨ ਅਰਸਦੀਪ ਸਿੰਘ ਅਪਣੇ ਪਿਊ ਦੀ ਮੌਤ ਦੇ ਕਾਰਨ ਤਰਸ ਦੇ ਆਧਾਰ ’ਤੇ ਅੱਠ ਮਹੀਨੇ ਪਹਿਲਾਂ ਹੀ ਮਹਿਕਮੇ ਵਿਚ ਆਇਆ ਸੀ। ਇਸ ਗਿਰੋਹ ਦਾ ਇੱਕ ਹੋਰ ਮਾਸਟਰਮਾਈਡ ਚਰਨਜੀਤ ਸਿੰਘ ਵਾਸੀ ਕ੍ਰਿਸਨਾ ਕਲੌਨੀ ਦਸਿਆ ਜਾ ਰਿਹਾ ਹੈ, ਜਿਹੜਾ ਅਪਣੇ ਸਾਥੀਆਂ ਨਾਲ ਮੁੱਖ ਤੌਰ ’ਤੇ ਦਿੱਲੀਓ ਅਤੇ ਹੋਰਨਾਂ ਵੱਡੇ ਸ਼ਹਿਰਾਂ ਵਿਚੋਂ ਪੁਰਾਣੀਆਂ ਗੱਡੀਆਂ ਚੋਰੀ ਕਰਨ ਦਾ ਕੰਮ ਕਰਦਾ ਸੀ। ਕਾਰ ਚੋਰੀ ਕਰਨ ਤੋਂ ਬਾਅਦ ਉਹ ਉਸਨੂੰ ਬਠਿੰਡਾ, ਹਿਸਾਰ, ਡੱਬਵਾਲੀ, ਸੰਗਰੀਆ ਅਤੇ ਸਿਰਸਾ ਆਦਿ ਦੇ ਕਬਾੜੀਆਂ ਨੂੰ ਵੇਚ ਦਿੰਦਾ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਫ਼ਿਲਮੀ ਕਹਾਣੀ ਕਬਾੜੀਆਂ ਨੂੰ ਕਾਰ ਵੇਚਣ ਤੋਂ ਬਾਅਦ ਸ਼ੁਰੂ ਹੁੰਦੀ ਸੀ। ਹੌਲਦਾਰ ਲਵਜੀਤ ਸਿੰਘ ਅਤੇ ਹੋਮਗਾਰਡ ਜਵਾਨ ਵਰਦੀ ਵਿਚ ਅਤੇ ਦੋ ਹੋਰ ਨੌਜਵਾਨ ਸਿਵਲ ’ਚ ਸਪੈਸ਼ਲ ਸੈੱਲ ਜਾਂ ਪੁਲਿਸ ਦੀ ਕਿਸੇ ਹੋਰ ਜਾਂਚ ਏਜੰਸੀ ਦੇ ਅਧਿਕਾਰੀ ਬਣ ਜਾਂਦੇ ਸਨ ਤੇ ਕਾਰ ਚੋਰ ਚਰਨਜੀਤ ਸਿੰਘ ਨੂੰ ਹੱਥਕੜੀ ਲਗਾ ਕੇ ਕਬਾੜੀਏ ਕੋਲ ਪੁੱਜ ਜਾਂਦੇ ਸਨ ਤੇ ਉਸਨੂੰ ਚੋਰੀ ਦੀਆਂ ਕਾਰਾਂ ਖ਼ਰੀਦਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰਨ ਦਾ ਡਰਾਵਾ ਦਿੰਦੇ ਸਨ। ਇਸ ਦੌਰਾਨ ਪੈਸਿਆਂ ਦੀ ਗੱਲ ਸ਼ੁਰੂ ਹੁੰਦੀ ਤੇ ਅਖ਼ੀਰ ਵਿਚ ਪੈਸਿਆਂ ਵਿਚ ਹੀ ਨਿਬੜ ਜਾਂਦੀ ਸੀ ਅਤੇ ਅਸਲੀ ਚੋਰ ਤੇ ਪੁਲਿਸ ਨਕਲੀ ਅਫ਼ਸਰਾਂ ਦੇ ਨਾਲ ਵਾਪਸ ਆ ਜਾਂਦੀ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਮੋਹਨਦੀਪ ਸਿੰਘ ਬੰਗੀ ਨੇ ਦਸਿਆ ਕਿ ਹੌਲਦਾਰ ਲਵਜੀਤ ਸਿੰਘ ਵਾਸੀ ਪੂਹਲੀ ਤੇ ਹੋਮਗਾਰਡ ਜਵਾਨ ਅਰਸਦੀਪ ਸਿੰਘ ਵਾਸੀ ਮਾਡਲ ਟਾਊਨ ਕੁਆਟਰ ਸਹਿਤ ਚਰਨਜੀਤ ਸਿੰਘ ਵਾਸੀ ਕ੍ਰਿਸਨਾ ਕਲੌਨੀ, ਗੁਰਜੀਤ ਸਿੰਘ ਵਾਸੀ ਗਣੈਸ਼ਾ ਬਸਤੀ, ਸੁਖਚੈਨ ਸਿੰਘ ਵਾਸੀ ਗਿੱਲਪਤੀ ਅਤੇ ਰਣਬੀਰ ਸਿੰਘ ਵਾਸੀ ਕ੍ਰਿਸਨਾ ਕਲੌਨੀ ਵਿਰੁਧ ਥਾਣਾ ਕੈਨਾਲ ਕਲੌਨੀ ਵਿਚ ਅਧੀਨ ਧਾਰਾ 384, 379 ਬੀ, 416 ਆਈਪੀਸੀ ਤਹਿਤ ਕੇਸ ਦਰਜ਼ ਕਰਕੇ ਇੰਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਛਗਿਛ ਲਈ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈੇ।
Share the post "ਸਪੈਸਲ ਸੈੱਲ ਵਾਲੇ ਬਣਕੇ ਲੋਕਾਂ ਤੋਂ ਪੈਸੇ ਬਟੋਰਨ ਵਾਲੇ ਹੌਲਦਾਰ ਤੇ ਹੋਮਗਾਰਡ ਚੜ੍ਹੇ ਅਸਲੀ ਸੀਆਈਏ ਵਾਲਿਆਂ ਦੇ ਅੜਿੱਕੇ"