ਦੋ ਦਿਨਾਂ ਤੋਂ ਘਰ ਸ਼ਾਂਤ ਹੋ ਕੇ ਬੈਠੇ
ਡੇਰੇ ਦੀ ਸੰਗਤ ਵਲੋਂ ਜੱਸੀ ਦੇ ਹੱਕ ’ਚ ਡਟਣ ਦਾ ਫੈਸਲਾ
ਸੁਖਜਿੰਦਰ ਮਾਨ
ਬਠਿੰਡਾ, 25 ਜਨਵਰੀ: ਡੇਰਾ ਸਿਰਸਾ ਦੇ ਰਿਸ਼ਤੇਦਾਰ ਤੇ ਕਰੀਬ ਚਾਰ ਦਹਾਕਿਆਂ ਤੋਂ ਕਾਂਗਰਸ ਨਾਲ ਜੁੜੇ ਚੱਲੇ ਆ ਰਹੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੂੰ ਪਾਰਟੀ ਵਲੋਂ ਮੁੜ ‘ਅਡਜਸਟ’ ਕਰਨ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਪਾਰਟੀ ਦੇ ਕਿਸੇ ਅਧਿਕਾਰਤ ਆਗੂ ਨੇ ਨਹੀਂ ਕੀਤੀ ਪ੍ਰੰਤੂ ਪਿਛਲੇ ਕਈ ਦਿਨਾਂ ਤੋਂ ਬਾਗੀ ਸੁਰਾਂ ਦਿਖ਼ਾ ਰਹੇ ਜੱਸੀ ਬੀਤੇ ਕੱਲ ਤੋਂ ਸ਼ਾਂਤ ਹੋ ਕੇ ਘਰ ਬੈਠ ਗਏ ਹਨ। ਉਨ੍ਹਾਂ ਸਥਾਨਕ ਸ਼ਹਿਰ ਦੇ ਮਾਡਲ ਟਾਊਨ ਵਿਚ ਸਥਿਤ ਕੋਠੀ ਵਿਚ ਵੀ ਮੁੜ ਰਿਹਾਇਸ਼ ਕਰ ਲਈ ਹੈ। ਜਦੋਂਕਿ ਇਸਤੋਂ ਪਹਿਲਾਂ ਉਹ ਪਿਛਲੇ ਕਰੀਬ ਪੰਜ ਸਾਲਾਂ ਤੋਂ ਅਪਣੇ ਜੱਦੀ ਪਿੰਡ ਜੱਸੀ ਬਾਗ ਵਾਲੀ ਤੋਂ ਹੀ ਸਿਆਸੀ ਗਤੀਵਿਧੀਆਂ ਚਲਾਉਂਦੇ ਆ ਰਹੇ ਸਨ। ਸੂਤਰਾਂ ਮੁਤਾਬਕ ਪਾਰਟੀ ਹਾਈਕਮਾਂਡ ਦੇ ਕੁੱਝ ਆਗੂਆਂ ਵਲੋਂ ਉਨ੍ਹਾਂ ਨੂੰ ਇੰਤਜ਼ਾਰ ਕਰਨ ਲਈ ਕਿਹਾ ਗਿਆ ਹੈ। ਚਰਚਾ ਮੁਤਾਬਕ ਕਾਂਗਰਸ ਪਾਰਟੀ ਮਾਲਵਾ ਪੱਟੀ ’ਚ ਵੱਡਾ ਪ੍ਰਭਾਵ ਰੱਖਣ ਵਾਲੇ ਡੇਰਾ ਸਿਰਸਾ ਦੇ ਸਮਰਥਨ ਨੂੰ ਗਵਾਉਣਾ ਨਹੀਂ ਚਾਹੁੰਦੀ ਹੈ। ਗੌਰਤਲਬ ਹੈ ਕਿ ਤਲਵੰਡੀ ਸਾਬੋ ਹਲਕੇ ਤੋਂ ਅਜਾਦ ਚੋਣ ਲੜਣ ਲਈ ਮਸ਼ਕਾ ਕੱਢ ਰਹੇ ਸ਼੍ਰੀ ਜੱਸੀ ਦੇ ਹੱਕ ਵਿਚ ਡੇਰਾ ਪ੍ਰੇਮੀ ਵੱਡੀ ਗਿਣਤੀ ਵਿਚ ਇਕਜੁਟ ਹੁੰਦੇ ਦਿਖ਼ਾਈ ਦਿੱਤੇ ਹਨ। ਡੇਰੇ ਦੀ ਸਿਆਸੀ ਕਮੇਟੀ ਦੇ ਇੱਕ ਮੈਂਬਰ ਬਲਰਾਜ ਸਿੰਘ ਨੇ ਸਪੱਸ਼ਟ ਤੌਰ ’ਤੇ ਹਰਮਿੰਦਰ ਸਿੰਘ ਜੱਸੀ ਦੀ ਹਿਮਾਇਤ ਦਾ ਐਲਾਨ ਕਰਦਿਆਂ ਦਾਅਵਾ ਕੀਤਾ ਕਿ ‘‘ ਉਹ ਕਿਸੇ ਵੀ ਪਾਰਟੀ ਤੇ ਕਿਸੇ ਵੀ ਹਲਕੇ ਤੋਂ ਚੋਣ ਲੜਣ, ਸਾਧ ਸੰਗਤ ਨੇ ਉਨ੍ਹਾਂ ਦੀ ਹਿਮਾਇਤ ਦਾ ਫੈਸਲਾ ਲਿਆ ਹੈ। ’’ ਇੱਥੇ ਦਸਣਾ ਬਣਦਾ ਹੈ ਕਿ 1992 ਤੇ 1997 ਵਿਚ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਬਣਨ ਵਾਲੇ ਸ਼੍ਰੀ ਜੱਸੀ 2002 ਦੀਆਂ ਚੋਣਾਂ ’ਚ ਇੱਥੋਂ ਅਜਾਦ ਉਮੀਦਵਾਰ ਜੀਤ ਮਹਿੰਦਰ ਸਿੱਧੂ ਹੱਥੋਂ 237 ਵੋਟਾਂ ਦੇ ਨਾਲ ਹਾਰ ਗਏ ਸਨ। ਬਾਅਦ ਵਿਚ ਸਿੱਧੂ ਵੀ ਕਾਂਗਰਸ ਵਿਚ ਸਮੂਲੀਅਤ ਕਰ ਗਏ ਤੇ ਪਾਰਟੀ ਨੇ ਤਲਵੰਡੀ ਸਾਬੋ ਹਲਕਾ ਊਨ੍ਹਾਂ ਨੂੰ ਸੋਂਪ ਦਿੱਤਾ ਤੇ ਜੱਸੀ ਨੂੰ ਬਠਿੰਡਾ ਹਲਕੇ ’ਚ ਭੇਜ ਦਿੱਤਾ ਸੀ। 2007 ਵਿਚ ਉਹ ਬਠਿੰਡਾ ਹਲਕੇ ਤੋਂ ਵਿਧਾਇਕ ਬਣੇ ਪ੍ਰੰਤੂ 2012 ਵਿਚ ਮੁੜ ਹਾਰ ਗਏ। 2014 ’ਚ ਹਲਕਾ ਤਲਵੰਡੀ ਸਾਬੋ ’ਤੇ ਹੋਈ ਉਪ ਚੋਣ ’ਚ ਮੁੜ ਜੱਸੀ ਨੂੰ ਇੱਥੋਂ ਕਾਂਗਰਸ ਛੱਡ ਅਕਾਲੀ ਦਲ ਵਿਚ ਜਾਣ ਵਾਲੇ ਜੀਤ ਮਹਿੰਦਰ ਸਿੱਧੂ ਦੇ ਮੁਕਾਬਲੇ ਚੋਣ ਲੜਾਈ ਗਈ ਪ੍ਰੰਤੂ ਉਹ ਇੱਥੇ ਵੀ ਚੋਣ ਹਾਰ ਗਏ। 2017 ਦੀਆਂ ਚੋਣਾਂ ’ਚ ਪਾਰਟੀ ਨੇ ਉਨ੍ਹਾਂ ਨੂੰ ਮੋੜ ਹਲਕੇ ’ਤੇ ਭੇਜ ਦਿੱਤਾ, ਜਿੱਥੇ ਚੋਣਾਂ ਤੋਂ ਮਹਿਜ਼ ਚਾਰ ਦਿਨ ਪਹਿਲਾਂ ਹੋਏ ਬੰਬ ਧਮਾਕੇ ਕਾਰਨ ਉਨ੍ਹਾਂ ਅਪਣੀ ਚੋਣ ਮੁਹਿੰਮ ਹੀ ਅੱਧ ਵਾਟੇ ਛੱਡਣ ਕਾਰਨ ਵੱਡੇ ਅੰਤਰ ਨਾਲ ਚੋਣ ਹਾਰ ਗਏ ਸਨ। ਕਾਂਗਰਸ ਸਰਕਾਰ ਵਲੋਂ ਮੋੜ ਹਲਕੇ ਦੀ ਜਿੰਮੇਵਾਰੀ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਪਤਨੀ ਨੂੰ ਸੋਂਪਣ ਤੋਂ ਬਾਅਦ ਜੱਸੀ ਨੇ ਮੁੜ ਤਲਵੰਡੀ ਸਾਬੋ ਹਲਕੇ ਵੱਲ ਰੁੱਖ ਕਰ ਲਿਆ ਸੀ, ਜਿੱਥੋਂ ਇਸ ਵਾਰ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਉਮੀਦਵਾਰ ਰਹੇ ਖ਼ੁਸਬਾਜ ਸਿੰਘ ਜਟਾਣਾ ਨੂੰ ਮੁੜ ਟਿਕਟ ਦੇ ਦਿੱਤੀ ਹੈ। ਅਜਿਹੀ ਹਾਲਾਤ ’ਚ ਲਾਵਾਰਿਸ ਛੱਡੇ ਜੱਸੀ ਨੇ ਪਿਛਲੇ ਕਈ ਦਿਨਾਂ ਤੋਂ ਤਲਵੰਡੀ ਸਾਬੋ ਹਲਕੇ ਤੋਂ ਅਜਾਦ ਲੜਣ ਲਈ ਚੋਣ ਮੁਹਿੰਮ ਵਿੱਢੀ ਹੋਈ ਹੈ। ਜੱਸੀ ਦੇ ਨਜਦੀਕੀਆਂ ਮੁਤਾਬਕ ਪਾਰਟੀ ਹਾਈਕਮਾਂਡ ਦੇ ਕੁੱਝ ਆਗੂਆਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਕੁੱਝ ਦਿਨ ਇੰਤਜਾਰ ਕਰਨ ਲਈ ਕਿਹਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਬਠਿੰਡਾ ਸ਼ਹਿਰੀ ਜਾਂ ਤਲਵੰਡੀ ਸਾਬੋ ਹਲਕੇ ਬਾਰੇ ਸੋਚਿਆ ਜਾ ਰਿਹਾ ਹੈ, ਜਿੱਥੋਂ ਕਿ ਪਹਿਲਾਂ ਹੀ ਕ੍ਰਮਵਾਰ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਖ਼ੁਸਬਾਜ ਸਿੰਘ ਜਟਾਣਾ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਦੇ ਤੌਰ ’ਤੇ ਚੋਣ ਮੁਹਿੰਮ ਵਿਚ ਜੁਟੇ ਹੋਏ ਹਨ। ਉਧਰ ਇੰਨਾਂ ਚਰਚਾਵਾਂ ਸਬੰਧੀ ਜਾਣਨ ਲਈ ਹਰਮਿੰਦਰ ਸਿੰਘ ਜੱਸੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ੍ਹਾਂ ਦਾ ਫ਼ੋਨ ਬੰਦ ਆਉਂਦਾ ਰਿਹਾ।
ਸਾਬਕਾ ਮੰਤਰੀ ‘ਜੱਸੀ’ ਨੂੰ ਕਾਂਗਰਸ ਵਲੋਂ ‘ਅਡਜਸਟ’ ਕਰਨ ਦੀਆਂ ਚਰਚਾਵਾਂ!
5 Views