ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ: ਸਿਹਤ ਵਿਭਾਗ ਵਲੋਂ ਜੱਚਾ-ਬੱਚਾ ਹਸਪਤਾਲ ਬਠਿੰਡਾ ਦੇ ਓ.ਪੀ.ਡੀ ਵਿੰਗ ਅਤੇ ਰਿਕਵਰੀ ਵਾਰਡ ਵਿਖੇ ਜੱਚਾ-ਬੱਚਾ ਦੇਖਭਾਲ ਪ੍ਰੋਗਰਾਮ ਤਹਿਤ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।ਇਸ ਮੌਕੇ ਨਵਜੰਮੇ ਬੱਚਿਆਂ ਦੀਆਂ ਮਾਵਾਂ, ਗਰਭਵਤੀ ਮਾਵਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਵੀ ਹਾਜ਼ਰ ਸਨ।ਇਸ ਸਮੇਂ ਕਾਊਂਸਲਰ ਚਰਨਪਾਲ ਕੌਰ ਨੇ ਸਮੂਹ ਹਾਜ਼ਰੀਨ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵਜੰਮੇ ਬੱਚੇ ਨੂੰ ਜਨਮ ਤੋਂ ਬਾਅਦ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ।ਕੋਈ ਗੁੜਤੀ ਆਦਿ ਨਾ ਦਿੱਤੀ ਜਾਵੇ ਪਰ ਬੱਚੇ ਨੂੰ ਪਹਿਲੇ ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਪਿਲਾਇਆ ਜਾਵੇ ਕਿਉਂਕਿ ਬੱਚੇ ਨੂੰ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ। ਮਾਂ ਦਾ ਦੁੱਧ ਬੱਚੇ ਲਈ ਇਕ ਸੰਪੂਰਨ ਪੋਸ਼ਟਿਕ ਅਹਾਰ ਹੈ ਜਿਸ ਵਿਚ ਬੱਚੇ ਦੇ ਸਰੀਰ ਲਈ ਲੋੜੀਂਦੇ ਹਨ ਜੋ ਬੱਚੇ ਨੂੰ ਜਾਨਲੇਵਾ ਬੀਮਾਰੀਆਂ ਤੋਂ ਵੀ ਸੁਰੱਖਿਅਤ ਕਰਦੇ ਹਨ।ਉਨ੍ਹਾਂ ਮਾਵਾਂ ਨੂੰ ਬੱਚੇ ਦੇ ਨਾੜੂਏ ਦੀ ਦੇਖਭਾਲ ਸਬੰਧੀ ਸੁਝਾਅ ਦਿੰਦਿਆਂ ਕਿਹਾ ਕਿ ਇਸ ਉਪਰ ਹਲਦੀ ਜਾਂ ਤੇਲ ਵਗੈਰਾ ਨਾ ਲਗਾਇਆ ਜਾਵੇ ਅਤੇ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।ਜੱਚਾ-ਬੱਚਾ ਸੇਵਾਵਾਂ ਲਈ ਰਜਿਸਟ੍ਰੇਸ਼ਨ ਲਈ 08047093141 ਮਿਸਡ ਕਾਲ ਦਿੱਤੀ ਜਾਵੇ ਅਤੇ ਲੋੜੀਂਦੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ ਅਤੇ ਬੀਸੀਸੀ ਜ਼ਿਲ੍ਹਾ ਕੁਆਰਡੀਨੇਟਰ ਨਰਿੰਦਰ ਕੁਮਾਰ ਨੇ ਸਾਂਝੇ ਰੂਪ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਜੇ.ਐਸ.ਐਸ.ਕੇ ਪ੍ਰੋਗਰਾਮ ਤਹਿਤ ਜੱਚਾ-ਬੱਚਾ ਸੇਵਾਵਾਂ ਬਿਲਕੁਲ ਮੁਫ਼ਤ ਹਨ।ਇਨ੍ਹਾਂ ਸੇਵਾਵਾਂ ਦਾ ਲਾਭ ਉਠਾਉਣ ਲਈ ਜਣੇਪਾ ਸਰਕਾਰੀ ਹਸਪਤਾਲ ਵਿਖੇ ਮਾਹਿਰ ਡਾਕਟਰ ਦੀ ਨਿਗਰਾਨੀ ਹੇਠ ਕਰਵਾਇਆ ਜਾਵੇ।ਔਰਤ ਗਰਭਵਤੀ ਹੋਣ ਉਪਰੰਤ ਨੇੜੇ ਦੇ ਸਿਹਤ ਕੇਂਦਰ ਵਿਖੇ ਆਪਣੀ ਰਜਿਸਟ੍ਰੇਸ਼ਨ ਕਰਵਾਵੇ ਅਤੇ ਏ.ਐਨ.ਐਮ ਤੇ ਆਸ਼ਾ ਵਰਕਰ ਦੀ ਸਲਾਹ ਅਨੁਸਾਰ ਗਰਭ ਅਵਸਥਾ ਸਮੇਂ ਲੋੜੀਂਦੇ ਘੱਟੋ-ਘੱਰ ਚਾਰ ਚੈਕ-ਅੱਪ ਕਰਵਾਏ ਜਾਣ, ਜਿਸ ਵਿਚ ਉਸ ਦੇ ਬੀ.ਪੀ., ਸ਼ੂਗਰ, ਹੀਮੋਗਲੋਬਿਨ, ਭਾਰ ਦੀ ਜਾਂਚ ਤੋਂ ਇਲਾਵਾ ਸਮੇਂ ਸਮੇਂ ’ਤੇ ਲੋੜੀਂਦੇ ਟੈਸਟ ਵੀ ਕੀਤੇ ਜਾਂਦੇ ਹਨ।ਜਣੇਪੇ ਸਮੇਂ ਆਉਣ-ਜਾਣ ਦੀ ਸੁਵਿਧਾ ਤੋਂ ਇਲਾਵਾ ਖਾਣਾ ਵੀ ਮੁਫ਼ਤ ਦਿੱਤਾ ਜਾਂਦਾ ਹੈ।ਇਸ ਮੌਕੇ ਬਲਾਕ ਐਜ਼ੂਕੇਟਰ ਗਗਨਦੀਪ ਭੁੱਲਰ, ਪਵਨਜੀਤ ਕੌਰ, ਇਨਵੈਸਟੀਗੇਟਰ ਨੂਰਾ ਹੈਲਥ ਗਗਨਦੀਪ ਕੌਰ ਅਤੇ ਬਲਦੇਵ ਸਿੰਘ ਹਾਜ਼ਰ ਸਨ।
Share the post "ਸਿਹਤ ਵਿਭਾਗ ਵਲੋਂ ਜੱਚਾ-ਬੱਚਾ ਦੇਖਭਾਲ ਪ੍ਰੋਗਰਾਮ ਤਹਿਤ ਜਾਗਰੂਕਤਾ ਗਤੀਵਿਧੀਆਂ"